ਜਗਮੀਤ ਬਰਾੜ ਨੇ ਅਨੁਸ਼ਾਸਨੀ ਕਮੇਟੀ ਨੂੰ ਲਿਖਿਆ ਪੱਤਰ, ਆਖੀਆਂ ਇਹ ਗੱਲਾਂ

12/10/2022 8:20:11 PM

ਚੰਡੀਗੜ੍ਹ (ਬਿਊਰੋ) : ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ। ਬਰਾੜ ਅੱਜ ਅਨੁਸ਼ਾਸਨੀ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਅਨੁਸ਼ਾਸਨੀ ਕਮੇਟੀ ਨੂੰ ਇਕ ਪੱਤਰ ਲਿਖਿਆ। ਉਨ੍ਹਾਂ ਕਿਹਾ ਕਿ ਮੈਂ ਤੁਹਾਡਾ ਰਿਣੀ ਹਾਂ ਕਿ ਤੁਸੀਂ ਮੇਰੀ ਬੇਨਤੀ ’ਤੇ 10 ਦਸੰਬਰ ਤੱਕ ਦਾ ਸਮਾਂ ਦੇ ਕੇ ਮੈਨੂੰ ਨਿੱਜੀ ਹਾਜ਼ਰੀ ਲਈ ਬੁਲਾਇਆ। ਬਰਾੜ ਨੇ ਕਿਹਾ ਕਿ ਮੈਂ ਇਹ ਜ਼ਰੂਰੀ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ’ਚ ਇਹ ਇਕ ਨਵਾਂ ਮੋੜ ਹੈ ਕਿ ਪਾਰਟੀ ਦੀ ਏਕਤਾ ਅਤੇ ਏਕਤਾ ਦੀ ਚੁਣੌਤੀ ਨਾਲ ਕਿਵੇਂ ਨਜਿੱਠਣਾ ਹੈ। ਪਾਰਟੀ ਦਾ ਵਫ਼ਾਦਾਰ ਮੈਂਬਰ ਹੋਣ ਦੇ ਨਾਤੇ ਮੈਂ ਅਨੁਸ਼ਾਸਨੀ ਕਮੇਟੀ ਵੱਲੋਂ ਲਿਖੇ ਪਹਿਲੇ ਪੱਤਰ ਦਾ ਪਹਿਲਾਂ ਵੀ ਜਵਾਬ ਦੇ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਪ੍ਰਾਪਤ ਦੂਜੇ ਪੱਤਰ ’ਚ ਦੱਸਿਆ ਗਿਆ ਸੀ ਕਿ ਕਮੇਟੀ ਮੇਰੇ ਜਵਾਬ ਤੋਂ ਸੰਤੁਸ਼ਟ ਨਹੀਂ ਹੋ ਸਕੀ। ਮੈਂ ਸ੍ਰੀ ਮੁਕਤਸਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਚੁਣਿਆ ਹੋਇਆ ਡੈਲੀਗੇਟ ਹਾਂ ਤੇ ਪਾਰਟੀ ’ਚ ਏਕਤਾ ਅਤੇ ਪੰਥ ਦੀ ਤਰੱਕੀ ਲਈ ਮੈਂ ਪਿਛਲੇ ਕਈ ਦਿਨਾਂ ਤੋਂ ਕੁਝ ਸੁਹਿਰਦ ਯਤਨ ਕੀਤੇ ਹਨ, ਜਿਸ ਦੇ ਸਾਰਥਕ ਨਤੀਜੇ ਨਿਕਲਣ ਦੀ ਮੈਨੂੰ ਪੂਰੀ ਉਮੀਦ ਹੈ। ਤੁਹਾਨੂੰ ਇਹ ਜਵਾਬ ਭੇਜਣ ਤੋਂ ਪਹਿਲਾਂ ਮੈਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ‘ਅਕਾਲ ਤਖ਼ਤ ਸਾਹਿਬ’ ’ਤੇ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਉਪਰੋਕਤ ਮੁੱਦਿਆਂ ਬਾਰੇ ਜਾਣੂ ਕਰਵਾਇਆ ਸੀ। ਇਸ ਦੌਰਾਨ ਜਥੇਦਾਰ ਸਾਹਿਬ ਨੇ ਸਿੱਖ ਕੌਮ ਦੇ ਮਹਾਨ ਆਦਰਸ਼ਾਂ ਅਤੇ ਸਿਧਾਂਤਾਂ ਅਨੁਸਾਰ ਮੇਰੇ ਨਾਲ ਗੱਲ ਕੀਤੀ ਅਤੇ ਧਿਆਨ ਨਾਲ ਮੇਰੀ ਗੱਲ ਸੁਣੀ। ਇਸ ਦੌਰਾਨ ਅਹਿਮ ਗੱਲਬਾਤ ਹੋਈ।  

ਬਰਾੜ ਨੇ ਜਥੇਦਾਰ ਸਾਹਿਬ ਨੂੰ ਅਨੁਸ਼ਾਸਨੀ ਕਮੇਟੀ ਦੀ ਰਿਪੋਰਟ ਬਾਰੇ ਦੱਸਦਿਆਂ ਕਿਹਾ ਕਿ ਇਸ ਰਿਪੋਰਟ ’ਚ ਦਰਜ ਹੈ ਕਿ ਪਾਰਟੀ ਪ੍ਰਧਾਨ ਸਮੇਤ ਸਮੁੱਚੀ ਪਾਰਟੀ ਲੀਡਰਸ਼ਿਪ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਪੇਸ਼ ਹੋ ਕੇ ਆਪਣੇ ਸੱਤਾ ਕਾਲ ਦੌਰਾਨ ਹੋਏ ਬੱਜਰ ਗੁਨਾਹਾਂ ਦੀ ਮੁਆਫ਼ੀ ਮੰਗੇ ਅਤੇ ਇਸ ਸਬੰਧ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣ ਕਰੋ। ਵਿਧਾਨ ਸਭਾ ਹਲਕਿਆਂ ਦੇ ਦੌਰੇ ਮੌਕੇ ਪਾਰਟੀ ਦੇ ਸਰਗਰਮ ਵਰਕਰਾਂ, ਨੇਤਾਵਾਂ ਤੇ ਹਿਤੈਸ਼ੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਬਹੁਤ ਮੰਦਭਾਗਾ ਤੇ ਦੁੱਖਦਾਈ ਦੱਸਦਿਆਂ ਮੰਗ ਕੀਤੀ ਸੀ ਕਿ ਦੋਸ਼ੀਆਂ ਨੂੰ ਹਰ ਸੂਰਤ ’ਚ ਸਜ਼ਾਵਾਂ ਯਕੀਨੀ ਬਣਾਈਆਂ ਜਾਣ। ਵਰਕਰਾਂ ਨੇ ਇਹ ਵੀ ਕਿਹਾ ਕਿ 2007 ਤੋਂ ਲੈ ਕੇ 2017 ਤੱਕ ਦੇ ਅਰਸੇ ਦੌਰਾਨ ਹੋਈਆਂ ਭੁੱਲਾਂ ਤੇ ਗ਼ਲਤੀਆਂ ਦਾ ਠੋਸ ਫ਼ੈਸਲਾ ਲਿਆ ਜਾਵੇ ਤਾਂ ਜੋ ਖੇਤਰੀ ਪਾਰਟੀ ਵਜੋਂ ਅਕਾਲੀ ਦਲ ਦੀ ਸ਼ਾਨ ਬਹਾਲ ਹੋ ਸਕੇ। ਇਸ ਦੌਰਾਨ ਸਬ-ਕਮੇਟੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਮਤੇ ਤੇ ਦਸਤਾਵੇਜ਼ ਨੂੰ ਭਵਿੱਖ ’ਚ ਕਮੀ ਏਜੰਡਾ ਬਣਾਉਣ ’ਤੇ ਜ਼ੋਰ ਦਿੱਤਾ | ਇਹ ਮਤਾ ਭਾਰਤ ਦੇ ਸੰਵਿਧਾਨ ’ਚ ਰਹਿੰਦਿਆਂ ਸੂਬਿਆਂ ਲਈ ਖ਼ੁਦਮੁਖਤਿਆਰੀ ਅਤੇ ਵੱਧ ਅਧਿਕਾਰਾਂ ਦੀ ਮੰਗ ਕਰਦਾ ਹੈ। ਇਸ ਮਤੇ ’ਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਸਰਦਾਰ ਕਪੂਰ ਸਿੰਘ, ਆਈ.ਸੀ.ਐੱਸ. ਦੇ ਹਸਤਾਖਰ ਅਤੇ ਮੋਹਰ ਹੈ।

 ਬਰਾੜ ਨੇ ਕਿਹਾ ਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਆਗਿਆ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਰਦਾਸ ਕਰ ਕੇ ਅਕਾਲੀ ਦਲ ਦੀ ਚੜ੍ਹਦੀ ਕਲਾ ਤੇ ਪੰਥਕ ਏਕਤਾ ਦਾ ਇਹ ਕਾਰਜ ਆਰੰਭਿਆ ਸੀ। ਮੈਂ ਹੁਣ ਅਨੁਸ਼ਾਸਨੀ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਸੰਵੇਦਨਸ਼ੀਲ ਮੁੱਦੇ ਅਤੇ ਪੰਥਕ ਦੇ ਭਵਿੱਖ ਨਾਲ ਜੁੜੇ ਇਸ ਮੁੱਦੇ ’ਤੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਸਿੱਖ ਸਿਧਾਂਤਾਂ, ਮਰਿਆਦਾਵਾਂ ਤੇ ਪ੍ਰੰਪਰਾਵਾਂ ਨੂੰ ਧਿਆਨ ’ਚ ਰੱਖਿਆ ਜਾਵੇ ਤਾਂ ਕਿ ਪਾਰਟੀ ਨੂੰ ਨਵੇਂ ਸਿਰਿਓਂ ਉਭਾਰਨ ਦੇ ਕਾਰਜ ਨੂੰ ਕੋਈ ਢਾਅ ਨਾ ਲੱਗੇ।

Manoj

This news is Content Editor Manoj