ਪ੍ਰਚੂਨ ਤੋਂ ਬਾਅਦ ਥੋਕ ਮਹਿੰਗਾਈ ਵੀ ਸਭ ਤੋਂ ਘੱਟ, ਟੁੱਟਾ 34 ਮਹੀਨਿਆਂ ਦਾ ਰਿਕਾਰਡ

05/16/2023 10:33:07 AM

ਨਵੀਂ ਦਿੱਲੀ (ਭਾਸ਼ਾ) - ਮਹਿੰਗਾਈ ਦੇ ਮੋਰਚੇ ’ਤੇ ਆਮ ਲੋਕਾਂ ਨੂੰ ਦੋਹਰੀ ਰਾਹਤ ਮਿਲੀ ਹੈ। ਸ਼ੁੱਕਰਵਾਰ ਨੂੰ ਪ੍ਰਚੂਨ ਮਹਿੰਗਾਈ ’ਚ ਲੋਕਾਂ ਨੂੰ ਰਾਹਤ ਮਿਲੀ ਸੀ ਅਤੇ ਡੇਢ ਸਾਲ ਦੇ ਹੇਠਲੇ ਪੱਧਰ ’ਤੇ ਆ ਗਈ ਸੀ। ਸੋਮਵਾਰ ਨੂੰ ਥੋਕ ਮਹਿੰਗਾਈ ਦਾ ਅੰਕੜਾ ਸਾਹਮਣੇ ਆ ਗਿਆ ਹੈ ਅਤੇ ਇਸ ਨੇ ਜ਼ੀਰੋ ਤੋਂ ਹੇਠਾਂ ਰਹਿੰਦੇ ਹੋਏ 34 ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਕਾਮਰਸ ਅਤੇ ਇੰਡਸਟਰੀ ਮਨਿਸਟਰੀ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਥੋਕ ਮਹਿੰਗਾਈ ਮਾਰਚ ਦੇ 1.34 ਫ਼ੀਸਦੀ ਦੇ ਮੁਕਾਬਲੇ ਅਪ੍ਰੈਲ ’ਚ ਘਟ ਕੇ ਜ਼ੀਰੋ ਤੋਂ ਵੀ ਹੇਠਾਂ -0.92 ਫ਼ੀਸਦੀ ’ਤੇ ਆ ਗਈ ਹੈ। ਰਾਇਟਰਸ ਦੇ ਸਰਵੇ ’ਚ 0.2 ਫ਼ੀਸਦੀ ਦੀ ਗਿਰਾਵਟ ਦਾ ਅਨੁਮਾਨ ਲਗਾਇਆ ਗਿਆ ਸੀ। ਅਪ੍ਰੈਲ ਲਗਾਤਾਰ 11ਵਾਂ ਮਹੀਨਾ ਹੈ, ਜਦੋਂ ਥੋਕ ਮਹਿੰਗਾਈ ’ਚ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ - NCLT ਨੇ Go First ਨੂੰ ਕਰਮਚਾਰੀਆਂ ਦੀ ਛਾਂਟੀ ਤੇ ਕੰਪਨੀ ਚਲਾਉਣ ਨੂੰ ਲੈ ਕੇ ਦਿੱਤੇ ਇਹ ਨਿਰਦੇਸ਼

ਕਿਸ ’ਚ ਕਿੰਨੀ ਘੱਟ ਹੋਈ ਮਹਿੰਗਾਈ
ਵਪਾਰ ਅਤੇ ਉਦਯੋਗ ਮੰਤਰਾਲਾ ਨੇ ਅਪ੍ਰੈਲ, 2023 ’ਚ ਮਹਿੰਗਾਈ ਦੀ ਦਰ ’ਚ ਗਿਰਾਵਟ ਮੁੱਖ ਤੌਰ ’ਤੇ ਬੁਨਿਆਦੀ ਧਾਤਾਂ, ਖਾਣ ਵਾਲੇ ਉਤਪਾਦਾਂ, ਖਣਿਜ ਤੇਲ, ਕੱਪੜਾ, ਗੈਰ-ਖੁਰਾਕੀ ਵਸਤਾਂ, ਰਸਾਇਣਿਕ ਉਤਪਾਦਾਂ, ਰਬੜ ਅਤੇ ਪਲਾਸਟਿਕ ਉਤਪਾਦਾਂ ਅਤੇ ਕਾਗਜ਼ ਅਤੇ ਕਾਗਜ਼ ਉਤਪਾਦਾਂ ਦੀਆਂ ਕੀਮਤਾਂ ’ਚ ਘਾਟ ਕਾਰਨ ਹੋਈ ਹੈ। ਪ੍ਰਾਇਮਰੀ ਪ੍ਰੋਡਕਟਸ ਮਹਿੰਗਾਈ ਮਾਰਚ ਦੇ ਮਹੀਨੇ ’ਚ 2.40 ਫ਼ੀਸਦੀ ਸੀ, ਜੋ ਘੱਟ ਕੇ ਅਪ੍ਰੈਲ ’ਚ 1.60 ਫ਼ੀਸਦੀ ਹੋ ਗਈ ਹੈ। ਫਿਊਲ ਅਤੇ ਬਿਜਲੀ ਦੀ ਮਹਿੰਗਾਈ ਮਾਰਚ ’ਚ 8.96 ਫ਼ੀਸਦੀ ਅਤੇ ਫਰਵਰੀ ’ਚ 13.96 ਫ਼ੀਸਦੀ ਤੋਂ ਘੱਟ ਕੇ ਅਪ੍ਰੈਲ ’ਚ 0.93 ਫ਼ੀਸਦੀ ਹੋ ਗਈ। ਮੈਨੂਫੈਕਚਰਿੰਗ ਪ੍ਰੋਡਕਟਸ ਦੀ ਮਹਿੰਗਾਈ ਮਾਰਚ ’ਚ -0.77 ਫ਼ੀਸਦੀ ਅਤੇ ਫਰਵੀਰ ’ਚ 1.94 ਫ਼ੀਸਦੀ ਸੀ, ਜੋ ਘੱਟ ਕੇ ਅਪ੍ਰੈਲ ’ਚ -2.42 ਫ਼ੀਸਦੀ ਹੋ ਗਈ।

ਇਹ ਵੀ ਪੜ੍ਹੋ - ਹੁਣ ਵਿਦੇਸ਼ਾਂ 'ਚ ਮਹਿਕੇਗੀ ਪੰਜਾਬ ਦੀ ਬਾਸਮਤੀ, ਪਹਿਲੀ ਵਾਰ ਤਾਇਨਾਤ ਹੋਣਗੇ ਕਿਸਾਨ ਮਿੱਤਰ

ਤਿੰਨ ਸਾਲਾਂ ਦੇ ਹੇਠਲੇ ਪੱਧਰ ’ਤੇ ਥੋਕ ਮਹਿੰਗਾਈ
ਮਾਰਚ ਦੇ ਮਹੀਨੇ ’ਚ ਥੋਕ ਮਹਿੰਗਾਈ 29 ਮਹੀਨਿਆਂ ਦੇ ਹੇਠਲੇ ਪੱਧਰ 1.34 ਫ਼ੀਸਦੀ ’ਤੇ ਆ ਗਈ ਸੀ, ਕਿਉਂਕਿ ਖਾਣ ਵਾਲੇ ਪਦਾਰਥ ਮਹਿੰਗੇ ਹੋਣ ਦੇ ਬਾਵਜੂਦ ਮੈਨੂਫੈਕਚਰਿੰਗ ਪ੍ਰੋਡਕਟਸ ਅਤੇ ਫਿਊਲ ਦੇ ਰੇਟ ’ਚ ਕਮੀ ਦੇਖਣ ਨੂੰ ਮਿਲੀ ਸੀ। ਅਪ੍ਰੈਲ ਦੇ ਮਹੀਨੇ ’ਚ ਥੋਕ ਮਹਿੰਗਾਈ 34 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਭਾਰਤ ’ਚ ਪ੍ਰਚੂਨ ਮਹਿੰਗਾਈ ਅਪ੍ਰੈਲ ’ਚ ਤੇਜ਼ੀ ਨਾਲ ਘਟ ਕੇ 4.7 ਫ਼ੀਸਦੀ ਜਾਂ 18 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ, ਜਦਕਿ ਪਿਛਲੇ ਮਹੀਨੇ ਇਹ 5.7 ਫ਼ੀਸਦੀ ਸੀ।

ਇਹ ਵੀ ਪੜ੍ਹੋ - ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਚਿੰਤਾਜਨਕ ਖ਼ਬਰ, ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ, ਜਾਣੋ ਵਜ੍ਹਾ

ਰੇਪੋ ਰੇਟ ’ਚ ਨਹੀਂ ਹੋਇਆ ਸੀ ਵਾਧਾ
ਰਿਜ਼ਰਵ ਬੈਂਕ ਆਫ ਇੰਡੀਆ ਦੀ ਅਪ੍ਰੈਲ ਮਾਨੇਟਰੀ ਪਾਲਿਸੀ ਦੀ ਬੈਠਕ ’ਚ ਰੇਪੋ ਰੇਟ ’ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ। ਇਸ ਤੋਂ ਪਹਿਲਾਂ ਫਰਵਰੀ ’ਚ ਰੇਪੋ ਰੇਟ ’ਚ0.25 ਫ਼ੀਸਦੀ ਦਾ ਵਾਧਾ ਕੀਤਾ ਗਿਆ ਸੀ। ਮਈ 2022 ਤੋਂ ਫਰਵਰੀ 2023 ਤੱਕ ਆਰ. ਬੀ. ਆਈ. ਨੇ ਰੇਪੋ ਰੇਟ ’ਚ 2.50 ਫ਼ੀਸਦੀ ਦਾ ਵਾਧਾ ਕੀਤਾ। ਇਸ ਤੋਂ ਬਾਅਦ ਦੇਸ਼ ’ਚ ਪਾਲਿਸੀ ਰੇਟ 6.50 ਫ਼ੀਸਦੀ ’ਤੇ ਆ ਗਏ। ਦੇਸ਼ ’ਚ ਮਹਿੰਗਾਈ ਟਾਲਰੈਂਸ ਪੱਧਰ ਟਾਰਗੈੱਟ 2 ਤੋਂ 6 ਫ਼ੀਸਦੀ ਹੈ। ਮਾਰਚ ਅਤੇ ਅਪ੍ਰੈਲ ਦੇ ਮਹੀਨੇ ’ਚ ਰਿਟੇਲ ਮਹਿੰਗਾਈ ਟੋਲਰੈਂਸ ਪੱਧਰ ਦੇ ਅੱਪਰ ਬੈਂਡ ਤੋਂ ਹੇਠਾਂ ਰਹੀ ਹੈ।

rajwinder kaur

This news is Content Editor rajwinder kaur