PFRDA ਨੇ ਪੈਨਸ਼ਨ ਵੰਡ ਕੇਂਦਰਾਂ ਲਈ ਕੀਤੇ ਨਵੇਂ ਨਿਯਮ ਨੋਟੀਫਾਈ

07/16/2018 4:00:08 PM

ਨਵੀਂ ਦਿੱਲੀ - ਪੈਨਸ਼ਨ ਫੰਡ ਰੈਗੂਲੇਟਰੀ ਪੀ. ਐੱਫ. ਆਰ. ਡੀ. ਏ. ਨੇ ਪੈਨਸ਼ਨ ਉਤਪਾਦਾਂ ਦੀ ਵੰਡ ਵਿਵਸਥਾ ਮਜ਼ਬੂਤ ਬਣਾਉਣ ਲਈ ਵਿਕਰੀ ਕੇਂਦਰ (ਪੁਆਇੰਟ ਆਫ ਪ੍ਰੈਜ਼ੈਂਸ-ਪੀ. ਓ. ਪੀ.) ਨਾਲ ਜੁੜੇ ਨਵੇਂ ਨਿਯਮ ਨੋਟੀਫਾਈ ਕੀਤੇ ਹਨ। ਇਸ ਦਾ ਮਕਸਦ ਬੁਢਾਪਾ ਪੈਨਸ਼ਨ ਯੋਜਨਾ ਨੂੰ ਲੋਕਪ੍ਰਿਯ ਬਣਾਉਣਾ ਹੈ। ਨਵੇਂ ਨਿਯਮ ਮਾਰਚ, 2015 ਦੇ ਪੀ. ਓ. ਪੀ. ਨਿਯਮ ਦਾ ਸਥਾਨ ਲੈਣਗੇ। 
ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਪੁਆਇੰਟ ਆਫ ਪ੍ਰੈਜ਼ੈਂਸ) ਕਾਨੂੰਨ, 2018 'ਚ ਰੈਗੂਲੇਟਰੀ ਨੇ ਕਿਹਾ ਕਿ ਇਸ ਦਾ ਮਕਸਦ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਅਤੇ ਹੋਰ ਯੋਜਨਾਵਾਂ ਲਈ ਇਕ ਸੁਤੰਤਰ, ਮਜ਼ਬੂਤ ਅਤੇ ਅਸਰਦਾਰ ਵੰਡ ਚੈਨਲ ਨੂੰ ਉਤਸ਼ਾਹਿਤ ਕਰਨਾ ਹੈ। ਨਵੇਂ ਨਿਯਮ ਇਹ ਯਕੀਨੀ ਕਰਨ 'ਤੇ ਜ਼ੋਰ ਦਿੰਦੇ ਹਨ ਕਿ ਬੁਢਾਪਾ ਆਮਦਨ ਸੁਰੱਖਿਆ ਨੂੰ ਲੈ ਕੇ ਪੀ. ਓ. ਪੀ. ਦੀਆਂ ਬਾਜ਼ਾਰ ਗਤੀਵਿਧੀਆਂ ਅੰਸ਼ਧਾਰਕਾਂ ਦੇ ਹਿੱਤਾਂ ਦੀ ਰੱਖਿਆ ਦੇ ਲਿਹਾਜ਼ ਨਾਲ ਨਿਰਪੱਖ, ਕੁਸ਼ਲ ਅਤੇ ਪਾਰਦਰਸ਼ੀ ਹੋਣ। ਪੀ. ਓ. ਪੀ. ਅੰਸ਼ਧਾਰਕਾਂ ਲਈ ਪੈਨਸ਼ਨ ਯੋਜਨਾਵਾਂ ਨਾਲ ਜੁੜੇ ਮਾਮਲਿਆਂ ਨੂੰ ਵੇਖਣਗੇ ਤੇ ਯੋਜਨਾ ਨਾਲ ਸਬੰਧਿਤ ਉਨ੍ਹਾਂ ਦੇ ਸਵਾਲਾਂ ਦਾ ਹੱਲ ਕਰਨਗੇ।