ਕੌਮਾਂਤਰੀ ਹਵਾਈ ਟਿਕਟਾਂ ''ਤੇ GST ਲਾਉਣਾ ਗਲਤ : IATA

07/18/2018 1:44:49 AM

ਜਲੰਧਰ-ਏਅਰਲਾਈਨ ਕੰਪਨੀਆਂ ਦੇ ਕੌਮਾਂਤਰੀ ਸੰਗਠਨ ਆਈ. ਏ. ਟੀ. ਏ. ਨੇ ਕੌਮਾਂਤਰੀ ਹਵਾਈ ਟਿਕਟਾਂ 'ਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਲਾਏ ਜਾਣ ਦਾ ਵਿਰੋਧ ਕੀਤਾ ਹੈ ਅਤੇ ਇਸ ਟੈਕਸੇਸ਼ਨ ਨੂੰ ਗਲਤ ਦੱਸਿਆ ਹੈ। ਸੰਗਠਨ ਦਾ ਕਹਿਣਾ ਹੈ ਕਿ ਇਹ ਕਈ ਕੌਮਾਂਤਰੀ ਸਮਝੌਤਿਆਂ ਦੇ ਖਿਲਾਫ ਹੈ, ਜਿਸ 'ਚ ਭਾਰਤ ਵੀ ਸ਼ਾਮਲ ਹੈ।  ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ 280 ਏਅਰਲਾਈਨਸ ਦੀ ਅਗਵਾਈ ਕਰਦਾ ਹੈ। ਇਸ ਦੇ ਮੈਂਬਰਾਂ 'ਚ ਏਅਰ ਇੰਡੀਆ, ਜੈੱਟ ਏਅਰਵੇਜ਼ ਅਤੇ ਵਿਸਤਾਰਾ ਸ਼ਾਮਲ ਹਨ। ਆਈ. ਏ. ਟੀ. ਏ. ਦੇ ਜਨਰਲ ਸਕੱਤਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਲੈਗਜੈਂਡਰ ਡੀ. ਜੁਨਿਆਕ ਨੇ ਕਿਹਾ ਕਿ ਕੌਮਾਂਤਰੀ ਟਿਕਟ 'ਤੇ ਜੀ. ਐੱਸ. ਟੀ. ਲਾਉਣਾ ਕੌਮਾਂਤਰੀ ਸਮਝੌਤਿਆਂ ਦੇ ਉਲਟ ਹੈ, ਜਿਸ 'ਚ ਭਾਰਤ ਵੀ ਸ਼ਾਮਲ ਹੈ। ਜੁਨਿਆਕ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਸਰਕਾਰ ਤੋਂ ਕੌਮਾਂਤਰੀ ਉਡਾਣ ਟਿਕਟਾਂ 'ਤੇ ਸਿਫ਼ਰ ਕਰ ਲਾਉਣ ਦੀ ਮੰਗ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਵਾਬਾਜ਼ੀ ਖੇਤਰ 'ਚ ਟੈਕਸੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਜੀ. ਐੱਸ. ਟੀ. ਇਕਮਾਤਰ ਮੁੱਦਾ ਨਹੀਂ ਹੈ।