World Bank ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਵਿਸ਼ਵ ਵਿਆਪੀ ਕੋਸ਼ਿਸ਼ਾਂ ਦੀ ਕੀਤੀ ਮੰਗ

02/05/2020 4:40:33 PM

ਵਾਸ਼ਿੰਗਟਨ — ਵਿਸ਼ਵ ਬੈਂਕ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਨਵੇਂ ਕੋਰੋਨਾ ਵਾਇਰਸ ਵਿਰੁੱਧ ਆਪਣੇ ਪ੍ਰੋਗਰਾਮਾਂ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਉਹ ਇਸ ਬਿਮਾਰੀ ਵਿਰੁੱਧ ਖੁਦ ਵੀ ਆਪਣੇ ਸਰੋਤ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ। ਵਰਲਡ ਬੈਂਕ ਨੇ ਇਕ ਬਿਆਨ ਵਿਚ ਕਿਹਾ, 'ਅਸੀਂ ਸਾਰੇ ਦੇਸ਼ਾਂ ਅੱਗੇ ਮੰਗ ਕਰਦੇ ਹਾਂ ਕਿ ਉਹ ਆਪਣੀ ਸਿਹਤ ਦੀ ਨਿਗਰਾਨੀ ਅਤੇ ਪ੍ਰਤਿਕਿਰਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਤਾਂ ਜੋ ਇਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।' 

ਬਿਆਨ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਬੈਂਕ ਸਮੂਹ ਪ੍ਰਭਾਵਿਤ ਦੇਸ਼ਾਂ ਲਈ ਤੁਰੰਤ ਵਿੱਤੀ ਅਤੇ ਤਕਨੀਕੀ ਸਰੋਤਾਂ ਨੂੰ ਇਕੱਠਾ ਕਰਨ ਲਈ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ। ਇਸ ਤੋਂ ਇਲਾਵਾ ਇਹ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਸਹਿਯੋਗ ਵਧਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ 425 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨਵੇਂ ਵਾਇਰਸ ਕਾਰਨ ਹੁਣ ਤੱਕ 17,200 ਲੋਕ ਪੀੜਤ ਹੋ ਚੁੱਕੇ ਹਨ। ਇਹ 20 ਦੇਸ਼ਾਂ ਵਿਚ ਫੈਲ ਚੁੱਕਾ ਹੈ। ਇਹ ਖਦਸ਼ਾ ਹੈ ਕਿ ਇਸ ਵਾਇਰਸ ਕਾਰਨ ਚੀਨ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਸਕਦੀ ਹੈ ਅਤੇ ਵਿਸ਼ਵਵਿਆਪੀ ਅਰਥ ਵਿਵਸਥਾ ਵੀ ਇਸ ਕਾਰਨ ਪ੍ਰਭਾਵਤ ਹੋ ਸਕਦੀ ਹੈ।