ਬੈਂਕ ''ਚ ਜਮ੍ਹਾ ਕਰਾਉਣੇ ਨੇ 500 ਤੇ 2000 ਦੇ ਨੋਟ, ਤਾਂ ਜ਼ਰੂਰ ਪੜ੍ਹੋ ਇਹ ਖਬਰ

11/24/2017 3:29:40 PM

ਨਵੀਂ ਦਿੱਲੀ— ਜੇਕਰ ਤੁਹਾਡੇ ਕੋਲ 500 ਅਤੇ 2000 ਦੇ ਅਜਿਹੇ ਨੋਟ ਆ ਗਏ ਹਨ, ਜਿਨ੍ਹਾਂ 'ਤੇ ਕੁਝ ਲਿਖਿਆ ਹੋਇਆ ਹੈ ਅਤੇ ਬੈਂਕ ਉਸ ਨੂੰ ਲੈਣ ਤੋਂ ਮਨ੍ਹਾ ਕਰ ਰਿਹਾ ਹੈ ਤਾਂ ਤੁਹਾਡੇ ਲਈ ਅਹਿਮ ਖਬਰ ਹੈ। ਰਿਜ਼ਰਵ ਬੈਂਕ ਮੁਤਾਬਕ, ਕੋਈ ਵੀ ਬੈਂਕ 500 ਅਤੇ 2000 ਰੁਪਏ ਦੇ ਉਨ੍ਹਾਂ ਨੋਟਾਂ ਨੂੰ ਲੈਣ ਤੋਂ ਮਨ੍ਹਾ ਨਹੀਂ ਕਰ ਸਕਦਾ ਹੈ ਜਿਨ੍ਹਾਂ 'ਤੇ ਕੁਝ ਲਿਖਿਆ ਹੋਇਆ ਹੈ। ਹਾਲਾਂਕਿ ਨੋਟਾਂ ਨੂੰ ਸਾਫ ਰੱਖਣਾ ਜ਼ਰੂਰੀ ਹੈ ਅਤੇ ਇਹ ਤੁਹਾਡੀ ਆਪਣੀ ਜਿੰਮੇਵਾਰੀ ਵੀ ਬਣਦੀ ਹੈ। ਇਸ ਦੇ ਇਲਾਵਾ ਕੋਈ ਵਿਅਕਤੀ ਅਜਿਹੇ ਨੋਟਾਂ ਨੂੰ ਬਦਲਾਅ ਨਹੀਂ ਸਕਦਾ ਹੈ, ਇਹ ਨੋਟ ਸਿਰਫ ਜਮ੍ਹਾ ਕਰਤਾ ਦੇ ਆਪਣੇ ਖਾਤੇ 'ਚ ਜਮ੍ਹਾ ਕੀਤੇ ਜਾ ਸਕਦੇ ਹਨ। ਆਰ. ਬੀ. ਆਈ. ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਮੰਨਣਯੋਗ ਹਨ 10 ਰੁਪਏ ਦੇ ਸਾਰੇ ਸਿੱਕੇ
ਉਨ੍ਹਾਂ ਨੇ ਕਿਹਾ ਕਿ ਕੇਂਦਰੀ ਬੈਂਕ ਪਹਿਲਾਂ ਵੀ ਇਸ ਸੰਬੰਧ 'ਚ ਵਹਿਮ ਦੂਰ ਕਰ ਚੁੱਕਾ ਹੈ ਅਤੇ ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ 500 ਅਤੇ 2000 ਦੇ ਨੋਟਾਂ 'ਤੇ ਕੁਝ ਲਿਖਿਆ ਹੋਣ ਜਾਂ ਰੰਗ ਲੱਗ ਜਾਣ ਦੀ ਸਥਿਤੀ 'ਚ ਵੀ ਇਹ ਮੰਨਣਯੋਗ ਹਨ। ਬੈਂਕ ਇਨ੍ਹਾਂ ਨੋਟਾਂ ਨੂੰ ਲੈਣ ਤੋਂ ਮਨ੍ਹਾ ਨਹੀਂ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਨਵੇਂ ਨੋਟਾਂ ਨੂੰ ਲੈ ਕੇ ਅਜੇ ਰਿਫੰਡ ਨੀਤੀ ਨਹੀਂ ਆਈ ਹੈ। ਇਸ ਲਈ ਜਿਨ੍ਹਾਂ ਨੋਟਾਂ 'ਤੇ ਕੁਝ ਲਿਖਿਆ ਹੈ ਉਨ੍ਹਾਂ ਨੂੰ ਬਦਲਾਇਆ ਨਹੀਂ ਜਾ ਸਕਦਾ ਪਰ ਖਾਤੇ 'ਚ ਜਮ੍ਹਾ ਕੀਤੇ ਜਾ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 500, 2000 ਅਤੇ 200 ਰੁਪਏ ਦੇ ਨੋਟਾਂ 'ਤੇ 17 ਫੀਚਰ ਹਨ, ਜਦੋਂ ਕਿ 50 ਰੁਪਏ ਦੇ ਨਵੇਂ ਨੋਟ 'ਤੇ 14 ਫੀਚਰ ਹਨ, ਜਿਨ੍ਹਾਂ ਜ਼ਰੀਏ ਲੋਕ ਨੋਟ ਦੀ ਸਹੀ ਤਰੀਕੇ ਨਾਲ ਪਛਾਣ ਕਰ ਸਕਦੇ ਹਨ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ 10 ਰੁਪਏ ਦੇ ਸਾਰੇ ਸਿੱਕੇ ਵੀ ਮੰਨਣਯੋਗ ਹਨ ਅਤੇ ਕੋਈ ਵੀ ਦੁਕਾਨਦਾਰ ਸਿੱਕੇ ਲੈਣ ਤੋਂ ਇਨਕਾਰ ਨਹੀਂ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਪ੍ਰਗਤੀ ਮੈਦਾਨ 'ਚ ਲੱਗੇ ਕੌਮਾਂਤਰੀ ਵਪਾਰ ਮੇਲੇ 'ਚ ਆਰ. ਬੀ. ਆਈ. ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣਾ ਸਟਾਲ ਲਗਾਇਆ ਹੈ, ਜਿਸ 'ਚ ਲੋਕਾਂ ਨੂੰ ਉਨ੍ਹਾਂ ਦੇ ਸੰਬੰਧਤ ਸਵਾਲਾਂ ਦੇ ਜਵਾਬ ਵੀ ਦਿੱਤੇ ਜਾ ਰਹੇ ਹਨ।