ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

11/29/2020 2:38:32 PM

(ਕਿਸ਼ਤ ਚੁਰੰਝਵੀਂ)

“ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ॥”

ਜੱਜਾਂ ਆਖਿਆ, ਉਹ ਮੁਹੱਬਤ ਦੇ ਖ਼ਜ਼ਾਨੇ, ਮੁਹੱਬਤ ਦੇ ਸੌਦਾਗਰ, ਖ਼ੁਦਾਪ੍ਰਸਤ ਬੰਦੇ, ਜ਼ਮੀਨਾਂ-ਜਾਇਦਾਦਾਂ ਤੋਂ ਵਧੀਕ, ਤੁਹਾਨੂੰ ਮੁਹੱਬਤ ਕਰਦੇ ਸਨ। ਪਰ ਤੁਸਾਂ ਮਾਦਾਪ੍ਰਸਤਾਂ, ਲਾਲਸਾਵਾਨਾਂ ਨੇ ਹੁਣ ਜ਼ਮੀਨਾਂ ਨਾਲ ਪਿਆਰ ਪਾ ਲਏ ਹਨ। ਉਨ੍ਹਾਂ ਦਰੇਵਸ਼ਾਂ ਵੱਲ ਪਿੱਠ ਕਰਕੇ ਖਲ੍ਹੋ ਗਏ ਹੋ। ਇਹ ਜ਼ਮੀਨ ਕਿਤੇ ਨਹੀਂ ਭੱਜ ਚੱਲੀ। ਇਹ ਤੁਹਾਡੇ ਕੋਲ ਹੀ ਰਹੇਗੀ। ਮੁਕੱਦਮਾ ਨਾ ਕਰਦੇ ਤਾਂ ਠੀਕ ਹੁੰਦਾ।

ਸਾਰੇ ਜਣੇ ਸਿਰ ਝੁਕਾਈ ਜੱਜਾਂ ਦੀ ਫ਼ਿਟਕਾਰ ਸੁਣਦੇ ਰਹੇ। ਉਪਰੰਤ ਕੁੱਝ ਨੇ ਸਾਰਿਆਂ ਵੱਲੋਂ ਸ਼ਰਮਿੰਦਗੀ ਜ਼ਾਹਰ ਕਰਦਿਆਂ ਆਖਿਆ, ਜੱਜ ਸਾਹਿਬਾਨ ! ਤੁਸੀਂ ਦਰੁਸਤ ਫ਼ਰਮਾਉਂਦੇ ਹੋ। ਇਹ ਜ਼ਮੀਨ ਤਾਂ ਮੁੱਦਤਾਂ ਤੋਂ ਸਾਡੇ ਈ ਕਬਜ਼ੇ ਹੇਠ ਹੈ, ਪਰ ਮਸਲਾ ਇਹ ਹੈ ਕਿ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਸਾਡਾ ਨਾਮ ਨਹੀਂ ਬੋਲਦਾ।

ਜੱਜਾਂ ਕਿਹਾ, ਭਾਈ ਸੱਜਣੋ ! ਸਾਡੀ ਇੱਕ ਗੱਲ ਹਮੇਸ਼ਾਂ ਯਾਦ ਰੱਖਿਓ। ਇਸ ਫ਼ਾਨੀ ਸੰਸਾਰ ਅੰਦਰ, ਤੁਹਾਡੇ ਅਤੇ ਸਾਡੇ ਜਿਹੇ ਹਉਮੈਂ, ਲਾਲਸਾ ਅਤੇ ਭੁਲੇਖਿਆਂ ਦੇ ਮਾਰੇ ਅਦਨੇ ਬੰਦਿਆਂ ਦਾ ਨਾਂ, ਨਾ ਕਦੇ ਅਤੀਤ ਵਿੱਚ ਰਿਹਾ ਹੈ, ਨਾ ਵਰਤਮਾਨ ਵਿੱਚ ਹੈ ਅਤੇ ਨਾ ਹੀ ਭਵਿੱਖ ਵਿੱਚ ਰਹਿਣਾ ਹੈ। ਇਸ ਧਰਤੀ ’ਤੇ, ਇਸ ਜਹਾਨ ’ਤੇ ਨਾ ਤਾਂ ਕੇਵਲ ਓਸ ਅੱਲਾਹ ਪਰਵਰਦਗਾਰ ਅਤੇ ਉਸਦੀ ਬੰਦਗੀ ਕਰਨ ਵਾਲੇ ਦਰਵੇਸ਼ਾਂ ਦਾ ਹੀ ਰਿਹਾ ਅਤੇ ਰਹੇਗਾ। ਸੋ ਤੁਸੀਂ ਐਵੇਂ ਆਪਣੇ ਨਾਵਾਂ ਮਗਰ ਨਾ ਭੱਜੋ। ਆਪਣੇ ਵੱਡੇ-ਵਡੇਰਿਆਂ ਦੀ ਕੀਤੀ-ਕੱਤਰੀ ਖੂਹ ਵਿੱਚ ਨਾ ਪਾਵੋ। ਉਨ੍ਹਾਂ ਦੇ ਨਾਂ ਨੂੰ, ਵੱਡੀ-ਵਡਿਆਈ ਨੂੰ, ਰੋਲੋ ਨਾ। ਵੱਟਾ ਨਾ ਲਾਓ। ਸਾਡੀ ਤੁਹਾਨੂੰ ਇਹੋ ਗੁਜਾਰਿਸ਼ ਹੈ, ਇਹੋ ਸਲਾਹ ਹੈ ਕਿ ਮੁਕੱਦਮਾ ਵਾਪਸ ਲੈ ਲਵੋ।

ਨਿੰਮੋਝੂਣੇ ਹੋਏ ਮੁਹਤਬਰਾਂ ਅਰਜ਼ ਗੁਜ਼ਾਰੀ, ਜੀ ! ਬਾਹਰ ਸਾਡਾ ਭਾਈਚਾਰਾ ਖਲੋਤਾ ਹੈ। ਜੇ ਆਗਿਆ ਹੋਵੇ ਤਾਂ ਉਸ ਨਾਲ ਸਲਾਹ ਕਰ ਲਈਏ। ਜੱਜਾਂ ਆਖਿਆ, ਜੰਮ-ਜੰਮ ਕਰੋ। ਹੁਣ ਸਾਢੇ ਗਿਆਰ੍ਹਾਂ ਵੱਜੇ ਹਨ। ਲੌਢੇ ਵੇਲੇ, ਚਾਰ ਵਜੇ ਤੱਕ ਸਲਾਹ ਕਰ ਲਵੋ। ਜੇਕਰ ਤੁਸਾਂ ਉਦੋਂ ਤੱਕ ਮੁਕੱਦਮਾ ਵਾਪਸ ਨਾ ਲਿਆ ਤਾਂ ਫਿਰ ਅਸੀਂ ਫ਼ੈਸਲਾ ਸੁਣਾ ਦਿਆਂਗੇ। ਅਦਾਲਤ ਤੋਂ ਬਾਹਰ, ਤੁਹਾਨੂੰ ਇਹ ਅਸੀਂ ਇੱਕ ਸਲਾਹ ਦਿੱਤੀ ਹੈ। ਇਸ ਨੂੰ ਮੰਨਣ ਦੇ, ਤੁਸੀਂ ਪਾਬੰਦ ਨਹੀਂ ਹੋ।

ਅੱਠ ਦੇ ਅੱਠ ਜਣਿਆਂ ਨੇ ਬਾਹਰ ਆ ਕੇ, ਸਾਰੀ ਹੋਈ-ਬੀਤੀ, ਆਪਣੇ ਭਾਈਚਾਰੇ ਨਾਲ ਸਾਂਝੀ ਕੀਤੀ। ਸੋਚਾਂ-ਵਿਚਾਰਾਂ ਹੋਈਆਂ। ਦਿਮਾਗ ਰਿੜਕੇ। ਦਿਮਾਗ ਅਤੇ ਦਿੱਲ ਦਰਮਿਆਨ ਉਲਝਿਆਂ ਹੋਇਆਂ ਨੇ, ਅਖ਼ੀਰ ਇੱਕ ਨਿਬੇੜਾ ਕੀਤਾ, ਨਿਤਾਰਾ ਕੀਤਾ ਕਿ ਸਾਡੇ ਕੋਲ ਹੁਣ ਕੇਵਲ ਦੋ ਹੀ ਰਾਹ ਹਨ ਅਤੇ ਇਨ੍ਹਾਂ ਦੋਹਾਂ ਵਿੱਚੋਂ ਸਾਨੂੰ ਇੱਕ ਦੀ ਚੋਣ ਕਰਨੀ ਪੈਣੀ ਹੈ-ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਅਪੀਲ ਵਾਪਸ ਲੈਣੀ ਹੈ ਜਾਂ ਮੁਕੱਦਮਾ ਹਾਰਨ ਦਾ ਫ਼ੈਸਲਾ ਸੁਣਨਾ ਹੈ, ਅੱਕ ਚੱਬਣਾ ਹੈ।

ਜੱਜਾਂ ਦੀ ਦਾਨਾਈ, ਦਾਨਿਸ਼ਮੰਦੀ, ਸਾਫ਼ਗੋਈ, ਉਨ੍ਹਾਂ ਦੀਆਂ ਗੱਲਾਂ, ਸਲਾਹਾਂ ਅਤੇ ਰਵੱਈਏ ਤੋਂ, ਸਾਰਿਆਂ ਨੂੰ ਅੰਦਰੋ-ਅੰਦਰੀ ਸੁੱਝ ਗਈ ਸੀ ਕਿ ਕੇਸ ਜਿੱਤਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਸਾਰਿਆਂ ਧੁਰ ਅੰਦਰਲੇ ਹਿਰਦੇ (ਜ਼ਮੀਰ) ਦੀ ਆਵਾਜ਼ ਸੁਣਦਿਆਂ ਅਰਥਾਤ ਜੱਜਾਂ ਦੀ ਸਹੀ ਅਤੇ ਨੇਕ ਸਲਾਹ ’ਤੇ ਕੰਨ ਧਰਦਿਆਂ, ਸਰਬ-ਸੰਮਤੀ ਨਾਲ ਫ਼ੈਸਲਾ ਕੀਤਾ ਕਿ ਜੋ ਹੋਇਆ, ਸੋ ਹੋਇਆ। ਹੁਣ ਅਪੀਲ ਵਾਪਸ ਲੈ ਕੇ, ਆਪਣੀ ਰਹਿੰਦੀ-ਖੂੰਹਦੀ ਇੱਜ਼ਤ-ਆਬਰੂ ਬਚਾਈ ਜਾਵੇ। ਮੱਥੇ ’ਤੇ ਲੱਗਾ ਕਲੰਕ, ਧੋਤਾ ਜਾਵੇ। ਹੋਇਆ ਗੁਨਾਹ, ਬਖ਼ਸ਼ਾਇਆ ਜਾਵੇ।

ਵਕੀਲਾਂ ਕੋਲ ਜਾ ਕੇ, ਹੱਥੋ-ਹੱਥੀ ਸਾਰੇ ਲੋੜੀਂਦੇ ਕਾਗਜ਼-ਪੱਤਰ ਤਿਆਰ ਕਰਵਾਏ ਗਏ। ਉਪਰੰਤ ਚਾਰ ਵੱਜਣ (ਜੱਜਾਂ ਦੁਆਰਾ ਫ਼ੈਸਲਾ ਸੁਣਾਉਣ ਦੇ ਨਿਸ਼ਚਿਤ ਟਾਈਮ) ਤੋਂ ਕੁੱਝ ਸਮਾਂ ਪਹਿਲਾਂ, ਸੰਬੰਧਿਤ ਸਾਰੇ ਜਣੇ ਵਕੀਲਾਂ ਸਹਿਤ, ਅਦਾਲਤ ਵਿੱਚ ਜਾ ਹਾਜ਼ਰ ਹੋਏ ਅਤੇ ਅਪੀਲ ਵਾਪਸ ਲੈ ਲਈ। ਇਵੇਂ ਰਾਇ ਬੁਲਾਰ ਖ਼ਾਨ ਸਾਹਿਬ ਦੇ ਮੌਜੂਦਾ ਵਾਰਸਾਂ ਦਾ ਦੀਨ ਵੀ ਬਚ ਗਿਆ ਅਤੇ ਦੁਨੀਆ ਵੀ। ਬੇਸ਼ਕੀਮਤੀ ਲੋਕ-ਕਥਨ ਹੈ ਕਿ ਪੁੱਤਰ, ਕਪੁੱਤਰ ਹੋ ਜਾਂਦੇ ਹਨ ਪਰ ਮਾਪੇ, ਕੁਮਾਪੇ ਨਹੀਂ ਹੁੰਦੇ। ਨਾਲਾਇਕ ਔਲਾਦ ਦੀਆਂ ਗ਼ਲਤੀਆਂ ਅਤੇ ਨਾਲਾਇਕੀਆਂ, ਰਹਿਮਦਿਲ ਮਾਪੇ ਅਕਸਰ ਬਖ਼ਸ਼ ਦਿਆ ਕਰਦੇ ਹਨ।

ਕੁਤਾਹੀ, ਗੁਨਾਹ, ਬੇਅਦਬੀ ਅਤੇ ਕਲੰਕ ਤੋਂ ਸੁਰਖ਼ਰੂ ਹੋਏ ਭੱਟੀਆਂ ਨੂੰ ਸੁੱਖ ਦਾ ਸਾਹ ਆਇਆ। ਡੂੰਘੇ ਸਾਹ ਲੈਂਦਿਆਂ ਸ਼ਿੱਦਤੀ ਅਹਿਸਾਸ ਹੋਇਆ; ਸਾਡੇ ਵੱਡੇ-ਵਡੇਰਿਆਂ, ਪੀਰ ਬਾਬਾ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਪਿਆਰੇ ਮੁਰੀਦ ਰਾਇ ਬੁਲਾਰ ਸਾਹਿਬ ਨੇ, ਸਾਡੇ ਭੁੱਲੜਾਂ ਉੱਪਰ, ਅੱਜ ਬੜੀ ਮਿਹਰ ਕੀਤੀ ਹੈ। ਤਾਂ ਹੀ ਤਾਂ ਇਨ੍ਹਾਂ ਬੇਹੱਦ ਬੇਬਾਕ, ਸੂਝਵਾਨ ਅਤੇ ਨਿਆਂਸ਼ੀਲ ਜੱਜਾਂ ਨੂੰ ਜ਼ਰੀਆ ਬਣਾ ਕੇ, ਸਾਨੂੰ ਕੁਰਾਹੇ ਪੈਣੋਂ ਵਰਜਿਆ ਹੈ; ਸਦਾ ਲਈ ਕਲੰਕਿਤ ਹੋਣੋਂ ਬਚਾਇਆ ਹੈ। ਇਵੇਂ ਸਾਡੀ ਇੱਜ਼ਤ ਵੀ ਬਚ ਗਈ ਹੈ ਅਤੇ ਇਨ੍ਹਾਂ ਦਾਨਿਸ਼ਮੰਦ ਜੱਜਾਂ ਦੀ ਸ਼ਾਨ ਅਤੇ ਵਡਿਆਈ ਵਿੱਚ ਵੀ ਢੇਰ ਵਾਧਾ ਹੋਇਆ ਹੈ।

ਉਪਰੋਕਤ ਸਾਰਾ ਬੇਹੱਦ ਦਿਲਚਸਪ ਅਤੇ ਦਿਲ-ਟੁੰਬਵਾਂ ਬਿਰਤਾਂਤ, ਦੋ ਬੜੇ ਕੀਮਤੀ, ਭਾਵਪੂਰਤ ਅਤੇ ਅਰਥ-ਭਰਪੂਰ ਨਿਤਾਰੇ, ਉਭਾਰ ਕੇ ਸਾਡੇ ਸਨਮੁੱਖ ਲਿਆਉਂਦਾ ਹੈ। ਪਹਿਲਾ ਇਹ ਕਿ ਹਉਮੈਂ ਦੀ ਮੌਤ, ਤਿਆਗ ਦੀ ਭਾਵਨਾ ਅਤੇ ਦੇਣ ਦੀ ਤਾਕਤ, ਇੱਕ ਮਨੁੱਖ/ਮੁਰੀਦ ਨੂੰ, ਰਾਇ ਬੁਲਾਰ ਸਾਹਿਬ ਵਾਂਗ, ਵੱਡਿਆਂ ਕਰਦੀ ਹੈ, ਉੱਚਿਆਂ ਚੁੱਕਦੀ ਹੈ। ਉਸਨੂੰ ਆਪਣੇ ਪੀਰ, ਆਪਣੇ ਰੱਬ ਦੀ ਨਜ਼ਰ ਵਿੱਚ, ਪ੍ਰਵਾਨ ਚੜ੍ਹਾਉਂਦੀ ਹੈ। ਸਚਿਆਰ ਬਣਾਉਂਦੀ ਹੈ। ਦੋ-ਧਾਰੇ ਖੰਡੇ ਵਾਂਗ, ਇਸ ਚਾਨਣੇ ਪੱਖ ਦੇ ਸਮਵਿੱਥ ਹਨੇਰੇ ਵਾਲਾ ਪਾਸਾ ਇਹ ਹੈ ਕਿ ਹਉਮੈਂ, ਮਲਕੀਅਤ ਦੀ ਭਾਵਨਾ ਅਤੇ ਲਾਲਸਾ ਦੀ ਮਾਰ ਜਾਂ ਪਕੜ ਮਨੁੱਖ ਨੂੰ, ਰਾਇ ਬੁਲਾਰ ਸਾਹਿਬ ਦੇ ਕੁੱਝ ਇੱਕ ਉਪਰੋਕਤ ਵੰਨਗੀ ਦੇ ਮੌਜੂਦਾ ਵਾਰਸਾਂ (ਜਿਨ੍ਹਾਂ ਭੱਟੀ ਸਰਦਾਰਾਂ ਨੇ ਮੁਕੱਦਮੇ ਕੀਤੇ) ਵਾਂਗ, ਨਾ ਕੇਵਲ ਨੀਵਿਆਂ ਹੀ ਸੁੱਟਦੀ ਹੈ, ਸਗੋਂ ਉਨ੍ਹਾਂ ਲਈ ਵੱਡੀ ਨਾਮੋਸ਼ੀ ਅਤੇ ਸ਼ਰਮਿੰਦਗੀ ਦਾ ਮਾਹੌਲ ਪੈਦਾ ਕਰਨ ਦਾ, ਸਬੱਬ ਵੀ ਬਣਦੀ ਹੈ।

ਦੂਜਾ ਇਹ ਕਿ ਮੌਜੂਦਾ ਸਮੇਂ ਵਿੱਚ, ਭਾਰਤੀ ਪੰਜਾਬ ਵਾਂਗ, ਪਾਕਿਸਤਾਨੀ ਪੰਜਾਬ ਵਿੱਚ ਵੀ ਉੱਥੋਂ ਦੇ ਨਿਆਂ-ਪ੍ਰਬੰਧ ਅੰਦਰ ਨੈਤਿਕਤਾ/ਗੁਣਵੱਤਾ ਘੱਟ ਅਤੇ ਭੈੜੀਆਂ ਕਾਰੋਬਾਰੀ ਅਲਾਮਤਾਂ/ਗਿਣਤੀਆਂ-ਮਿਣਤੀਆਂ ਵੱਧ ਭਾਰੂ ਹਨ। ਅਦਾਲਤੀ-ਤੰਤਰ ਨਾਲ ਬਾਵਸਤਾ ਸਾਰੀਆਂ ਧਿਰਾਂ (ਮੁਨਸ਼ੀ, ਵਕੀਲ, ਜੱਜ ਆਦਿ), ਅਸਲੀ ਅਰਥਾਂ ਵਿੱਚ ਆਪਣੀ ਜ਼ਿੰਮੇਵਾਰੀ ਅਤੇ ਫ਼ਰਜ਼ (ਮਿਸਾਲੀ ਆਦਰਸ਼ਕ ਭੂਮਿਕਾ) ਨਿਭਾਉਣ ਦੀ ਥਾਂ, ਜ਼ਿਆਦਾਤਰ ਆਪੋ-ਆਪਣੇ ਕਾਰੋਬਾਰ ਚਲਦੇ ਰੱਖਣ, ਚਮਕਾਉਣ, ਵੱਧ ਤੋਂ ਵੱਧ ਪੈਸੇ ਕਮਾਉਣ (ਨਿਆਂ ਹਾਸਲ ਕਰਨ ਆਇਆਂ ਦੇ ਕੱਪੜੇ ਲਾਹੁਣ) ਵਾਲੇ ਬੇਹੱਦ ਅਸਿਰਜਣਾਤਮਕ ਕਿਸਮ ਦੇ ਚਾਲੂ ਰੁਝਾਨ ਦੇ, ਪੈਰ ਵਿੱਚ ਪੈਰ ਹੀ ਧਰ ਰਹੇ ਹਨ। ਅਰਥਾਤ ਵਗਦੀ ਗੰਗਾ ਵਿੱਚ ਹੱਥ ਧੋ ਰਹੇ ਹਨ।

ਪਾਕਿਸਤਾਨੀ ਸੁਪਰੀਮ ਕੋਰਟ ਦੇ ਉਪਰੋਕਤ ਤਿੰਨ ਬਹੁਤ ਪਿਆਰੇ ਦਾਨੇ, ਦਾਨਿਸ਼ਮੰਦ, ਨੇਕਦਿੱਲ, ਦਲੇਰ, ਬੇਬਾਕ ਅਤੇ ਰੌਸ਼ਨ-ਦਿਮਾਗ ਜੱਜਾਂ ਜਿਹੇ ਵਿਰਲੇ ਹੀ ਹਨ, ਜੋ ਲਗਭਗ ਗਰਕ ਜਾਂ ਨਾਕਸ ਹੋ ਚੁੱਕੇ ਨਿਆਂ-ਪ੍ਰਬੰਧ ਦੀਆਂ ਜਗਤ ਵਿਖਾਵੇ ਵਾਲੀਆਂ ਚਾਲੂ ਰੀਤਾਂ ਅਤੇ ਜਕੜਾਂ ਤੋਂ ਬਾਹਰ ਆ ਕੇ, ਆਪਣੇ ਲੋਕਾਂ ਨੂੰ ਨੇਕੀ ਦੇ ਰਾਹ ਤੋਰਨ, ਸਹੀ ਸਲਾਹ ਦੇਣ ਅਤੇ ਇਨਸਾਫ਼ ਕਰਨ ਦਾ ਵੱਡਾ ਸਦਾਚਾਰਕ ਤਾਣ ਅਤੇ ਜਜ਼ਬਾ ਰੱਖਦੇ ਹਨ। ਵਿਖਾਵੇ ਦੇ ਕੰਮ ਕਰਨ ਵਾਲੇ ਔਸਤ ਅਤੇ ਔਸਤ ਤੋਂ ਵੀ ਹੇਠਾਂ ਵਿਚਰਦੇ ਅਦਨੇ ਮਨੁੱਖਾਂ ਦੇ ਵਿਸ਼ਾਲ ਹਜ਼ੂਮ ਵਿੱਚ, ਮਨੁੱਖੀ ਸਮਾਜ ਲਈ ਆਦਰਸ਼ ਅਤੇ ਰਾਹ-ਦਸੇਰਾ (ਰੋਲ ਮਾਡਲ) ਬਣੇ, ਅਜਿਹੇ ਗਿਣਤੀ ਵਿੱਚ ਬਹੁਤ ਘੱਟ ਪਾਏ ਜਾਂਦੇ ਅਨੋਖੇ ਸ਼ਖ਼ਸਾਂ (“ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ॥”) ਨੂੰ, ਨਿਰਸੰਦੇਹ ਸਿਜਦਾ ਅਤੇ ਸਲਾਮ ਕਰਨਾ ਬਣਦਾ ਹੈ।
                   
                 ਚਲਦਾ...........
                                                                                                                                                                                                                                                              
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ: 99143-01328, Email: jsdeumgc@gmail.com

rajwinder kaur

This news is Content Editor rajwinder kaur