ਸ਼ਾਓਮੀ ਨੇ ਦਿੱਤਾ ਗਾਹਕਾਂ ਨੂੰ ਝਟਕਾ, ਮਹੀਨੇ 'ਚ ਦੂਜੀ ਵਾਰ ਮਹਿੰਗੇ ਹੋਏ ਇਹ ਫੋਨ

06/01/2020 12:43:39 PM

ਗੈਜੇਟ ਡੈਸਕ— ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਆਪਣੇ 3 ਪ੍ਰਸਿੱਧ ਸਮਾਰਟਫੋਨਜ਼ ਮਹਿੰਗੇ ਕਰ ਦਿੱਤੇ ਹਨ। ਕੰਪਨੀ ਨੇ ਇਸ ਮਹੀਨੇ 'ਚ ਦੂਜੀ ਵਾਰ- ਰੈੱਡਮੀ 8, ਰੈੱਡਮੀ ਨੋਟ 8 ਅਤੇ ਰੈੱਡਮੀ 8ਏ ਡਿਊਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕੀਮਤਾਂ 'ਚ ਵਾਧਾ ਆਨਲਾਈਨ ਦੇ ਨਾਲ ਹੀ ਆਫਲਾਈਨ ਸਟੋਰਾਂ ਲਈ ਵੀ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕੀਮਤਾਂ ਵਧਣ ਤੋਂ ਬਾਅਦ ਹੁਣ ਇਨ੍ਹਾਂ ਰੈੱਡਮੀ ਫੋਨਜ਼ ਨੂੰ ਖਰੀਦਣ ਲਈ ਕਿੰਨੇ ਪੈਸੇ ਖਰਚ ਕਰਨੇ ਪੈਣਗੇ। 

ਇੰਨੀ ਹੋਈ ਰੈੱਡਮੀ 8ਏ ਡਿਊਲ ਦੀ ਕੀਮਤ
ਮਹਿੰਗੇ ਹੋਏ ਸਮਾਰਟਫੋਨ 'ਚ ਸਭ ਤੋਂ ਘੱਟ ਕੀਮਤ ਰੈੱਮਡੀ 8ਏ ਡਿਊਲ ਦੀ ਹੈ। ਲਾਂਚ ਸਮੇਂ ਫੋਨ ਦੇ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 6,499 ਰੁਪਏ ਸੀ। ਅਪ੍ਰੈਲ 2020 'ਚ ਨਵੇਂ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਇਸ ਦੀ ਕੀਮਤ ਵਧ ਕੇ 6,999 ਰੁਪਏ ਹੋ ਗਈ ਸੀ। ਇਸ ਤੋਂ ਬਾਅਦ ਮਈ ਦੀ ਸ਼ੁਰੂਆਤ 'ਚ ਕੰਪਨੀ ਨੇ ਬਿਨ੍ਹਾਂ ਕੋਈ ਕਾਰਨ ਦੱਸੇ ਫੋਨ ਦੀ ਕੀਮਤ ਵਧਾਉਂਦੇ ਹੋਏ 7,299 ਰੁਪਏ ਕਰ ਦਿੱਤੀ ਸੀ ਅਤੇ ਹੁਣ ਇਕ ਵਾਰ ਫਿਰ ਤੋਂ ਇਸ ਵਿਚ 200 ਰੁਪਏ ਦਾ ਵਾਧਾ ਕੀਤਾ ਗਿਆ ਹੈ। 



ਕੀਮਤ ਵਧਣ ਤੋਂ ਬਾਅਦ ਹੁਣ ਰੈੱਡਮੀ 8ਏ ਡਿਊਲ ਖਰੀਦਣ ਲਈ ਤੁਹਾਨੂੰ 7,499 ਰੁਪਏ ਖਰਚ ਕਰਨੇ ਪੈਣਗੇ। ਦੱਸ ਦੇਈਏ ਕਿ ਇਸ ਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ ਅਜੇ ਵੀ 7,999 ਰੁਪਏ ਦਾ ਹੀ ਹੈ। 

ਰੈੱਡਮੀ 8 ਖਰੀਦਣ ਲਈ ਖਰਚਣੇ ਪੈਣਗੇ ਜ਼ਿਆਦਾ ਪੈਸੇ
ਰੈੱਡਮੀ 8 ਦੀ ਗੱਲ ਕਰੀਏ ਤਾਂ 7,999 ਰੁਪਏ ਦੀ ਕੀਮਤ 'ਚ ਆਉਣ ਵਾਲਾ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲਾ ਮਾਡਲ ਨਵੇਂ ਜੀ.ਐੱਸ.ਟੀ. ਤੋਂ ਬਾਅਦ 8,999 ਰੁਪਏ ਦਾ ਹੋ ਗਿਆ ਸੀ। ਇਸ ਤੋਂ ਬਾਅਦ ਕੰਪਨੀ ਨੇ ਮਈ ਦੀ ਸ਼ੁਰੂਆਤ 'ਚ ਇਸ ਦੀ ਕੀਮਤ ਵਧਾ ਕੇ 9,299 ਰੁਪਏ ਕਰ ਦਿੱਤੀ। ਹੁਣ ਸ਼ਾਓਮੀ ਨੇ ਇਕ ਵਾਰ ਫਿਰ ਇਸ ਫੋਨ ਦੀ ਕੀਮਤ 200 ਰੁਪਏ ਮਹਿੰਗੀ ਕਰ ਦਿੱਤੀ ਹੈ ਅਤੇ ਇਸ ਦੀ ਹੁਣ ਅਸਲ ਕੀਮਤ 9,499 ਰੁਪਏ ਹੋ ਗਈ ਹੈ। 



2 ਹਜ਼ਾਰ ਰੁਪਏ ਮਹਿੰਗਾ ਹੋਇਆ ਰੈੱਡਮੀ ਨੋਟ 8
ਰੈੱਡਮੀ ਨੋਟ 8 ਦੀ ਗੱਲ ਕਰੀਏ ਤਾਂ ਲਾਂਚ ਸਮੇਂ ਫੋਨ ਨੂੰ 9,999 ਰੁਪਏ ਦੀ ਕੀਮਤ 'ਚ ਸਭ ਤੋਂ ਬੈਸਟ ਫੋਨ ਦੱਸਿਆ ਜਾ ਰਿਹਾ ਸੀ। ਹਾਲਾਂਕਿ, ਲਾਂਚ ਦੇ ਕੁਝ ਹੀ ਮਹੀਨਿਆਂ ਬਾਅਦ ਇਸ ਫੋਨ ਦੇ ਬੇਸ ਮਾਡਲ (4 ਜੀ.ਬੀ.+64 ਜੀ.ਬੀ.) ਦੀ ਕੀਮਤ 'ਚ 2 ਹਜ਼ਾਰ ਰੁਪਏ ਦਾ ਵਾਧਾ ਕਰ ਦਿੱਤਾ ਗਿਆ। ਹੁਣ ਇਹ ਫੋਨ ਨਵੇਂ ਜੀ.ਐੱਸ.ਟੀ. ਅਤੇ ਦੋ ਵਾਰ ਵਧਾਈ ਗਈ ਕੀਮਤ ਤੋਂ ਬਾਅਦ 11,999 ਰੁਪਏ ਦਾ ਹੋ ਗਿਆ ਹੈ। ਇਸੇ ਤਰ੍ਹਾਂ ਰੈੱਡਮੀ ਨੋਟ 8 ਦਾ 6 ਜੀ.ਬੀ.+128 ਜੀ.ਬੀ. ਮਾਡਲ 1500 ਰੁਪਏ ਮਹਿੰਗਾ ਹੋਇਆ ਹੈ। ਇਸ ਫੋਨ ਦੀ ਕੀਮਤ ਹੁਣ 12,999 ਰੁਪਏ ਦੀ ਬਜਾਏ 13,499 ਰੁਪਏ ਹੋ ਗਈ ਹੈ।

Rakesh

This news is Content Editor Rakesh