ਚੀਨ ਨੂੰ ਝਟਕਾ, ਉਦਯੋਗਿਕ ਰਫਤਾਰ 17 ਸਾਲਾਂ ਤੋਂ ਥੱਲ੍ਹੇ ਖਿਸਕੀ

06/15/2019 8:35:48 AM

ਬੀਜਿੰਗ— ਚੀਨ ਦੀ ਅਰਥਵਿਵਸਥਾ ਨੇ ਪਿਛਲੇ ਮਹੀਨੇ ਕੁਝ ਹੋਰ ਨਰਮੀ ਦੇ ਸੰਕੇਤ ਦਿੱਤੇ ਹਨ। ਚੀਨ ਦੇ ਉਦਯੋਗਿਕ ਉਤਪਾਦਨ 'ਚ 17 ਸਾਲਾਂ 'ਚ ਸਭ ਤੋਂ ਹੌਲੀ ਰਫਤਾਰ ਦਰਜ ਕੀਤੀ ਗਈ ਹੈ, ਜੋ ਉਸ ਲਈ ਚਿੰਤਾ ਦਾ ਸਬੱਬ ਬਣ ਗਈ ਹੈ। ਅਮਰੀਕਾ ਨਾਲ ਜਾਰੀ ਟਰੇਡ ਵਾਰ ਵਿਚਕਾਰ ਉਸ ਲਈ ਇਹ ਇਕ ਝਟਕਾ ਹੈ। ਇਸ ਸੁਸਤੀ ਤੋਂ ਬਾਹਰ ਨਿਕਲਣ ਲਈ ਚੀਨ ਲੰਮੇ ਸਮੇਂ ਤੋਂ ਬਰਾਮਦ ਅਤੇ ਭਾਰੀ ਉਦਯੋਗ 'ਤੇ ਆਪਣੀ ਨਿਰਭਰਤਾ ਨੂੰ ਘੱਟ ਕਰਕੇ ਖਪਤ ਆਧਾਰਿਤ ਅਰਥਵਿਵਸਥਾ 'ਚ ਤਬਦੀਲ ਹੋਣ 'ਤੇ ਜ਼ੋਰ ਦੇ ਰਿਹਾ ਹੈ।

 

ਹਾਲਾਂਕਿ ਇਸ ਵਿਚਕਾਰ ਚੀਨ ਦੇ ਰਾਸ਼ਟਰੀ ਅੰਕੜਾ ਬਿਊਰੋ ਮੁਤਾਬਕ, ਚੀਨ ਦੇ ਉਦਯੋਗਿਕ ਉਤਪਾਦਨ ਦੀ ਰਫਤਾਰ ਮਈ 'ਚ ਸਿਰਫ 5.0 ਫੀਸਦੀ ਵਧੀ ਹੈ, ਜੋ ਕਿ ਸੁਸਤ ਮੰਗ ਦਾ ਸੰਕੇਤ ਹੈ। ਸਾਲ 2002 ਤੋਂ ਬਾਅਦ ਉਦਯੋਗਿਕ ਸਰਗਰਮੀ ਦੀ ਇਹ ਸਭ ਤੋਂ ਹੌਲੀ ਰਫਤਾਰ ਹੈ।
ਮਾਹਰਾਂ ਨੇ ਇਸ ਦੇ 5.4 ਫੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟ ਕੀਤਾ ਸੀ। ਚੀਨ ਨੇ ਵਪਾਰ ਯੁੱਧ ਦੇ ਅਸਰ ਨੂੰ ਘੱਟ ਕਰਨ ਲਈ ਇਸ ਸਾਲ ਭਾਰੀ ਟੈਕਸ ਕਟੌਤੀ ਤੇ ਹੋਰ ਉਪਾਵਾਂ ਨੂੰ ਲਾਗੂ ਕੀਤਾ ਹੈ ਪਰ ਰਫਤਾਰ ਨੇ ਓਨੀ ਤਰੱਕੀ ਦਰਜ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਚੀਨ ਨੇ ਇਕ-ਦੂਜੇ ਦੇ ਅਰਬਾਂ ਡਾਲਰ ਦੇ ਸਮਾਨ 'ਤੇ ਟੈਰਿਫ ਡਿਊਟੀ ਵਧਾਈ ਹੈ। ਅਮਰੀਕਾ ਨੇ 200 ਅਰਬ ਡਾਲਰ ਮੁੱਲ ਦੇ ਚੀਨੀ ਸਾਮਾਨ 'ਤੇ 25 ਫੀਸਦੀ ਤਕ ਡਿਊਟੀ ਲਗਾਈ ਹੈ, ਜਦੋਂ ਕਿ ਚੀਨ ਨੇ ਜਵਾਬੀ ਕਾਰਵਾਈ 'ਚ 60 ਅਰਬ ਡਾਲਰ ਦੇ ਅਮਰੀਕੀ ਸਮਾਨ 'ਤੇ ਟੈਰਿਫ ਲਾਗੂ ਕੀਤਾ ਹੈ।