ਕੀ ਅਖ਼ਬਾਰ ਨਾਲ ਫੈਲਦਾ ਹੈ ਕੋਰੋਨਾ? ਜਾਣੋ ਇਸ ਬਾਰੇ ਕੀ ਬੋਲੇ ਡਾ. ਹਰਸ਼ਵਰਧਨ

10/18/2020 11:12:28 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਫੈਲਣ ਨੂੰ ਲੈ ਕੇ ਲੋਕਾਂ ਵਲੋਂ ਬਹੁਤ ਸਾਰੀਆਂ ਧਾਰਨਾਵਾਂ ਬਣਾਈਆਂ ਗਈਆਂ ਹਨ। ਬਹੁਤੇ ਲੋਕਾਂ ਦਾ ਕਹਿਣ ਹੈ ਕਿ ਅਖ਼ਬਾਰ ਤੋਂ ਵੀ ਕੋਰੋਨਾ ਵਾਇਰਸ ਫੈਲਣ ਦਾ ਡਰ ਰਹਿੰਦਾ ਹੈ, ਇਸ ਲਈ ਬਹੁਤੇ ਲੋਕਾਂ ਨੇ ਡਰ ਕਾਰਨ ਅਖ਼ਬਾਰ ਬੰਦ ਕਰ ਦਿੱਤੀ। ਹਾਲਾਂਕਿ ਅਜਿਹੇ ਕਈ ਘਰ ਹਨ, ਜਿੱਥੇ ਅਖ਼ਬਾਰ ਦੇ ਬਿਨਾਂ ਦਿਨ ਚੜ੍ਹਿਆ ਹੀ ਨਹੀਂ ਲੱਗਦਾ ਤੇ ਕਈਆਂ ਨੂੰ ਤਾਂ ਚਾਹ ਅਖ਼ਬਾਰ ਦੇ ਬਿਨਾਂ ਫਿੱਕੀ ਜਿਹੀ ਲੱਗਦੀ ਹੈ। 


ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਅਜੇ ਤੱਕ ਅਖ਼ਬਾਰ ਰਾਹੀਂ ਕੋਰੋਨਾ ਵਾਇਰਸ ਫੈਲਣ ਦੀ ਕੋਈ ਪੁਸ਼ਟੀ ਨਹੀਂ ਹੋਈ। ਉਨ੍ਹਾਂ ਭਰੋਸਾ ਦਿਵਾਇਆ ਕਿ ਕੋਰੋਨਾ ਮਹਾਮਾਰੀ ਦੌਰਾਨ ਵੀ ਅਖ਼ਬਾਰ ਪੜ੍ਹਨਾ ਸੁਰੱਖਿਅਤ ਹੈ।

ਇਕ ਵਿਅਕਤੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਸਵੇਰ ਦੀ ਚਾਹ ਅਖ਼ਬਾਰ ਬਿਨਾਂ ਫਿੱਕੀ ਲੱਗਦੀ ਹੈ ਤਾਂ ਤੁਰੰਤ ਹਾਕਰ ਨੂੰ ਬੁਲਾ ਕੇ ਅਖ਼ਬਾਰ ਮੰਗਵਾ ਲਓ। ਕੋਰੋਨਾ ਵਾਇਰਸ ਦਾ ਸੰਕਰਮਣ ਸਾਹ ਦੇ ਮਾਧਿਅਮ ਨਾਲ ਫੈਲਦਾ ਹੈ ਨਾ ਕਿ ਅਖਬਾਰ ਦੇ ਪੜ੍ਹਨ ਨਾਲ। ਉਨ੍ਹਾਂ ਕਿਹਾ ਕਿ ਅਖਬਾਰ ਪੜ੍ਹਨਾ ਸੁਰੱਖਿਅਤ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਤਿਉਹਾਰ ਸ਼ੁਰੂ ਹੋ ਗਏ ਹਨ , ਜੋ ਅਗਲੇ ਸਾਲ ਤੱਕ ਚੱਲਣੇ ਹਨ। ਇਸ ਲਈ ਇਸ ਸਮੇਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਾਜਕ ਦੂਰੀ ਤੇ ਮਾਸਕ ਪਾਉਣ ਵੱਲ ਵਧੇਰੇ ਧਿਆਮ ਦੇਣ ਦੀ ਜ਼ਰੂਰਤ ਹੈ। 

Sanjeev

This news is Content Editor Sanjeev