ਤੁਸੀਂ ਵੀ ਕਰਦੇ ਹੋ ਖੇਤੀਬਾੜੀ, ਤਾਂ ਜ਼ਰੂਰ ਪੜ੍ਹੋ ਇਹ ਖਬਰ!

05/28/2017 2:51:19 PM

ਨਵੀਂ ਦਿੱਲੀ— 1 ਜੁਲਾਈ ਤੋਂ ਲਾਗੂ ਹੋਣ ਵਾਲੇ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਤੋਂ ਬਾਅਦ ਖਾਦਾਂ ਦੇ ਮੁੱਲ ਵਧ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਜੀ. ਐੱਸ. ਟੀ. ਪ੍ਰੀਸ਼ਦ ਨੇ ਨਵੀਂ ਅਪ੍ਰਤੱਖ ਟੈਕਸ ਵਿਵਸਥਾ 'ਚ ਖਾਦਾਂ 'ਤੇ ਲੱਗਣ ਵਾਲੀ ਟੈਕਸ ਦਰ 12 ਫ਼ੀਸਦੀ ਤੈਅ ਕੀਤੀ ਹੈ, ਜਦੋਂਕਿ ਅਜੇ ਤਕ ਇਸ 'ਤੇ 4 ਤੋਂ 8 ਫ਼ੀਸਦੀ ਤਕ ਟੈਕਸ ਲੱਗਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਆਮ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਖਾਦਾਂ ਦੇ ਮੁੱਲ ਵਧ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ, ਯੂਰੀਆ ਦੇ ਮੁੱਲ ਪ੍ਰਤੀ ਟਨ 300-400 ਰੁਪਏ ਤਕ ਵਧ ਸਕਦੇ ਹਨ।  


ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ 'ਚ ਹੋਰ ਖਾਦਾਂ ਜਿਵੇਂ ਕਿ ਡਾਇਮੋਨੀਅਮ ਫਾਸਫੇਟ ਦੇ ਪ੍ਰਚੂਨ ਮੁੱਲ 3000 ਰੁਪਏ ਪ੍ਰਤੀ ਟਨ ਵਧ ਸਕਦੇ ਹਨ। ਖਾਦ ਇੰਡਸਟਰੀ ਨਾਲ ਜੁੜੇ ਇਕ ਅਧਿਕਾਰੀ ਮੁਤਾਬਕ, ਜੇਕਰ ਸਰਕਾਰ ਯੂਰੀਆ 'ਤੇ ਵਧਣ ਵਾਲੇ ਬੋਝ ਨੂੰ ਚੁੱਕਣ ਦਾ ਫੈਸਲਾ ਲੈਂਦੀ ਹੈ ਤਾਂ ਉਸ 'ਤੇ ਲਗਭਗ 1000 ਕਰੋੜ ਦਾ ਵਾਧੂ ਸਬਸਿਡੀ ਬੋਝ ਵਧੇਗਾ। ਜੇਕਰ ਨਹੀਂ ਤਾਂ ਯੂਰੀਆ ਦੇ 50 ਕਿਲੋਗ੍ਰਾਮ ਵਾਲੇ ਬੋਰੇ ਦਾ ਮੁੱਲ 20 ਰੁਪਏ ਤਕ ਵਧ ਸਕਦਾ ਹੈ।

ਇਸ ਤੋਂ ਇਲਾਵਾ ਗੈਰ-ਯੂਰੀਆ ਖਾਦਾਂ ਦੇ ਮੁੱਲ 'ਚ 10 ਫੀਸਦੀ ਤਕ ਦਾ ਵਧ ਹੋ ਸਕਦਾ ਹੈ। ਜਿਵੇਂ ਕਿ ਡਾਇਮੋਨੀਅਮ ਫਾਸਫੇਟ (ਡੀ. ਏ. ਪੀ.) ਦੇ ਮੌਜੂਦਾ 50 ਕਿਲੋਗ੍ਰਾਮ ਵਾਲੇ ਬੋਰੇ ਦਾ ਮੁੱਲ 1000 ਤੋਂ 1100 ਰੁਪਏ ਵਿਚਕਾਰ ਹੈ। ਇਸ ਦੀ ਕੀਮਤ ਲਗਭਗ 100 ਤੋਂ 110 ਰੁਪਏ ਪ੍ਰਤੀ ਬੈਗ ਵਧ ਸਕਦੀ ਹੈ। 
ਜੀ. ਐੱਸ. ਟੀ. 'ਚ ਸੜਕੀ ਆਵਾਜਾਈ 'ਤੇ ਪ੍ਰਸਤਾਵਿਤ 5 ਫੀਸਦੀ ਟੈਕਸ ਕਾਰਨ ਇਨ੍ਹਾਂ ਦੀ ਕੀਮਤ ਹੋਰ ਵਧ ਸਕਦੀ ਹੈ, ਕਿਉਂਕਿ ਖਾਦਾਂ ਦੀ ਟ੍ਰਾਂਸਪੋਰਟ 'ਤੇ ਅਜੇ ਤੱਕ ਸਰਵਿਸ ਟੈਕਸ 'ਚ ਛੋਟ ਸੀ। ਹੁਣ ਤਕ ਕਈ ਸੂਬਿਆਂ 'ਚ ਜਿਨ੍ਹਾਂ ਖਾਦਾਂ 'ਤੇ ਵੈਟ ਨਹੀਂ ਲੱਗਦਾ, ਜੀ. ਐੱਸ. ਟੀ. 'ਚ ਉਨ੍ਹਾਂ 'ਤੇ 12 ਫੀਸਦੀ ਟੈਕਸ ਹੋਵੇਗਾ ਯਾਨੀ ਕਿ ਉਹ ਖਾਦ ਪਦਾਰਥ ਮਹਿੰਗੇ ਹੋ ਜਾਣਗੇ।