ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਰਨ ਛੋਹ ਅਸਥਾਨ ਗੁਰਦੁਆਰਾ ਮੋਤੀ ਬਾਗ ਸਾਹਿਬ, ਦਿੱਲੀ

05/22/2021 5:26:06 PM

ਦਿੱਲੀ ਵਿੱਚ ਸਥਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਰਨ ਛੋਹ ਅਸਥਾਨ ਹੈ। ਪਹਿਲਾਂ ਇੱਥੇ ਮੋਚੀ ਬਾਗ ਬਸਤੀ ਸੀ ਜਿਸ ਦਾ ਨਾਂ ਬਦਲ ਕੇ ਮੋਤੀ ਬਾਗ ਰੱਖਿਆ ਗਿਆ। ਗੁਰੂ ਗੋਬਿੰਦ ਸਿੰਘ ਜੀ 1707 ਈ. ਚ ਜਦੋਂ ਦਿੱਲੀ ਪਹੁੰਚੇ ਤਾਂ ਆਪਣੀਆਂ ਫ਼ੌਜਾਂ ਸਮੇਤ ਇਸ ਪਵਿੱਤਰ ਅਸਥਾਨ 'ਤੇ ਠਹਿਰੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ 'ਤੇ ਆਏ ਸਨ ਤਾਂ ਆਪ ਨੇ ਆਪਣੇ ਆਉਣ ਦੀ ਸੂਚਨਾ ਦੇਣ ਲਈ ਇੱਥੋਂ ਅੱਠ ਮੀਲ ਦੀ ਦੂਰੀ 'ਤੇ ਲਾਲ ਕਿਲ੍ਹੇ ਵਿੱਚ ਬੈਠੇ ਬਾਦਸ਼ਾਹ ਬਹਾਦਰ ਸ਼ਾਹ ਦੇ ਪਲੰਘ ਦੇ ਪਾਵੇ ਵਿੱਚ ਤੀਰ ਮਾਰਿਆ ਸੀ। ਤੀਰ ਦੇ ਸਿਰੇ 'ਤੇ ਸੋਨਾ ਲੱਗਾ ਵੇਖ ਕੇ ਬਹਾਦਰ ਸ਼ਾਹ ਪਛਾਣ ਗਿਆ ਸੀ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਦਾ ਹੈ। ਬਹਾਦਰ ਸ਼ਾਹ ਸੋਚ ਹੀ ਰਿਹਾ ਸੀ ਕਿ ਇੰਨੀ ਦੂਰੀ ਤੋਂ ਤੀਰ ਦਾ ਨਿਸ਼ਾਨੇ 'ਤੇ ਮਾਰਨਾ ਕਰਾਮਾਤੀ ਤਾਕਤ ਹੈ ਇੰਨੇਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦੂਜੇ ਪਾਵੇ ਤੇ ਇੱਕ ਹੋਰ ਤੀਰ ਮਾਰ ਦਿੱਤਾ ਤੇ ਤੀਰ ਨਾਲ ਭੇਜੀ ਚਿੱਠੀ ਤੇ ਲਿਖਿਆ ਸੀ ਕਿ ਇਹ ਕਰਾਮਾਤ ਨਹੀਂ ਸੂਰਬੀਰਾਂ ਦਾ ਕਰਤੱਬ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਠਹਿਰਨ ਦੀ ਯਾਦ ਵਜੋਂ ਇਹ ਗੁਰ ਅਸਥਾਨ ਮੋਤੀ ਬਾਗ ਸਾਹਿਬ ਸਥਾਪਿਤ ਕੀਤਾ ਗਿਆ। ਇੱਥੇ ਪਹਿਲਾਂ ਗੁਰਦੁਆਰਾ ਸਾਹਿਬ ਸਰਦਾਰ ਬਘੇਲ ਸਿਘ ਕਰੋੜ ਸਿੰਘੀਆ ਨੇ ਬਣਾਇਆ ਸੀ। ਇਸ ਦੀ ਪੁਰਾਣੀ ਦੋ ਮੰਜ਼ਿਲੀ ਇਮਾਰਤ ਅਜੇ ਵੀ ਮੌਜੂਦ ਹੈ ਤੇ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਮਾਰਿਆ ਸੀ ਉਸ ਥਾਂ 'ਤੇ ਯਾਦਗਾਰ ਵਜੋਂ ਤੀਰ ਅਸਥਾਨ ਬਣਾਇਆ ਹੋਇਆ ਹੈ।

ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ 1980 ਵਿੱਚ ਬਣਾਈ ਗਈ ਸੀ। ਗੁਰਦੁਆਰਾ ਸਾਹਿਬ ਦੀ ਨਵੀਂ ਤੇ ਸੁੰਦਰ ਇਮਾਰਤ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੇ ਰੋਜ਼ਾਨਾ ਗੁਰਬਾਣੀ ਕੀਰਤਨ ਹੁੰਦਾ ਹੈ, ਸੰਗਤ ਜਿੱਥੇ ਪਿਆਰ ਨਾਲ ਮੱਥਾ ਟੇਕਣ ਪੁੱਜਦੀ ਹੈ ਉੱਥੇ ਗੁਰਬਾਣੀ ਕੀਰਤਨ ਸੁਣ ਕੇ ਆਤਮਿਕ ਆਨੰਦ ਵੀ ਮਾਣਦੀ ਹੈ। ਇਸ ਗੁਰਅਸਥਾਨ 'ਤੇ ਸੰਗਤ ਦੀ ਟਹਿਲ ਸੇਵਾ ਲਈ ਲੰਗਰ ਪਾਣੀ ਦਾ ਖ਼ਾਸ ਪ੍ਰਬੰਧ ਹੈ। ਸ਼ਰਧਾਲੂ ਬੜੀ ਭਾਵਨਾ ਨਾਲ ਜੋੜੇ ਘਰ ਤੇ ਲੰਗਰ ਹਾਲ 'ਚ ਸੇਵਾ ਨਿਭਾਉਂਦੇ ਹਨ। ਦੂਰ ਦੁਰਾਡੇ ਤੋਂ ਆਈ ਸੰਗਤ ਦੇ ਰਾਤ ਦੇ ਠਹਿਰਾਉ ਲਈ ਇੱਥੇ ਸਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਅਸਥਾਨ ਦੀ ਸੇਵਾ ਸੰਭਾਲ ਦਿੱਲੀ ਸਿੱਖ ਗੁਰਦੁਆਰਾ ਮਨੈਜਮੈਂਟ ਕਮੇਟੀ ਵੱਲੋਂ ਕੀਤੀ ਜਾਂਦੀ ਹੈ। 
 

Harnek Seechewal

This news is Content Editor Harnek Seechewal