ਮੈਡੀਕਲ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ! ਆਨੰਦ ਮਹਿੰਦਰਾ ਕਰ ਸਕਦੇ ਨੇ ਇਹ ਪਹਿਲ

03/04/2022 6:57:59 PM

ਨਵੀਂ ਦਿੱਲੀ : ਯੂਕਰੇਨ ਦੇ ਖਿਲਾਫ ਰੂਸ ਦੀ ਫੌਜੀ ਕਾਰਵਾਈ ਤੋਂ ਬਾਅਦ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਉੱਥੇ ਫਸ ਗਏ ਹਨ। ਇਨ੍ਹਾਂ ਨੂੰ ਭਾਰਤ ਦੇਸ਼ ਵਿਚ ਵਾਪਸ ਲਿਆਉਣ ਲਈ ਭਾਰਤ ਸਰਕਾਰ ਨੇ ਆਪਰੇਸ਼ਨ ਗੰਗਾ ਮੁਹਿੰਮ ਸ਼ੁਰੂ ਕੀਤੀ ਹੈ। ਹਜ਼ਾਰਾਂ ਵਿਦਿਆਰਥੀਆਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਰੂਸੀ ਹਮਲੇ ਵਿੱਚ ਇੱਕ ਭਾਰਤੀ ਵਿਦਿਆਰਥੀ ਵੀ ਮਾਰਿਆ ਗਿਆ ਸੀ। ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਵਰਗੇ ਦੇਸ਼ਾਂ ਵਿੱਚ ਜਾਂਦੇ ਹਨ। ਪਰ ਹੁਣ ਦੇਸ਼ ਵਿੱਚ ਨਿੱਜੀ ਖੇਤਰ ਵਿੱਚ ਹੋਰ ਮੈਡੀਕਲ ਕਾਲਜ ਖੁੱਲ੍ਹ ਸਕਦੇ ਹਨ।

 

ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਅਤੇ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ 'ਦਿ ਟਾਈਮਜ਼ ਆਫ ਇੰਡੀਆ' ਦੀ ਰਿਪੋਰਟ ਦੇ ਨਾਲ ਟਵੀਟ ਕੀਤਾ, 'ਮੈਨੂੰ ਨਹੀਂ ਪਤਾ ਸੀ ਕਿ ਦੇਸ਼ 'ਚ ਮੈਡੀਕਲ ਕਾਲਜਾਂ ਦੀ ਇੰਨੀ ਕਮੀ ਹੈ।' ਉਸਨੇ ਟੈਕ ਮਹਿੰਦਰਾ ਦੇ ਸੀਈਓ ਸੀਪੀ ਗੁਰਨਾਨੀ ਨੂੰ ਟੈਗ ਕੀਤਾ ਅਤੇ ਪੁੱਛਿਆ ਕਿ ਕੀ ਅਸੀਂ ਮਹਿੰਦਰਾ ਯੂਨੀਵਰਸਿਟੀ ਵਿੱਚ ਮੈਡੀਕਲ ਕਾਲਜ ਖੋਲ੍ਹਣ ਬਾਰੇ ਵਿਚਾਰ ਕਰ ਸਕਦੇ ਹਾਂ।

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ ਦਰਮਿਆਨ ਪ੍ਰਭਾਵਿਤ ਹੋਇਆ ਭਾਰਤੀ ਵਪਾਰ, ਕੇਂਦਰ ਜਲਦ ਲੈ ਸਕਦਾ ਹੈ ਇਹ ਫ਼ੈਸਲਾ

ਜਾਣੋ ਕਿੰਨੇ ਭਾਰਤੀ ਵਿਦਿਆਰਥੀ ਕਰ ਰਹੇ ਹਨ ਵਿਦੇਸ਼ਾਂ ਵਿਚ ਡਾਕਟਰੀ ਦੀ ਪੜ੍ਹਾਈ 

ਵਿਦੇਸ਼ ਮੰਤਰਾਲੇ ਦੇ ਅਨੁਸਾਰ, ਹਰ ਸਾਲ ਹਜ਼ਾਰਾਂ ਭਾਰਤੀ ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਕਰਨ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ। ਆਂਕੜਿਆਂ ਅਨੁਸਾਰ ਚੀਨ ਵਿਚ 23 ਹਜ਼ਾਰ, ਯੂਕਰੇਨ ਵਿਚ 18 ਹਜ਼ਾਰ, ਰੂਸ ਵਿਚ 16,500, ਫਿਲੀਪੀਨਜ਼ ਵਿਚ 15 ਹਜ਼ਾਰ, ਕਿਰਗਿਸਤਾਨ ਵਿਚ ਦਸ ਹਜ਼ਾਰ, ਜਾਰਜੀਆ ਵਿਚ 7500, ਬੰਗਲਾਦੇਸ਼ ਵਿਚ 5,200, ਕਜ਼ਾਕਿਸਤਾਨ ਵਿਚ 5,200, ਪੋਲੈਂਡ ਵਿਚ 4,000 ਅਤੇ ਅਰਮੇਨੀਆ ਵਿਚ 3000 ਭਾਰਤੀ ਵਿਦਿਆਰਥੀ ਹਨ ਜਿਹੜੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ।

ਦੇਸ਼ ਵਿੱਚ ਹਰ ਸਾਲ ਲੱਖਾਂ ਵਿਦਿਆਰਥੀ NEET ਦੀ ਪ੍ਰੀਖਿਆ ਦਿੰਦੇ ਹਨ। ਇਨ੍ਹਾਂ 'ਚੋਂ ਕਈ ਤਾਂ ਕਟ ਆਫ ਲਿਸਟ 'ਚ ਤਾਂ ਆਉਂਦੇ ਹਨ ਪਰ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ 'ਚ ਜਗ੍ਹਾ ਨਹੀਂ ਮਿਲਦੀ। ਅਜਿਹੇ ਵਿਦਿਆਰਥੀਆਂ ਨੂੰ ਆਪਣੇ ਡਾਕਟਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਰਨਾ ਪੈਂਦਾ ਹੈ। ਪਰ ਹਰ ਕੋਈ ਅਜਿਹੀ ਫੀਸ ਦਾ ਭੁਗਤਾਨ ਕਰਨ ਦੇ ਯੋਗ ਨਹੀਂ ਹੁੰਦਾ। ਦੇਸ਼ ਵਿੱਚ ਪ੍ਰਾਈਵੇਟ ਮੈਡੀਕਲ ਕਾਲਜਾਂ ਅਤੇ ਡੀਮਡ ਯੂਨੀਵਰਸਿਟੀਆਂ ਵਿੱਚ 60,000 ਸੀਟਾਂ ਹਨ। ਇਹ ਸੰਸਥਾਵਾਂ ਸਾਲਾਨਾ 18 ਲੱਖ ਤੋਂ 30 ਲੱਖ ਰੁਪਏ ਤੱਕ ਫੀਸ ਵਸੂਲਦੀਆਂ ਹਨ। ਪੰਜ ਸਾਲਾ ਦੇ ਕੋਰਸ ਲਈ ਇਹ ਰਾਸ਼ੀ 90 ਲੱਖ ਤੋਂ 1.5 ਕਰੋੜ ਤੱਕ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਸੜਕ ਹਾਦਸੇ 'ਚ ਮੌਤ ਹੋਣ 'ਤੇ ਪਰਿਵਾਰ ਨੂੰ ਦਿੱਤਾ ਜਾਵੇਗਾ ਪਹਿਲਾਂ ਨਾਲੋਂ 8 ਗੁਣਾ ਜ਼ਿਆਦਾ ਮੁਆਵਜ਼ਾ

ਜਾਣੋ ਕਿੰਨਾ ਖ਼ਰਚਾ ਹੁੰਦਾ ਹੈ ਵਿਦੇਸ਼ ਵਿਚ ਡਾਕਟਰੀ ਦੀ ਪੜ੍ਹਾਈ ਲਈ

ਇਹੀ ਕਾਰਨ ਹੈ ਕਿ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਡਾਕਟਰ ਬਣਨ ਲਈ ਵਿਦੇਸ਼ਾਂ ਵਿੱਚ ਜਾ ਰਹੇ ਹਨ। ਯੂਕਰੇਨ, ਰੂਸ, ਕਿਰਗਿਸਤਾਨ ਅਤੇ ਕਜ਼ਾਕਿਸਤਾਨ ਇਨ੍ਹਾਂ ਵਿਦਿਆਰਥੀਆਂ ਦੇ ਪਸੰਦੀਦਾ ਸਥਾਨ ਹਨ। ਹੁਣ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੀ ਫਿਲੀਪੀਨਜ਼ ਅਤੇ ਬੰਗਲਾਦੇਸ਼ ਜਾ ਰਹੇ ਹਨ। ਬੰਗਲਾਦੇਸ਼ ਵਿੱਚ ਡਾਕਟਰ ਬਣਨ ਦਾ ਖਰਚਾ 25 ਤੋਂ 40 ਲੱਖ ਰੁਪਏ ਹੈ। ਫਿਲੀਪੀਨਜ਼ ਵਿੱਚ MBBS ਕੋਰਸ ਦੀ ਲਾਗਤ 35 ਲੱਖ ਅਤੇ ਰੂਸ ਵਿੱਚ 20 ਲੱਖ ਹੈ। ਇਸ ਵਿੱਚ ਹੋਸਟਲ ਦੇ ਖਰਚੇ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ : 9 ਸਾਲ ਦੇ ਉੱਚ ਪੱਧਰ 'ਤੇ ਪਹੁੰਚੀਆਂ ਕੱਚੇ ਤੇਲ ਦੀਆਂ ਕੀਮਤਾਂ, ਵਧ ਸਕਦੇ ਹਨ ਪੈਟਰੋਲ-ਡੀਜ਼ਲ ਦੇ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur