ਸਿੱਖਾਂ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਹੈ ਸ੍ਰੀ ਅਕਾਲ ਤਖ਼ਤ ਸਾਹਿਬ

06/02/2021 12:56:14 PM

ਅੰਮ੍ਰਿਤਸਰ 'ਚ ਸਿੱਖਾਂ ਦੇ ਪ੍ਰਮੁੱਖ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਸੁਸ਼ੋਭਿਤ ਹੈ।  ਸਿੱਖ ਪੰਥ ਵਿੱਚ ਚਾਰ ਹੋਰ ਤਖ਼ਤ ਸਾਹਿਬਾਨ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਿਤ ਹਨ। ਭਾਵੇਂ ਕਿ ਸਾਰੇ ਤਖ਼ਤ ਸਿੱਖ ਪੰਥ 'ਚ ਸਤਿਕਾਰਯੋਗ ਹਨ ਪਰ ਇਤਿਹਾਸਕ ਪੱਖ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਪੁਰਾਤਨ ਹੈ ਤੇ ਇਸਨੂੰ ਖ਼ਾਸ ਰੁਤਬਾ ਹਾਸਲ ਹੈ।  ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਹੁਕਮਨਾਮਾ ਜਾਰੀ ਹੁੰਦਾ ਹੈ ਉਹ ਦੁਨੀਆਂ 'ਚ ਵਸਦੇ ਸਾਰੇ ਸਿੱਖਾਂ 'ਤੇ ਲਾਗੂ ਹੁੰਦਾ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਪਹਿਲਾ ਤਖ਼ਤ ਹੈ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 1606 ਈ. 'ਚ ਇਸਦੀ ਸਿਰਜਨਾ ਕੀਤੀ। ਪਹਿਲਾਂ ਇਸਦਾ ਨਾਮ ਅਕਾਲ ਬੁੰਗਾ ਸੀ ਜੋ ਬਾਅਦ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ । ‘ਅਕਾਲ ਤਖ਼ਤ’ ਸਾਹਿਬ ਦੋ ਸ਼ਬਦਾਂ ਦਾ ਸੁਮੇਲ ਹੈ। ‘ਅਕਾਲ’ ਭਾਵ ਪਰਮਾਤਮਾ ਜਿਸ 'ਤੇ ਕਾਲ ਭਾਵ ਸਮੇਂ ਦਾ ਅਸਰ ਨਹੀਂ । ‘ਤਖ਼ਤ’ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸ਼ਾਹੀ ਤਖ਼ਤ ਜਾਂ ਰਾਜ ਸਿੰਘਾਸਨ।  ਇਸ ਤਰ੍ਹਾਂ ਅਕਾਲ ਤਖ਼ਤ ਦਾ ਭਾਵ, ਉਹ ਤਖ਼ਤ ਜੋ ਸਦਾ ਕਾਇਮ ਰਹਿਣ ਵਾਲਾ ਹੈ। ਦੂਜੇ ਸ਼ਬਦਾਂ 'ਚ ‘ਤਖ਼ਤ’ ਸ਼ਬਦ ਦਾ ਅਰਥ ਬੈਠਣ ਦੀ ਚੌਂਕੀ ਜਾਂ ਰਾਜ ਸਿੰਘਾਸਨ ਹੈ, ਜਿੱਥੇ ਬੈਠਕੇ ਰਾਜਾ ਆਪਣੇ ਰਾਜ ਦੇ ਕੰਮ ਕਰਦਾ ਹੈ । ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਿਰਜਤ ਸ੍ਰੀ ਅਕਾਲ ਤਖ਼ਤ ਦੀ ਉਸਾਰੀ ਦਾ ਕਾਰਜ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਸੇ ਤਖ਼ਤ ਤੋਂ ਦੋ ਤਲਵਾਰਾਂ ਮੀਰੀ ਤੇ ਪੀਰੀ ਧਾਰਨ ਕੀਤੀਆਂ ਤੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਜਾਰੀ ਕੀਤਾ। ਇੱਥੋਂ ਹੀ ਸਿੱਖਾਂ ਨੂੰ ਚੰਗੇ ਸ਼ਸਤਰ , ਘੋੜੇ ਤੇ ਆਪਣੀਆਂ ਜੁਆਨੀਆਂ ਭੇਟ ਕਰਨ ਦਾ ਹੁਕਮ ਜਾਰੀ ਹੋਇਆ । 

ਇਹ ਵੀ ਪੜ੍ਹੋ: ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ 'ਚ ਉਸਰਿਆ ਗੁਰਦੁਆਰਾ ਤੰਬੂ ਸਾਹਿਬ ਪਾਕਿਸਤਾਨ

ਗੁਰੂ ਹਰਿਗੋਬਿੰਦ ਸਾਹਿਬ ਦੇ ਕੀਰਤਪੁਰ ਸਾਹਿਬ ਜਾਣ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਅਤੇ ਉਨ੍ਹਾਂ ਦੇ ਪੋਤੇ ਹਰਿ ਜੀ ਕੋਲ 55 ਸਾਲ ਤੱਕ ਰਿਹਾ। ਖਾਲਸੇ ਦੇ ਪ੍ਰਗਟ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਭੇਜਿਆ।

ਇਹ ਵੀ ਪੜ੍ਹੋ: ਗੁਰਦੁਆਰਾ ਪੱਟੀ ਸਾਹਿਬ, ਪਾਕਿ : ਜਿੱਥੇ ਗੁਰੂ ਨਾਨਕ ਦੇਵ ਜੀ ਪਾਂਧੇ ਕੋਲ ਪੜ੍ਹਨ ਜਾਇਆ ਕਰਦੇ ਸਨ

ਬਾਬਾ ਬੰਦਾ ਸਿੰਘ ਬਹਾਦਰ ਵੇਲੇ ਸਿੱਖ ਇੱਥੋਂ ਪ੍ਰੇਰਣਾ ਲੈਂਦੇ ਰਹੇ। ਸਿੱਖ ਆਪਸੀ ਵੈਰ ਭੁਲਾ ਕੇ ਖ਼ਾਸ ਕਰਕੇ ਦੀਵਾਲੀ ਤੇ ਵਿਸਾਖੀ ਮੌਕੇ ਅਕਾਲ ਤਖ਼ਤ ਸਾਹਿਬ 'ਤੇ ਇਕੱਠੇ ਹੁੰਦੇ ਰਹੇ। ਇੱਥੇ ਹੀ ਸਿੱਖ ਪੰਥ ਨੇ ਸਰਬੱਤ ਖਾਲਸੇ ਦੇ ਇਕੱਠ ਕਰਕੇ ਕਈ ਅਹਿਮ ਫ਼ੈਸਲੇ ਲਏ । ਸਮੇਂ-ਸਮੇਂ ਦੇ ਹਾਕਮਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਕਈ ਵਾਰ ਢਹਿ-ਢੇਰੀ ਕਰ ਦਿੱਤੀ ਗਈ ਜਿਸ ਕਾਰਨ ਇਸਨੂੰ ਮੁੜ ਉਸਾਰਿਆ ਗਿਆ। ਇਸ ਦੀ ਪਵਿੱਤਰਤਾ ਕਾਇਮ ਰੱਖਣ ਲਈ ਬਹੁਤ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੇਸਰੀ ਪਰਚਮ ਝੂਲਦੇ ਹਨ

Harnek Seechewal

This news is Content Editor Harnek Seechewal