ਅਮਰੀਕਾ ਦੀਆਂ 5 ਵੱਡੀਆਂ ਕੰਪਨੀਆਂ ਦੇ CEO ਮੋਦੀ ਨੂੰ ਬੋਲੇ- ਭਾਰਤ ’ਚ ਕੰਮ ਕਰਨ ਦੇ ਚਾਹਵਾਨ

09/24/2021 9:35:46 AM

ਵਾਸ਼ਿੰਗਟਨ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ’ਤੇ ਹਨ। ਵੀਰਵਾਰ ਨੂੰ ਉਨ੍ਹਾਂ ਨੇ ਆਪਣੇ ਪ੍ਰੋਗਰਾਮਾਂ ਦਾ ਸ਼ੁਭ-ਆਰੰਭ ਅਮਰੀਕਾ ਦੀਆਂ 5 ਟਾਪ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓ.) ਨਾਲ ਮੁਲਾਕਾਤ ਕਰ ਕੇ ਕੀਤਾ। ਪ੍ਰਧਾਨ ਮੰਤਰੀ ਨੇ ਇਨ੍ਹਾਂ ਸੀ. ਈ. ਓਜ਼ ਨੂੰ ਭਾਰਤ ’ਚ ਉਨ੍ਹਾਂ ਦੇ ਪੇਸ਼ੇ ਲਈ ਸੰਭਾਵਨਾਵਾਂ ਬਾਰੇ ਦੱਸਿਆ ਅਤੇ ਉਨ੍ਹਾਂ ਨਾਲ ਆਪਣੀ ਉਮੀਦਾਂ ਵੀ ਸਾਂਝੀਆਂ ਕੀਤੀਆਂ। ਇਨ੍ਹਾਂ ਸੀ. ਈ. ਓਜ਼ ਨੇ ਮੰਨਿਆ ਕਿ ਭਾਰਤ ’ਚ ਵਧੀਆ ਕੰਮ ਹੋ ਰਿਹਾ ਹੈ ਅਤੇ ਉਹ ਵੀ ਉੱਥੋਂ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੇ ਚਾਹਵਾਨ ਹਨ। ਪ੍ਰਧਾਨ ਮੰਤਰੀ ਨੇ ਸਾਰੇ ਸੀ. ਈ. ਓਜ਼ ਨੂੰ ਵਾਰੀ-ਵਾਰੀ ਪੂਰੇ ਗਹੁ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਾਰਤ ’ਚ ਹਰ ਸੰਭਵ ਸਹੂਲਤ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ: ਅਮਰੀਕਾ 'ਚ ਬੋਲੇ PM ਮੋਦੀ: ਭਾਰਤੀ ਪ੍ਰਵਾਸੀਆਂ ਨੇ ਦੁਨੀਆ ਭਰ ’ਚ ਬਣਾਈ ਆਪਣੀ ਵੱਖਰੀ ਪਛਾਣ

ਭਾਰਤ ’ਚ ਨਿਵੇਸ਼ ਕਰਨਾ ਚਾਹੁੰਦੀ ਹੈ ਐਡੋਬ
ਐਡੋਬ ਦੇ ਚੇਅਰਮੈਨ ਸ਼ਾਂਤਨੂੰ ਨਰਾਇਣ ਨਾਲ ਮੋਦੀ ਦੀ ਮੁਲਾਕਾਤ ’ਚ ਸਿੱਖਿਆ, ਸਿਹਤ ਅਤੇ ਰਿਸਰਚ ਦੇ ਖੇਤਰ ’ਚ ਟੈਕਨਾਲੌਜੀ ਨੂੰ ਉਤਸ਼ਾਹ ਦੇਣ ’ਤੇ ਚਰਚਾ ਹੋਈ। ਇਸ ਤੋਂ ਇਲਾਵਾ ਇਸ ਮੁੱਦੇ ’ਤੇ ਵੀ ਗੱਲ ਹੋਈ ਕਿ ਭਾਰਤ ਦੇ ਨੌਜਵਾਨ ਕਿੰਨੀ ਤੇਜ਼ੀ ਨਾਲ ਸਟਾਰਟਅਪ ਸੈਕਟਰ ਨੂੰ ਮਜ਼ਬੂਤ ਕਰ ਰਹੇ ਹਨ। ਸ਼ਾਂਤਨੂੰ ਨੇ ਭਾਰਤ ’ਚ ਨਿਵੇਸ਼ ਕਰਨ ਦੀ ਇੱਛਾ ਜਾਹਿਰ ਕੀਤੀ। ਐਡੋਬ ਮੁੱਖ ਰੂਪ ਕੰਪਿਊਟਰ ਸਾਫਟਵੇਅਰ ਕੰਪਨੀ ਹੈ। ਇਹ ਮਲਟੀਮੀਡੀਆ ਸਾਫਟਵੇਅਰ ਦਾ ਪ੍ਰੋਡਕਸ਼ਨ ਕਰਦੀ ਹੈ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਦੇ ਉੱਪਰੋਂ ਨਹੀਂ ਉੱਡਿਆ PM ਮੋਦੀ ਦਾ ਜਹਾਜ਼, ਪਾਕਿ ਹਵਾਈ ਮਾਰਗ ਰਾਹੀਂ ਪੁੱਜਾ ਅਮਰੀਕਾ

ਸੋਲਰ ਪਾਵਰ ਉਪਕਰਣ ਬਣਾਉਣਾ ਚਾਹੁੰਦੀ ਹੈ ਫਰਸਟ ਸੋਲਰ
ਫਰਸਟ ਸੋਲਰ ਕੰਪਨੀ ਦੇ ਸੀ. ਈ. ਓ. ਮਾਰਕ ਵਿਡਮਾਰ ਨਾਲ ਮੁਲਾਕਾਤ ’ਚ ਮੋਦੀ ਨੇ ਵਿਡਮਾਰ ਨੂੰ ਭਾਰਤ ’ਚ ਰਿਨਿਊਏਬਲ ਐਨਰਜੀ ਦੇ ਖੇਤਰ ’ਚ ਹੋ ਰਹੇ ਕੰਮ ਬਾਰੇ ਦੱਸਿਆ। ਵਿਡਮਾਰ ਨੇ ਸੋਲਰ ਪਾਵਰ ਉਪਕਰਣਾਂ ਦੀ ਮੈਨੂਫੈਕਚਰਿੰਗ ਨੂੰ ਲੈ ਕੇ ਆਪਣੀ ਯੋਜਨਾ ਬਾਰੇ ਦੱਸਿਆ। ਇਹ ਕੰਪਨੀ ਸੋਲਰ ਪੈਨਲ ਨਿਰਮਾਣ ਕਰਨ ਤੋਂ ਇਲਾਵਾ ਪੀ. ਵੀ. ਪਾਵਰ ਪਲਾਂਟਸ ਨਾਲ ਜੁਡ਼ੀਆਂ ਸੇਵਾਵਾਂ ਦਿੰਦੀ ਹੈ।

ਕਵਾਲਕਾਮ ਦੀ 5-ਜੀ ਅਤੇ ਸੈਮੀ ਕੰਡਕਟਰ ’ਚ ਰੁਚੀ
ਮੋਦੀ ਨੇ ਕਵਾਲਕਾਮ ਦੇ ਸੀ. ਈ. ਓ. ਕ੍ਰਿਸਟਿਆਨੋ ਆਰ. ਅਮੋਨ ਨਾਲ ਮੁਲਾਕਾਤ ਕੀਤੀ। ਮੋਦੀ ਨੇ ਕਰਿਸਟਿਆਨੋ ਨੂੰ ਭਾਰਤ ’ਚ ਮਿਲਣ ਵਾਲੇ ਮੌਕਿਆਂ ਬਾਰੇ ਦੱਸਿਆ। ਕਵਾਲਕਾਮ ਦੇ ਸੀ. ਈ. ਓ. ਨੇ ਭਾਰਤ ਦੇ 5-ਜੀ ਸੈਕਟਰ ਸਮੇਤ ਕਈ ਖੇਤਰਾਂ ’ਚ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੇ ਨਾਲ ਮਿਲ ਕੇ ਸੈਮੀ ਕੰਡਕਟਰ ਬਣਾਉਣ ਦੀ ਇੱਛਾ ਵੀ ਜਾਹਿਰ ਕੀਤੀ।

ਇਹ ਵੀ ਪੜ੍ਹੋ:  PM ਮੋਦੀ ਦੇ ਏਅਰ ਇੰਡੀਆ ਵਨ ਜਹਾਜ਼ ਦਾ ਕਮਾਲ, ਦਹਾਕਿਆਂ ਪੁਰਾਣੀ ਪਰੰਪਰਾ ਤੋੜ ਸਿੱਧਾ US ਹੋਇਆ ਲੈਂਡ

ਭਾਰਤ ’ਚ 5 ਸਾਲ ’ਚ 40 ਬਿਲੀਅਨ ਡਾਲਰ ਨਿਵੇਸ਼ ਕਰੇਗਾ ਬਲੈਕਸਟੋਨ ਗਰੁੱਪ
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ’ਚ ਬਲੈਕਸਟੋਨ ਗਰੁੱਪ ਦੇ ਸੀ. ਈ. ਓ. ਸਟੀਫਨ ਏ. ਸ਼ਵਾਰਜਮੈਨ ਨੇ ਕਿਹਾ ਕਿ ਉਨ੍ਹਾਂ ਦਾ ਗਰੁੱਪ ਭਾਰਤ ’ਚ ਹੁਣ ਤੱਕ 60 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰ ਚੁੱਕਿਆ ਹੈ ਤੇ ਆਉਣ ਵਾਲੇ 5 ਸਾਲਾਂ ’ਚ ਸਮੂਹ 40 ਬਿਲੀਅਨ ਡਾਲਰ ਦਾ ਹੋਰ ਨਿਵੇਸ਼ ਕਰਮ ਵਾਲਾ ਹੈ।

ਡਰੋਨ ਟੈਕਨਾਲੌਜੀ ’ਚ ਭਾਰਤ ਨਾਲ ਹੱਥ ਮਿਲਾਉਣ ਲਈ ਕਿਹਾ
ਜਨਰਲ ਐਟਾਮਿਕ ਕੰਪਨੀ ਦੇ ਸੀ. ਈ. ਓ. ਵਿਵੇਕ ਲਾਲ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਗਲੋਬਲ ਕਾਰਪੋਰੇਸ਼ਨ ਅਤੇ ਭਾਰਤ ’ਚ ਡਿਫੈਂਸ ਪ੍ਰੋਡਕਸ਼ਨ ਨੂੰ ਅੱਗੇ ਵਧਾਉਣ ਨੂੰ ਲੈ ਕੇ ਚਰਚਾ ਹੋਈ। ਮੋਦੀ ਨੇ ਵਿਵੇਕ ਲਾਲ ਨਾਲ ਡਰੋਨ ਟੈਕਨਾਲੌਜੀ ’ਤੇ ਮਿਲਕੇ ਕੰਮ ਕਰਨ ਨੂੰ ਲੈ ਕੇ ਵੀ ਗੱਲ ਕੀਤੀ। ਇਹ ਐਟਾਮਿਕ ਰਿਸਰਚ ਅਤੇ ਡਿਵੈੱਲਪਮੈਂਟ ’ਤੇ ਫੋਕਸ ਕਰਨ ਵਾਲੀ ਅਮਰੀਕਨ ਡਿਫੈਂਸ ਅਤੇ ਐਨਰਜੀ ਕੰਪਨੀ ਹੈ।

ਇਹ ਵੀ ਪੜ੍ਹੋ: ਕੈਨੇਡਾ ਚੋਣਾਂ ’ਚ ਪੰਜਾਬੀਆਂ ਦੀ ਧਾਕ, ਟਰੂਡੋ ਲਈ ਮੁੜ ‘ਕਿੰਗਮੇਕਰ’ ਦੀ ਭੂਮਿਕਾ ਨਿਭਾਉਣਗੇ ਜਗਮੀਤ ਸਿੰਘ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry