ਵਿਸ਼ਵ ਬੈਂਕ ਨੇ ਭਾਰਤ ਦੀ ਆਰਥਿਕ ਵਾਧਾ ਦਰ ਦੇ ਅਨੁਮਾਨ ਨੂੰ 8.3 ਫੀਸਦੀ ’ਤੇ ਸਥਿਰ ਰੱਖਿਆ

01/13/2022 10:35:25 AM

ਨਵੀਂ ਦਿੱਲੀ- ਵਿਸ਼ਵ ਬੈਂਕ ਨੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਆਰਥਿਕ ਵਾਧਾ ਦਰ ਦੇ ਅਨੁਮਾਨ ਨੂੰ 8.3 ਫੀਸਦੀ ’ਤੇ ਬਰਕਰਾਰ ਰੱਖਦੇ ਹੋਏ ਕਿਹਾ ਕਿ ਆਰਥਿਕ ਰਿਵਾਈਵਲ ਦਾ ਵਿਆਪਕ ਸਪੈਕਟ੍ਰਮ ਹਾਸਲ ਕਰਨਾ ਹਾਲੇ ਬਾਕੀ ਹੈ। ਵਿਸ਼ਵ ਬੈਂਕ ਨੇ ਸਾਲ 2021-22 ਲਈ ਭਾਰਤ ਦੀ ਆਰਥਿਕ ਵਾਧਾ ਦਰ 8.3 ਫੀਸਦੀ ਰਹਿਣ ਦਾ ਅਨੁਮਾਨ ਪ੍ਰਗਟਾਉਂਦੇ ਹੋਏ ਕਿਹਾ ਕਿ ਉਸ ਦਾ ਇਹ ਮੁਲਾਂਕਣ ਰਿਵਾਈਵਲ ਦੇ ਵਿਆਪਕ ਪੱਧਰ ’ਤੇ ਪ੍ਰਸਾਰਿਤ ਹੋਣ ਦੀ ਸੰਭਾਵਨਾ ’ਤੇ ਆਧਾਰਿਤ ਹੈ। ਬੀਤੇ ਜੂਨ ਮਹੀਨੇ ’ਚ ਵੀ ਵਿਸ਼ਵ ਬੈਂਕ ਨੇ ਭਾਰਤ ਦੀ ਵਾਧਾ ਦਰ 8.3 ਫੀਸਦੀ ਰਹਿਣ ਦਾ ਅਨੁਮਾਨ ਵੀ ਪ੍ਰਗਟਾਇਆ ਸੀ।
ਵਿਸ਼ਵ ਬੈਂਕ ਨੇ ਕੌਮਾਂਤਰੀ ਆਰਥਿਕ ਸੰਭਾਵਨਾਵਾਂ ’ਤੇ ਜਾਰੀ ਰਿਪੋਰਟ ’ਚ ਕਿਹਾ ਕਿ ਅਰਥਵਿਵਸਥਾ ਨੂੰ ਕਨੈਕਟੀਵਿਟੀ-ਇੰਟੈਂਸਿਵ ਸੇਵਾਵਾਂ ਦੀ ਬਹਾਲੀ ਤੋਂ ਲਾਭ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੁਦਰਾ ਅਤੇ ਵਿੱਤੀ ਨੀਤੀਗਤ ਸਮਰਥਨ ਨਾਲ ਵੀ ਇਸ ਨੂੰ ਮਦਦ ਮਿਲੇਗੀ। ਪਿਛਲੇ ਹਫਤੇ ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਨੇ ਸਾਲ 2021-22 ਲਈ ਪਹਿਲੇ ਪੇਸ਼ਗੀ ਅਨੁਮਾਨ ’ਚ ਆਰਥਿਕ ਵਾਧਾ ਦਰ 9.2 ਫੀਸਦੀ ਰਹਿਣ ਦਾ ਅਨੁਮਾਨ ਪ੍ਰਗਟਾਇਆ ਹੈ। ਉਸ ਨੇ ਕੋਵਿਡ ਨਾਲ ਜੁੜੀਆਂ ਚੁਣੌਤੀਆਂ ਦੇ ਬਾਵਜੂਦ ਖੇਤੀਬਾੜੀ, ਮਾਈਨਿੰਗ ਅਤੇ ਨਿਰਮਾਣ ਖੇਤਰ ਦੇ ਸੁਧਰੇ ਪ੍ਰਦਰਸ਼ਨ ਦੇ ਦਮ ’ਤੇ ਵਾਧੇ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਪ੍ਰਗਟਾਈ ਹੈ। ਵਿਸ਼ਵ ਬੈਂਕ ਦੀ ਰਿਪੋਰਟ ’ਚ ਸਾਲ 2022-23 ਅਤੇ 2023-24 ਲਈ ਕ੍ਰਮਵਾਰ 8.7 ਫੀਸੀਦ ਅਤੇ 6.8 ਫੀਸਦੀ ਵਾਧੇ ਦਾ ਅਨੁਮਾਨ ਪ੍ਰਗਟਾਇਆ ਗਿਆ ਹੈ। ਇਹ ਉਸ ਦੇ ਪਿਛਲੇ ਅਨੁਮਾਨ ਤੋਂ ਵੱਧ ਹੈ।

Aarti dhillon

This news is Content Editor Aarti dhillon