ਪੀ. ਐੱਫ. ਖਾਤੇ 'ਤੇ ਮਿਲੇਗੀ ਸਿਰਫ ਇੰਨੀ ਪੈਨਸ਼ਨ, ਚਾਹੇ ਜਿੰਨੀ ਵੀ ਹੋਵੇ ਤਨਖਾਹ

11/16/2017 12:08:26 PM

ਨਵੀਂ ਦਿੱਲੀ— ਜੇਕਰ ਤੁਸੀਂ ਸੰਗਠਿਤ ਖੇਤਰ 'ਚ ਨੌਕਰੀ ਕਰ ਰਹੇ ਹੋ ਅਤੇ ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਦੇ ਮੈਂਬਰ ਹੋ ਤਾਂ ਮੌਜੂਦਾ ਨਿਯਮਾਂ ਤਹਿਤ ਤੁਹਾਨੂੰ ਵਧ ਤੋਂ ਵਧ ਸਿਰਫ 7500 ਰੁਪਏ ਹੀ ਪੈਨਸ਼ਨ ਮਿਲੇਗੀ। ਅਜਿਹਾ ਇਸ ਲਈ ਹੈ ਕਿਉਂਕਿ ਮੌਜੂਦਾ ਸਮੇਂ ਈ. ਪੀ. ਐੱਫ. ਓ. ਸਕੀਮ ਤਹਿਤ ਵਧ ਤੋਂ ਵਧ ਤਨਖਾਹ ਲਿਮਟ 15000 ਰੁਪਏ ਹੈ। ਜੇਕਰ ਇਹ ਲਿਮਟ ਭਵਿੱਖ 'ਚ ਨਹੀਂ ਵਧਦੀ ਹੈ ਤਾਂ ਤੁਹਾਡੀ ਪੈਨਸ਼ਨ 7500 ਰੁਪਏ ਹੀ ਰਹੇਗੀ। 
ਸੰਗਠਨ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਜੇਕਰ ਕੋਈ ਮੈਂਬਰ ਰਿਟਾਇਰ ਹੁੰਦਾ ਹੈ ਤਾਂ ਉਸ ਦੀ ਪੈਨਸ਼ਨ ਪੈਨਸ਼ਨ-ਯੋਗ ਤਨਖਾਹ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ। ਇਸ ਲਈ ਪਿਛਲੇ ਪੰਜ ਸਾਲ ਦੀ ਤਨਖਾਹ ਦਾ ਔਸਤ ਕੱਢਿਆ ਜਾਂਦਾ ਹੈ। ਪੈਨਸ਼ਨ ਤੈਅ ਕਰਨ ਦਾ ਫਾਰਮੂਲਾ 1995 ਤੋਂ ਬਾਅਦ ਨੌਕਰੀ ਕਰਨ ਵਾਲਿਆਂ ਲਈ ਇਸ ਤਰ੍ਹਾਂ ਹੈ-
ਪੈਨਸ਼ਨ ਰਕਮ = ਪੈਨਸ਼ਨ ਯੋਗ ਤਨਖਾਹ × ਸੇਵਾ ਦੀ ਮਿਆਦ/70
ਮੰਨ ਲਓ ਕਿਸੇ ਪੀ. ਐੱਫ. ਮੈਂਬਰ ਦੀ ਪੈਨਸ਼ਨ ਯੋਗ ਤਨਖਾਹ 15,000 ਹੈ ਅਤੇ ਉਸ ਨੇ 30 ਸਾਲ ਨੌਕਰੀ ਕੀਤੀ ਹੈ। ਮੌਜੂਦਾ ਨਿਯਮਾਂ ਦੇ ਹਿਸਾਬ ਨਾਲ ਉਸ ਨੂੰ ਦੋ ਸਾਲ ਦਾ ਬੋਨਸ ਮਿਲੇਗਾ। ਇਸ ਤਰ੍ਹਾਂ ਨਾਲ ਉਸ ਦੀ ਸੇਵਾ ਮਿਆਦ 32 ਸਾਲ ਹੋ ਜਾਵੇਗੀ ਅਤੇ ਪੈਨਸ਼ਨ 6858 ਰੁਪਏ ਹੋਵੇਗੀ। 
ਪੈਨਸ਼ਨ ਰਕਮ = 15000 × 32 ਸਾਲ/70 = 6,858 ਰੁਪਏ
ਜੇਕਰ 2 ਸਾਲ ਦਾ ਬੋਨਸ ਜੋੜ ਕੇ ਕਿਸੇ ਮੈਂਬਰ ਦੀ ਨੌਕਰੀ ਦੀ ਮਿਆਦ 35 ਸਾਲ ਹੁੰਦੀ ਹੈ ਤਾਂ ਉਸ ਨੂੰ ਮੌਜੂਦਾ ਤਨਖਾਹ ਲਿਮਟ ਦੇ ਆਧਾਰ 'ਤੇ 7500 ਰੁਪਏ ਪੈਨਸ਼ਨ ਮਿਲੇਗੀ। ਜੇਕਰ ਭਵਿੱਖ 'ਚ ਸਰਕਾਰ ਇਹ ਲਿਮਟ 15000 ਰੁਪਏ ਤੋਂ ਵਧਾ ਕੇ 20,000 ਰੁਪਏ ਜਾਂ 25000 ਰੁਪਏ ਕਰ ਦਿੰਦੀ ਹੈ ਤਾਂ ਇਸ ਸਕੀਮ ਤਹਿਤ ਪੈਨਸ਼ਨ ਵਧ ਜਾਵੇਗੀ। ਈ. ਪੀ. ਐੱਫ. ਮੈਂਬਰ ਨੂੰ ਕਰਮਚਾਰੀ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਮਿਲਦੀ ਹੈ। ਇਸ ਲਈ ਜ਼ਰੂਰੀ ਹੈ ਕਿ ਮੈਂਬਰ ਨੇ ਘੱਟੋ-ਘੱਟ 10 ਸਾਲ ਬਿਨਾਂ ਲੰਬੀ ਛੁੱਟੀ ਲਏ ਸੇਵਾ ਪੂਰੀ ਕੀਤੀ ਹੋਵੇ। ਇਸ ਸਕੀਮ ਤਹਿਤ 58 ਸਾਲ ਦੀ ਉਮਰ 'ਚ ਰਿਟਾਇਰ ਹੋਣ 'ਤੇ ਪੈਨਸ਼ਨ ਲੱਗਦੀ ਹੈ ਜਾਂ 50 ਸਾਲ ਦੀ ਉਮਰ ਪੂਰੀ ਹੋਣ 'ਤੇ ਵੀ ਪੈਨਸ਼ਨ ਲਈ ਜਾ ਸਕਦੀ ਹੈ।