ਹੁਣ Airport ਜਲਦੀ ਪਹੁੰਚਣ ''ਤੇ ਪਹਿਲਾਂ ਵੀ ਫੜ ਸਕੋਗੇ ਫਲਾਈਟ!

06/13/2018 2:26:03 PM

ਬਿਜ਼ਨੈੱਸ ਡੈਸਕ : ਹਵਾਬਾਜ਼ੀ ਕੰਪਨੀ ਵਿਸਤਾਰਾ ਨੇ ਯਾਤਰੀਆਂ ਦੀ ਸਹੂਲਤ ਲਈ ਇਕ ਨਵੀਂ ਸਕੀਮ ਲਾਂਚ ਕੀਤੀ ਹੈ, ਜਿਸ 'ਚ ਹੁਣ ਜੇਕਰ ਕੋਈ ਯਾਤਰੀ ਫਲਾਈਟ ਦੇ ਤੈਅ ਸਮੇਂ ਤੋਂ ਚਾਰ ਘੰਟੇ ਪਹਿਲਾਂ ਹੀ ਹਵਾਈ ਅੱਡੇ 'ਤੇ ਪਹੁੰੰਚ ਜਾਂਦਾ ਹੈ ਤਾਂ ਉਸ ਯਾਤਰੀ ਨੂੰ ਦੂਜੀ ਫਲਾਈਟ 'ਚ ਵੀ ਜਾਣ ਦੀ ਸੁਵਿਧਾ ਦਿੱਤੀ ਜਾਵੇਗੀ।
ਵਿਸਤਾਰਾ ਨੇ 'ਵਿਸਤਾਰਾ ਫਲਾਈ ਅਰਲੀ' ਸਕੀਮ ਲਾਂਚ ਕੀਤੀ ਹੈ। ਇਸ ਤਹਿਤ ਯਾਤਰੀ ਬੁੱਕ ਕੀਤੀ ਗਈ ਫਲਾਈਟ ਤੋਂ ਚਾਰ ਘੰਟਿਆਂ ਦੇ ਅੰਦਰ-ਅੰਦਰ ਪਹਿਲਾਂ ਵੀ ਫਲਾਈਟ ਫੜ ਸਕਦੇ ਹਨ। ਇਸ ਦਾ ਫਾਇਦਾ ਉਨ੍ਹਾਂ ਯਾਤਰੀਆਂ ਨੂੰ ਹੋਵੇਗਾ, ਜੋ ਹਵਾਈ ਅੱਡੇ 'ਤੇ ਕਾਫੀ ਸਮਾਂ ਪਹਿਲਾਂ ਪਹੁੰਚ ਜਾਂਦੇ ਹਨ ਅਤੇ ਚਾਰ-ਪੰਜ ਘੰਟੇ ਤਕ ਫਲਾਈਟ ਦੀ ਉਡੀਕ 'ਚ ਬੈਠਣਾ ਪੈਂਦਾ ਹੈ।

2,500 ਰੁਪਏ ਲੱਗੇਗੀ ਹੋਰ ਫੀਸ—
ਇਹ ਸਰਵਿਸ ਸਿਰਫ ਹਵਾਈ ਅੱਡੇ 'ਤੇ ਹੀ ਉਪਲੱਬਧ ਹੈ। ਹਾਲਾਂਕਿ ਚਾਰ ਘੰਟੇ ਪਹਿਲਾਂ ਵਿਸਤਾਰਾ ਦੀ ਦੂਜੀ ਫਲਾਈਟ ਫੜਨ ਲਈ ਯਾਤਰੀ ਨੂੰ 2,500 ਰੁਪਏ ਫੀਸ ਭਰਨੀ ਹੋਵੇਗੀ। ਇਸ ਸੁਵਿਧਾ ਦਾ ਫਾਇਦਾ ਯਾਤਰੀ ਸਿਰਫ ਉਦੋਂ ਹੀ ਉਠਾ ਸਕਦਾ ਹੈ, ਜੇਕਰ ਪਹਿਲਾਂ ਜਾਣ ਵਾਲੀ ਫਲਾਈਟ 'ਚ ਸੀਟ ਖਾਲੀ ਹੋਵੇਗੀ। ਵਿਸਤਾਰਾ ਦੀ ਨਵੀਂ ਸਕੀਮ ਦਾ ਕਿਸੇ ਵੀ ਕਲਾਸ ਜਿਵੇਂ ਕਿ ਇਕਨਾਮੀ, ਬਿਜ਼ਨਸ ਕਲਾਸ ਦਾ ਯਾਤਰੀ ਫਾਇਦਾ ਲੈ ਸਕਦਾ ਹੈ। ਉੱਥੇ ਹੀ ਵਿਸਤਾਰਾ ਦੇ ਫਲੈਕਸੀ ਫੇਅਰ ਯਾਤਰੀ ਅਤੇ ਕਲੱਬ ਵਿਸਤਾਰਾ ਪਲੈਟੀਨਮ ਮੈਂਬਰਾਂ ਦੀ 2,500 ਰੁਪਏ ਫੀਸ ਮਾਫ ਕਰ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਕ ਬੁੱਕ ਕੀਤੀ ਗਈ ਫਲਾਈਟ ਅਤੇ ਸਮੇਂ ਤੋਂ ਪਹਿਲਾਂ ਜਾਣ ਵਾਲੀ ਫਲਾਈਟ ਵਿਚਕਾਰ ਦਾ ਸਮਾਂ ਚਾਰ ਘੰਟੇ ਤੋਂ ਵਧ ਨਹੀਂ ਹੋਣਾ ਚਾਹੀਦਾ ਹੈ।