ਲਗਾਤਾਰ ਵਧਦੇ ਹੀ ਜਾ ਰਹੇ ਹਨ ਸਬਜ਼ੀਆਂ ਦੇ ਭਾਅ

06/12/2019 12:15:12 PM

ਮੁੰਬਈ — ਮੰਡੀਆਂ 'ਚ ਸਬਜ਼ੀਆਂ ਦੀ ਸਪਲਾਈ ਘੱਟ ਹੋਣ ਕਾਰਨ ਪਿਛਲੇ ਇਕ ਹਫਤੇ ਵਿਚ ਸਬਜ਼ੀਆਂ ਦੀਆਂ ਕੀਮਤਾਂ 40 ਫੀਸਦੀ ਤੱਕ ਵਧ ਚੁੱਕੀਆਂ ਹਨ। ਮੌਜੂਦਾ ਕੀਮਤਾਂ 'ਚ ਵਾਧੇ ਦੇ ਕਾਰਨ ਕੋਲਕਾਤਾ ਵਿਚ ਕਰੇਲਾ ਥੋਕ 'ਚ 36 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪ੍ਰਚੂਨ 'ਚ 60 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਵਿਕ ਰਿਹਾ ਹੈ। ਮੁੰਬਈ ਦੇ ਥੋਕ ਬਜ਼ਾਰ ਵਿਚ ਅੱਜ ਬੰਦਗੋਭੀ 33 ਫੀਸਦੀ ਮਹਿੰਗੀ ਹੋ ਕੇ 20 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਚਲੀ ਗਈ ਹੈ। ਹੋਰ ਪ੍ਰਮੁੱਖ ਬਜ਼ਾਰਾਂ ਵਿਚ ਵੀ ਸਬਜ਼ੀਆਂ ਦੀਆਂ ਕੀਮਤਾਂ ਵਿਚ ਇਸੇ ਤਰ੍ਹਾਂ ਨਾਲ ਹੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਨਾਸਿਕ ਦੀ ਲਾਸਲਗਾਂਵ ਮੰਡੀ ਵਿਚ ਪਿਆਜ਼ ਦੇ ਭਾਅ ਵੀ ਵਧ ਰਹੇ ਹਨ ਅਤੇ ਇਸ ਦਾ ਭਾਅ 14 ਰੁਪਏ ਪ੍ਰਤੀ ਕਿਲੋਗ੍ਰਾਮ ਬੋਲਿਆ ਜਾ ਰਿਹਾ ਸੀ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਘੱਟੋ-ਘੱਟ ਅਗਲੇ 4-6 ਹਫਤਿਆਂ ਤੱਕ ਸਬਜ਼ੀਆਂ ਦੀਆਂ ਉੱਚੀਆਂ ਕੀਮਤਾਂ ਦਾ ਸਾਹਮਣਾ ਕਰਨਾ ਪਵੇਗਾ। ਭਾਵੇਂ ਇਸ ਸੀਜ਼ਨ ਵਿਚ ਮਾਨਸੂਨ ਦੀ ਬਾਰਿਸ਼ ਆਮ ਰਹੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸੋਕੇ ਦੀ ਮਾਰ ਵਾਲੇ ਖੇਤਰ ਵਿਚ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਸਿੰਚਾਈ ਸਹੂਲਤ ਵਾਲੇ ਵਾਧੂ ਖੇਤਰ 'ਚ ਬਿਜਾਈ 'ਤੇ ਵਿਚਾਰ ਕਰ ਰਹੀ ਹੈ ਤਾਂ ਜੋ ਇਸ ਸਾਲ ਸਬਜ਼ੀਆਂ ਦੀ ਕੁੱਲ ਪੈਦਾਵਾਰ 'ਚ 5-7 ਫੀਸਦੀ ਤੱਕ ਦਾ ਵਾਧਾ ਕੀਤਾ ਜਾ ਸਕੇ। ਹਾਲਾਂਕਿ ਇਸ ਗੱਲ ਦਾ ਖਦਸ਼ਾ ਹੈ ਕਿ ਕੁੱਲ ਸਬਜ਼ੀ ਉਤਪਾਦਨ ਉਸੇ ਅਨੁਪਾਤ ਵਿਚ ਨਹੀਂ ਵਧ ਸਕੇਗਾ। 

ਮਾਹਰਾਂ ਦਾ ਕਹਿਣਾ ਹੈ ਕਿ ਖੇਤਾਂ ਵਿਚ ਨਮੀ ਦੀ ਕਮੀ ਦੇ ਕਾਰਨ ਗਰਮੀਆਂ ਵਿਚ ਬੀਜੀ ਗਈ ਸਬਜ਼ੀਆਂ ਦੇ ਫੁੱਲ ਸੜ ਰਹੇ ਹਨ। ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਤਾਮਿਲਨਾਡੂ ਅਤੇ ਤੇਲੰਗਾਨਾ ਵਰਗੇ ਸੂਬਿਆਂ ਵਿਚ ਕਿਸਾਨ ਇਸ ਸਾਲ ਸਬਜ਼ੀਅ ਦੇ ਉਤਪਾਦਨ ਵਿਚ ਭਾਰੀ ਗਿਰਾਵਟ ਦਾ ਅਨੁਮਾਨ ਲਗਾ ਰਹੇ ਹਨ ਕਿਉਂਕਿ ਲਗਾਤਾਰ ਦੋ ਸਾਲ 'ਚ ਔਸਤ ਤੋਂ ਘੱਟ ਰਹਿਣ ਵਾਲੀ ਮਾਨਸੂਨ ਬਾਰਸ਼ ਦੇ ਬਾਅਦ ਪਾਣੀ ਦੇ ਪੱਧਰ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਹਾਲਾਂਕਿ ਕਿ ਇਸ ਸਾਲ ਆਮ ਮਾਨਸੂਨ ਦੇ ਪੁਰਵ ਅੰਦਾਜ਼ਿਆਂ ਨੇ ਕਾਸਨਾਂ ਦੀ ਉਮੀਦ ਨੂੰ ਜ਼ਿੰਦਾ ਰੱਖਿਆ ਹੈ ਪਰ ਬਾਰਿਸ਼ ਸਬਜ਼ੀਆਂ ਦੀ ਕੁੱਲ ਪੈਦਾਵਾਰ 'ਚ ਵਾਧਾ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ 'ਚ ਮਹੱਤਵਪੂਰਣ ਭੂਮਿਕਾ ਨਿਭਾਵੇਗੀ।

ਪਿਆਜ਼ ਦੇ ਭਾਅ ਵਧਣ 'ਤੇ ਨਿਰਯਾਤ ਪ੍ਰਮੋਸ਼ਨ ਖਤਮ

ਸਰਕਾਰ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਸੁਚੇਤ ਹੋ ਕੇ ਕੀਮਤਾਂ ਵਿਚ ਹੋਰ ਵਾਧੇ ਨੂੰ ਰੋਕਣ ਲਈ ਪਿਆਜ਼ ਨੂੰ ਦਿੱਤਾ ਜਾਣ ਵਾਲਾ 10 ਫੀਸਦੀ ਤੱਕ ਦਾ ਨਿਰਯਾਤ ਪ੍ਰਮੋਸ਼ਨ ਖਤਮ ਕਰ ਦਿੱਤਾ ਹੈ। ਸਰਕਾਰ ਦੇ ਇਸ ਕਦਮ ਨਾਲ ਘਰੇਲੂ ਬਜ਼ਾਰਾਂ ਵਿਚ ਇਸ ਦੀ ਕੀਮਤ ਵਿਚ ਹੋਰ ਵਾਧੇ ਨੂੰ ਰੋਕਣ ਲਈ ਅਤੇ ਭਾਰਤ ਤੋਂ ਬਾਹਰ ਜਾਣ ਵਾਲੀਆਂ ਇਸ ਦੀਆਂ ਖੇਪਾਂ ਨੂੰ ਰੋਕਣ 'ਚ ਮਦਦ ਮਿਲੇਗੀ।