ਹੁਣ ਬਿਨਾਂ ATM ਕਾਰਡ ਦੇ ਵੀ ਕਢਾ ਸਕਦੇ ਹੋ ਪੈਸੇ, ਇਹ ਹੈ ਸੌਖਾ ਤਰੀਕਾ

08/23/2020 9:39:49 PM

ਨਵੀਂ ਦਿੱਲੀ— ਮੌਜੂਦਾ ਸਮੇਂ ਕਈ ਬੈਂਕ ਖਾਤਾਧਾਰਕਾਂ ਨੂੰ ਆਪਣੀ ਐਪ ਜ਼ਰੀਏ ਬਿਨਾਂ ਡੈਬਿਡ ਕਾਰਡ ਦੇ ਏ. ਟੀ. ਐੱਮ. 'ਚੋਂ ਪੈਸੇ ਕਢਾਉਣ ਦੀ ਸੁਵਿਧਾ ਦੇ ਰਹੇ ਹਨ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਵੀ ਆਪਣੇ ਗਾਹਕਾਂ ਨੂੰ ਬਿਨਾਂ ਕਾਰਡ ਦੇ ਪੈਸੇ ਕਢਾਉਣ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇਸ ਸਹੂਲਤ ਨਾਲ ਗਾਹਕਾਂ ਨੂੰ ਪੈਸੇ ਕਢਾਉਣ ਲਈ ਡੈਬਿਟ ਕਾਰਡ ਦੀ ਲੋੜ ਨਹੀਂ ਪੈਂਦੀ।

ਭਾਰਤੀ ਸਟੇਟ ਬੈਂਕ ਦਾ ਕੋਈ ਵੀ ਗਾਹਕ ਐੱਸ. ਬੀ. ਆਈ. ਯੋਨੋ ਐਪ ਰਾਹੀਂ ਡੈਬਿਟ ਕਾਰਡ ਦੀ ਵਰਤੋਂ ਕੀਤੇ ਬਿਨਾਂ ਏ. ਟੀ. ਐੱਮ. ਤੋਂ ਨਕਦੀ ਕਢਾ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਵੇਂ ਐੱਸ. ਬੀ. ਆਈ. ਗਾਹਕ ਆਪਣੇ ਡੈਬਿਟ ਕਾਰਡ ਦੀ ਵਰਤੋਂ ਕੀਤੇ ਬਿਨਾਂ ਏ. ਟੀ. ਐੱਮ. 'ਚੋਂ ਪੈਸੇ ਕਢਾ ਸਕਦੇ ਹਨ।
 

ਕੀ ਕਰਨਾ ਹੋਵੇਗਾ?
1) ਇੰਟਰਨੈਟ ਬੈਂਕਿੰਗ ਐਪ ਯੋਨੋ ਡਾਊਨਲੋਡ ਕਰੋ।
2) ਟ੍ਰਾਂਜੈਕਸ਼ਨ ਸ਼ੁਰੂ ਕਰਨ ਲਈ 'ਯੋਨੋ ਕੈਸ਼' ਵਿਕਲਪ 'ਤੇ ਜਾਓ।
3) ਫਿਰ ਏ. ਟੀ. ਐੱਮ. ਸੈਕਸ਼ਨ 'ਚ ਜਾਓ ਅਤੇ ਜਿੰਨੇ ਪੈਸੇ ਕਢਾਉਣੇ ਹਨ ਓਨੀ ਰਕਮ ਦਰਜ ਕਰੋ।
4) ਐੱਸ. ਬੀ. ਆਈ. ਤੁਹਾਨੂੰ ਤੁਹਾਡੇ ਰਜਿਸਟਰਡ ਮੋਬਾਈਲ 'ਤੇ ਯੋਨੋ ਕੈਸ਼ ਟ੍ਰਾਂਜੈਕਸ਼ਨ ਨੰਬਰ ਭੇਜੇਗਾ।
5) ਇਹ ਚਾਰ ਘੰਟਿਆਂ ਲਈ ਵੈਲਿਡ ਹੈ।
6) SBI ਏ. ਟੀ. ਐੱਮ. 'ਤੇ ਜਾਓ ਅਤੇ ਏ. ਟੀ. ਐੱਮ. ਸਕ੍ਰੀਨ ਤੇ 'ਯੋਨੋ ਕੈਸ਼' ਚੁਣੋ।
7) ਯੋਨੋ ਕੈਸ਼ ਟ੍ਰਾਂਜੈਕਸ਼ਨ ਨੰਬਰ ਦਾਖਲ ਕਰੋ।
8) ਯੋਨੋ ਕੈਸ਼ ਪਿੰਨ ਦਰਜ ਕਰੋ ਅਤੇ ਪ੍ਰਮਾਣਿਤ ਕਰੋ।
9) ਹੁਣ ਤੁਹਾਡੇ ਵੱਲੋਂ ਦਰਜ ਰਕਮ ਨਿਕਲ ਆਵੇਗੀ।

SBI ਕਾਰਡਲੈੱਸ ਸੁਵਿਧਾ ਦਾ ਇਸਤੇਮਾਲ ਸਿਰਫ ਐੱਸ. ਬੀ. ਆਈ. ਦੇ ਏ. ਟੀ. ਐੱਮ. 'ਤੇ ਹੀ ਕੀਤਾ ਜਾ ਸਕਦਾ ਹੈ। ਇਹ ਸੁਵਿਧਾ ਧੋਖਾਧੜੀ ਨੂੰ ਘੱਟ ਕਰਨ ਲਈ ਹੈ। ਗਾਹਕ ਘੱਟੋ-ਘੱਟ 500 ਰੁਪਏ ਅਤੇ ਵੱਧ ਤੋਂ ਵੱਧ 10,000 ਰੁਪਏ ਕਢਾ ਸਕਦੇ ਹਨ। ਜੇਕਰ ਏ. ਟੀ. ਐੱਮ. ਟ੍ਰਾਂਜੈਕਸ਼ਨ ਫੇਲ ਹੋ ਜਾਂਦੀ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ, ਬਸ ਆਪਣੇ ਬੈਂਕ ਨੂੰ ਤੁਰੰਤ ਇਸ ਦੀ ਜਾਣਕਾਰੀ ਦਿਓ।

Sanjeev

This news is Content Editor Sanjeev