ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ’ਚ ਉਸਾਰਿਆ ਗੁਰਦੁਆਰਾ ਕਿਆਰਾ ਸਾਹਿਬ ਪਾਕਿਸਤਾਨ

06/06/2021 5:35:13 PM

ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਜਨਮ ਅਸਥਾਨ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਕਿਆਰਾ ਸਾਹਿਬ ਸਥਿਤ ਹੈ। ਇਹ ਅਸਥਾਨ ਗੁਰੂ ਨਾਨਕ ਦੇਵ ਜੀ ਵੱਲੋਂ ਇੱਥੇ ਮੱਝਾਂ ਚਰਾਉਣ ਦੀ ਯਾਦ ’ਚ ਉਸਾਰਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਮੱਝਾਂ ਚਰਾਉਂਣ ਆਏ ਤਾਂ ਇੱਕ ਰੁੱਖ ਦੀ ਛਾਂ ਹੇਠ ਬੈਠ ਗਏ। ਆਪ ਜੀ ਦੀ ਸੁਰਤ ਰੱਬੀ ਰੰਗ ਵਿੱਚ ਜੁੜ ਗਈ ਤੇ ਮੱਝਾਂ ਕਿਸਾਨ ਦੇ ਖੇਤ ਵਿੱਚ ਜਾ ਵੜੀਆਂ। ਮੱਝਾਂ ਦੁਆਰਾ ਖੇਤਾਂ ਦਾ ਉਜਾੜਾ ਵੇਖ ਕੇ ਕਿਸਾਨ ਬਹੁਤ ਕ੍ਰੋਧ ’ਚ ਆਇਆ ਤੇ ਗੁਰੂ ਨਾਨਕ ਸਾਹਿਬ ਦੀ ਰਾਇ ਬੁਲਾਰ ਕੋਲ ਸ਼ਿਕਾਇਤ ਕਰ ਦਿੱਤੀ। ਰਾਇ ਬੁਲਾਰ ਨੇ ਜਦੋਂ ਪੜਤਾਲ ਕਰਵਾਈ ਤਾਂ ਕਿਸਾਨ ਦੇ ਖੇਤ ਹਰੇ ਭਰੇ ਸਨ ,ਜਿਸ ਨੂੰ ਵੇਖ ਕੇ ਸਾਰੇ ਬਹੁਤ ਹੈਰਾਨ ਹੋਏ।

ਇਹ ਗੁਰਦੁਆਰਾ ਉਸ ਖੇਤ ਵਿੱਚ ਬਣਿਆ ਹੋਇਆ ਹੈ, ਜਿਸ ਥਾਂ ਗੁਰੂ ਨਾਨਕ ਸਾਹਿਬ ਦੀਆਂ ਮੱਝਾਂ ਨੇ ਚਰਾਈਆਂ ਸਨ। ਗੁਰਦੁਆਰਾ ਕਿਆਰਾ ਸਾਹਿਬ ਦੀ ਯਾਦਗਾਰੀ ਇਮਾਰਤ ਦੇ ਬਿਲਕੁਲ ਨਾਲ ਚਾਰਦੀਵਾਰੀ ਕਰਕੇ ਵਿਸ਼ਾਲ ਸਰੋਵਰ ਦੀ ਉਸਾਰੀ ਕੀਤੀ ਗਈ ਹੈ। ਇਹ ਸਰੋਵਰ ਪੁਰਾਤਨ ਤੇ ਪੂਰੀ ਤਰ੍ਹਾਂ ਸੁੱਕਾ ਹੋਇਆ ਹੈ । 1947ਦੀ ਵੰਡ ਦੇ ਸੰਤਾਪ ਕਾਰਨ ਇਹ ਗੁਰਧਾਮ ਵੀ ਸਿੱਖਾਂ ਤੋਂ ਵਿਛੜ ਗਿਆ ਸੀ। ਸਿੱਖਾਂ ਦੇ ਮਨ ’ਚ ਇਸ ਗੁਰਧਾਮ ਦੇ ਦਰਸ਼ਨਾਂ ਦੀ ਹਮੇਸ਼ਾ ਤਾਂਘ ਬਣੀ ਰਹਿੰਦੀ ਹੈ। ਗੁਰਦੁਆਰਾ ਕਿਆਰਾ ਸਾਹਿਬ ਵਿਖੇ ਦੂਰ-ਦੁਰਾਡੇ ਤੋਂ ਪਹੁੰਚੀ ਸੰਗਤ ਇਸ ਯਾਦਗਾਰੀ ਇਮਾਰਤ ਦੇ ਦਰਸ਼ਨ ਬੜੀ ਸ਼ਰਧਾ ਨਾਲ ਕਰਦੀ ਹੈ।

Shyna

This news is Content Editor Shyna