ਸਿਆਸੀ ਸਫ਼ਰ ਦੀ ਸਫ਼ਲ ਪਾਰੀ ਟੇਢੀ ਖੀਰ! ਕਦੇ ਮੋਹਾਲੀ ਵਿਚਲੇ ਆਗੂਆਂ ਦੇ ਦੁਆਰ ਲੱਗਦੇ ਰਹੇ ‘ਜਨਤਾ ਦਰਬਾਰ’

01/30/2023 5:00:27 PM

ਮੋਹਾਲੀ (ਪਰਦੀਪ) : ਰਾਜਨੀਤੀ ਦਾ ਖੇਤਰ ਭਾਵੇਂ ਕੁਝ ਸਮੇਂ ਲਈ ਬੇਹੱਦ ਪ੍ਰਭਾਵਿਤ ਅਤੇ ਚੰਗਾ ਮਾਨਣ ਲਈ ਹਰ ਨੇਤਾ ਤਿਆਰ-ਬਰ-ਤਿਆਰ ਰਹਿੰਦਾ ਹੈ ਅਤੇ ਸਿਆਸਤ ਦੇ ਖੇਤਰ ਵਿਚ ਉੱਤਰੇ ਵਿਅਕਤੀ ਵਿਸ਼ੇਸ਼ ਦੇ ਪਰਿਵਾਰਕ ਮੈਂਬਰ ਅਤੇ ਦੋਸਤਾਂ ਦੀ ਚੌਕੜੀ ਉਸ ਆਗੂ ਦੀ ਆੜ ’ਚ ਅੱਗੇ ਵਧਣ ਲਈ ਅਕਸਰ ਹੱਥ-ਪੈਰ ਮਾਰਦੀ ਵੇਖੀ ਜਾ ਸਕਦੀ ਹੈ ਪਰ ਇਸ ਖੇਤਰ ਵਿਚ ਲੰਮਾ ਸਮਾਂ ਗੱਡੀ ਲੀਹ ’ਤੇ ਰਹੇ, ਅਜਿਹਾ ਹੋਣਾ ਜ਼ਿਆਦਾਤਰ ਆਗੂਆਂ ਦੇ ਹਿੱਸੇ ਨਹੀਂ ਆਉਂਦਾ।

ਇਹ ਵੀ ਪੜ੍ਹੋ : ਅਧਿਆਪਕਾਂ ਲਈ ਸਿਰਦਰਦੀ ਬਣੀਆਂ ਵਿਭਾਗ ਵੱਲੋਂ ਜਾਰੀ ਹਿਦਾਇਤਾਂ, ਪੱਲਿਓਂ ਖ਼ਰਚਣੇ ਪੈ ਰਹੇ ਪੈਸੇ

ਵਕਤ ਬਹੁਤ ਬਲਵਾਨ ਹੁੰਦਾ ਹੈ, ਇਹ ਹਰ ਕੋਈ ਜਾਣਦਾ ਹੈ। ਮੋਹਾਲੀ ਜ਼ਿਲ੍ਹੇ ਵਿਚ ਵੀ ਕਈ ਵੱਡੇ ਨੇਤਾ ਬੜੀ ਤੇਜ਼ੀ ਨਾਲ ਪੰਜਾਬ ਭਰ ਦੇ ਪਹਿਲੀ ਕਤਾਰ ਦੇ ਨੇਤਾ ਵਜੋਂ ਉਭਰੇ । ਆਪਣੇ ਪਰਿਵਾਰਕ ਮੈਂਬਰਾਂ ਨੂੰ ਆਗੂਆਂ ਵਲੋਂ ਅਗਾਂਹ ਵਧਾਉਣ ਦੀ ਲਾਲਸਾ ਵੀ ਆਮ ਮਨੁੱਖੀ ਸੁਭਾਅ ਵਾਂਗ ਹੀ ਹੈ। ਪੈਰ-ਪੈਰ ’ਤੇ ਸਮਝੌਤਾਵਾਦੀ ਹੋਣਾ ਅਤੇ ਸਮੇਂ ਦੀ ਨਜ਼ਾਕਤ ਨੂੰ ਸਮਝ ਕੇ ਪੈਰ ਅੱਗੇ ਵਧਾਉਣਾ ਜਾਂ ਦੋ ਕਦਮ ਪਿੱਛੇ ਹਟ ਕੇ ਅਗਲਾ ਫ਼ੈਸਲਾ ਕਰਨਾ ਤੇ ਸਬਰ ਸੰਤੋਖ ਦੀ ਭਾਵਨਾ ਨੂੰ ਵੀ ਨਾਲ ਹੀ ਬਰਕਰਾਰ ਰੱਖਣਾ ਅਤੇ ਇਸ ਸਭ ਦੇ ਨਾਲ ਹੀ ਬ੍ਰੇਕਫਾਸਟ ਰਣਨੀਤੀ, ਡਿਨਰ ਡਿਪਲੋਮੇਸੀ ਦੇ ਸਮੇਂ ਤੋਂ ਤੁਰੰਤ ਬਾਅਦ ਫ਼ੈਸਲਾਕੁੰਨ ਫ਼ੈਸਲਾ ਕਰਨਾ ਬਹੁਤ ਵਾਰੀ ਕੰਡਿਆਂ ਦਾ ਤਾਜ ਵੀ ਹੋ ਨਿੱਬੜਦਾ ਹੈ ਪਰ ਇਸ ਤਾਜ ਦੀ ਸਮਾਜਿਕ ਖੁਸ਼ਬੂ ਲੈਣ ਲਈ ਨੇਤਾ ਹਮੇਸ਼ਾ ਤਿਆਰ ਰਹਿੰਦੇ ਹਨ।

ਕੈਪਟਨ ਕੰਵਲਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਨ ਅਤੇ ਮੋਹਾਲੀ ਜ਼ਿਲ੍ਹੇ ਵਿਚ ਹਲਕਾ ਡੇਰਾਬੱਸੀ ਤੋਂ ਵਿਧਾਇਕ ਰਹੇ, ਜੋ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਚ 1988 ਵਿਚ ਮੰਤਰੀ ਰਹੇ ਅਤੇ ਬਾਅਦ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਿਚ 1997 ਵਿਚ ਵਿੱਤ ਮੰਤਰੀ ਰਹੇ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਲਈ ਤਿਆਰ ਹੋਣ ਲੱਗਾ ਖਾਕਾ, ਨਵੇਂ ਚਿਹਰਿਆਂ 'ਤੇ ਦਾਅ ਖੇਡਣ ਦੇ ਮੂਡ 'ਚ ਸਿਆਸੀ ਧਿਰਾਂ

ਮੋਹਾਲੀ ਜ਼ਿਲ੍ਹੇ ਦੇ ਹਲਕਾ ਖਰੜ ਤੋਂ ਵਿਧਾਇਕ ਰਹੇ ਸੀਨੀਅਰ ਕਾਂਗਰਸੀ ਨੇਤਾ ਹਰਨੇਕ ਸਿੰਘ ਘੜੂੰਆਂ ਕਾਂਗਰਸ ਦੀ ਅਗਵਾਈ ਵਾਲੀ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਸਰਕਾਰ ਵਿਚ ਮੰਤਰੀ ਰਹੇ। ਧੜੱਲੇਦਾਰ ਨੇਤਾ ਵਜੋਂ ਜਾਣੇ ਜਾਂਦੇ ਕਿਰਨਬੀਰ ਸਿੰਘ ਕੰਗ ਦੇ 1997 ਵਿਚ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਤੋਂ ਬਾਅਦ ਬਾਦਲ ਪਰਿਵਾਰ ਨਾਲ ਨਜ਼ਦੀਕੀ ਸਬੰਧ ਰਹੇ ਅਤੇ ਉਹ ਸੁਖਬੀਰ ਸਿੰਘ ਬਾਦਲ ਦੀ ਕਿਚਨ ਕੈਬਨਿਟ ਦੇ ਮੈਂਬਰ ਵਜੋਂ ਜਾਣੇ ਜਾਂਦੇ ਸਨ।

ਕਾਂਗਰਸੀ ਨੇਤਾ ਵਜੋਂ ਜਾਣੇ ਜਾਂਦੇ ਅਤੇ ਮੌਜੂਦਾ ਦੌਰ ਵਿਚ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਬੀਬੀ ਲਖਵਿੰਦਰ ਕੌਰ ਗਰਚਾ 2002 ਤੋਂ 2007 ਤਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਅਫ਼ਸਰ ਆਨ ਸਪੈਸ਼ਲ ਡਿਊਟੀ (ਓ. ਐੱਸ. ਡੀ.) ਵਜੋਂ ਕਾਰਜਸ਼ੀਲ ਰਹਿੰਦਿਆਂ ਮੰਤਰੀ ਦੇ ਬਰਾਬਰ ਦਾ ਰੁਤਬਾ ਰੱਖਦੇ ਸਨ। ਕਾਂਗਰਸੀ ਨੇਤਾ ਰਹੇ ਬੀਰਦਵਿੰਦਰ ਸਿੰਘ ਖਰੜ ਹਲਕੇ ਤੋਂ 2002 ਵਿਚ ਵਿਧਾਇਕ ਰਹੇ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਵਰ੍ਹਿਆਂ ਤਕ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰਕ ਮੈਂਬਰ ਵਜੋਂ ਜਾਣੇ ਜਾਂਦੇ ਬਚਿੱਤਰ ਸਿੰਘ ਪਡਿਆਲਾ ਦੀ ਧਰਮ ਪਤਨੀ ਦਲਜੀਤ ਕੌਰ 2002 ਵਿਚ ਵਿਧਾਇਕ ਰਹੇ। ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਐੱਨ. ਕੇ. ਸ਼ਰਮਾ ਵਿਧਾਇਕ ਤੋਂ ਇਲਾਵਾ 2007 ਵਿਚ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਬਣੇ। 2007 ਵਿਚ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਐਨ ਮੌਕੇ ’ਤੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜੇ ਅਤੇ ਹਲਕਾ ਇੰਚਾਰਜ ਮੋਹਾਲੀ ਵਜੋਂ ਮੋਹਾਲੀ ਸਥਿਤ ਆਪਣੇ ਗ੍ਰਹਿ ਵਿਖੇ ਜਨਤਾ ਦਰਬਾਰ ਲਾਉਂਦੇ ਵੇਖੇ ਗਏ ਅਤੇ ਬਾਅਦ ਵਿਚ ਉਨ੍ਹਾਂ ਆਪਣੀ ਧੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਚੇਅਰਪਰਸਨ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਬਣਾਇਆ।

ਇਹ ਵੀ ਪੜ੍ਹੋ-  ਹਰਿਆਣਾ ਸਰਕਾਰ ਵੱਲੋਂ ਡੇਰਾ ਮੁਖੀ ਰਾਮ ਰਹੀਮ ਦੀ ਸਜ਼ਾ ਮੁਆਫ਼,ਪੜ੍ਹੋ ਪੂਰਾ ਵੇਰਵਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵਜੋਂ ਕਾਰਜਸ਼ੀਲ ਰਹੇ ਅਤੇ ਫੇਜ਼-2 ਵਿਖੇ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਜਨਤਾ ਦਰਬਾਰ ਲੱਗਦਾ ਰਿਹਾ। ਹਲਕਾ ਡੇਰਾਬੱਸੀ ਤੋਂ ਦੀਪਇੰਦਰ ਸਿੰਘ ਢਿੱਲੋਂ ਕਾਂਗਰਸ ਦੇ ਨੇਤਾ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਲੋਕ ਸਭਾ ਚੋਣ ਵੀ ਲੜੀ। ਢਿੱਲੋਂ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।

ਕੁਲਵੰਤ ਸਿੰਘ ਮੇਅਰ ਤੋਂ ਬਾਅਦ ਬਣੇ ਮੋਹਾਲੀ ਦੇ ਵਿਧਾਇਕ

ਮੌਜੂਦਾ ਦੌਰ ਵਿਚ ਮੋਹਾਲੀ ਤੋਂ ਕੁਲਵੰਤ ਸਿੰਘ, ਖਰੜ ਤੋਂ ਅਨਮੋਲ ਗਗਨ ਮਾਨ ਅਤੇ ਡੇਰਾਬੱਸੀ ਹਲਕੇ ਤੋਂ ਕੁਲਜੀਤ ਸਿੰਘ ਰੰਧਾਵਾ ‘ਆਪ’ ਦੇ ਉਮੀਦਵਾਰ ਵਜੋਂ ਚੋਣ ਜਿੱਤ ਕੇ ਪ੍ਰਮੁੱਖ ਸਿਪਹਸਾਲਾਰ ਬਣੇ ਹੋਏ ਹਨ ਅਤੇ ਅਨਮੋਲ ਗਗਨ ਮਾਨ ਪੰਜਾਬ ਦੀ ਵਜ਼ਾਰਤ ਵਿਚ ਕੈਬਨਿਟ ਮੰਤਰੀ ਵਜੋਂ ਕਾਰਜਸ਼ੀਲ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਇਹ ਤਿੰਨੇ ਵਿਧਾਇਕ ਆਪੋ-ਆਪਣੇ ਹਲਕਿਆਂ ਵਿਚ ਕਿੰਨਾ ਕੰਮ ਕਰਨਗੇ ਅਤੇ ਲੋਕਾਂ ਦੇ ਮਸਲਿਆਂ ਨੂੰ ਸਮਾਂ ਰਹਿੰਦਿਆਂ ਹੱਲ ਕਰਵਾਉਣਗੇ , ਇਸ ’ਤੇ ਹੀ ਤਿੰਨ ਵਿਧਾਇਕਾਂ ਦੀ ਆਗਾਮੀ ਸਿਆਸੀ ਸਫ਼ਰ ਦੀ ਬਿਸਾਤ ਸਫ਼ਲਤਾਪੂਰਵਕ ਵਿਛ ਸਕੇਗੀ।

Harnek Seechewal

This news is Content Editor Harnek Seechewal