ਮੰਦੀ ਦੇ ਨਾਲ ਹੁਣ ਹੜ੍ਹ ਨੇ ਵਧਾਇਆ ਜੇਬ ''ਤੇ ਭਾਰ , ਸਬਜ਼ੀਆਂ ਵਿਕ ਰਹੀਆਂ ਨੇ ਮਹਿੰਗੇ ਭਾਅ

08/22/2019 5:42:35 PM

ਚੰਡੀਗੜ੍ਹ — ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਹੜ੍ਹਾਂ ਅਤੇ ਬਾਰਿਸ਼ ਕਾਰਨ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਇਸ ਕਾਰਨ ਪੰਜਾਬ ਅਤੇ ਹਰਿਆਣੇ 'ਚ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਦੁੱਗਣੀਆਂ ਹੋ ਕੇ ਕ੍ਰਮਵਾਰ 80 ਰੁਪਏ ਅਤੇ 50 ਰੁਪਏ ਪ੍ਰਤੀ ਕਿਲੋ ਪਹੁੰਚ ਗਈਆਂ ਹਨ। ਇਨ੍ਹਾਂ ਦੋਵਾਂ ਸੂਬਿਆਂ ਦੇ ਨਾਲ ਲੱਗਦੇ ਹਿਮਾਚਲ 'ਚ ਵੀ ਭਾਰੀ ਬਰਸਾਤ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ।

ਮਟਰ, ਫੁੱਲਗੋਭੀ ਅਤੇ ਫਲੀਆਂ ਵਰਗੀਆਂ ਹੋਰ ਪ੍ਰਮੁੱਖ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ, ਹਰਿਆਣਾ ਅਤੇ ਇਨ੍ਹਾਂ ਦੀ ਰਾਜਧਾਨੀ ਚੰਡੀਗੜ੍ਹ 'ਚ ਪਿਆਜ਼ ਦਾ ਮੁੱਲ 50 ਰੁਪਏ ਪ੍ਰਤੀ ਕਿਲੋ ਪਹੁੰਚ ਗਿਆ ਹੈ। ਵਪਾਰੀਆਂ ਨੇ ਕਿਹਾ, 'ਸਿਰਫ ਇਕ ਹਫਤੇ ਪਹਿਲਾਂ, ਪਿਆਜ 20-25 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ ਜਦੋਂਕਿ ਇਕ ਹਫਤੇ ਅੰਦਰ ਹੀ ਸਬਜ਼ੀਆਂ ਦੇ ਭਾਅ ਦੁੱਗਣੇ ਹੋ ਗਏ ਹਨ। ਮਹਾਰਾਸ਼ਟਰ ਜਿਥੋਂ ਕਿ ਪਿਆਜ ਦੀ ਸਪਲਾਈ ਹੁੰਦੀ ਹੈ ਉਥੇ ਭਾਰੀ ਹੜਾਂ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਕਾਰਨ ਸਪਲਾਈ 'ਚ ਭਾਰੀ ਕਮੀ ਦਰਜ ਕੀਤੀ ਜਾ ਰਹੀ ਹੈ।

ਪੰਜਾਬ ਅਤੇ ਹਰਿਆਣੇ ਦੇ ਇਲਾਕੇ ਮੌਜੂਦਾ ਸਮੇਂ 'ਚ ਵੀ ਹੜ੍ਹਾਂ ਦੀ ਮਾਰ ਝੇਲ ਰਹੇ ਹਨ। ਇਨ੍ਹਾਂ ਇਲਾਕਿਆਂ 'ਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਵਪਾਰੀਆਂ ਨੇ ਦੱਸਿਆ ਕਿ ਟਮਾਟਰ ਦੇ ਭਾਅ 40 ਰੁਪਏ ਤੋਂ ਵਧ ਕੇ 80 ਰੁਪਏ ਕਿਲੋ, ਮਟਰ 90 ਰੁਪਏ ਕਿਲੋ ਤੋਂ ਵਧ ਕੇ 120 ਰੁਪਏ ਕਿਲੋ, ਫੁੱਲਗੋਭੀ 60-70 ਰੁਪਏ ਤੋਂ ਵਧ ਕੇ 100 ਰੁਪਏ ਕਿਲੋ, ਫਲੀਆਂ ਦੀ ਕੀਮਤ 50 ਰੁਪਏ ਕਿਲੋ ਤੋਂ ਵਧ ਕੇ 90 ਰੁਪਏ ਕਿਲੋ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਘੀਆ ਜਿਹੜਾ 40 ਰੁਪਏ ਕਿਲੋ ਵਿਕ ਰਿਹਾ  ਸੀ ਉਸਦੀ ਕੀਮਤ ਵਧ ਕੇ 50 ਰੁਪਏ ਕਿਲੋ ਹੋ ਗਈ ਹੈ ਜਦੋਂਕਿ 40 ਰੁਪਏ ਕਿਲੋ ਵਾਲੀ ਗਾਜਰ 60 ਰੁਪਏ ਕਿਲੋ ਵਿਕ ਰਹੀ ਹੈ। ਭਿੰਡੀ ਵੀ ਹੁਣ 40 ਰੁਪਏ ਕਿਲੋ ਨਹੀਂ ਰਹੀ ਇਸ ਦੀ ਕੀਮਤ ਵੀ ਵਧ ਕੇ 60 ਰੁਪਏ ਕਿਲੋ ਪਹੁੰਚ ਗਈ ਹੈ।