ਸਭ ਤੋਂ ਵੱਡੀ ਅਲਮੀਨੀਅਮ ਨਿਰਮਾਤਾ ਬਣੇਗੀ ਵੇਦਾਂਤ ਕੰਪਨੀ

11/21/2017 11:30:04 AM

ਭੁਵਨੇਸ਼ਵਰ— ਅਨਿਲ ਅਗਰਵਾਲ ਦੇ ਮਾਲਕਾਨਾ ਹੱਕ ਵਾਲੀ ਵੇਦਾਂਤ ਲਿਮਟਿਡ ਮੌਜੂਦਾ ਵਿੱਤੀ ਸਾਲ 'ਚ ਆਦਿੱਤਿਆ ਬਿਰਲਾ ਸਮੂਹ ਨੂੰ ਪਿੱਛੇ ਛੱਡਦੇ ਹੋਏ ਦੇਸ਼ ਦੀ ਸਭ ਤੋਂ ਵੱਡੀ ਸਟੀਲ ਉਤਪਾਦਕ ਬਣ ਸਕਦੀ ਹੈ। ਓਡੀਸ਼ਾ ਅਤੇ ਛਤੀਸਗੜ੍ਹ 'ਚ ਵੇਦਾਂਤ ਦਾ ਕੁੱਲ ਅਲਮੀਨੀਅਮ ਉਤਪਾਦਨ 9.6 ਲੱਖ ਟਨ ਹੈ ਅਤੇ ਕੰਪਨੀ ਇਸ ਸਾਲ ਸਾਲਾਨਾ ਉਤਪਾਦਨ 16 ਲੱਖ ਟਨ 'ਤੇ ਪਹੁੰਚਾਉਣ ਦੀ ਰਾਹ 'ਤੇ ਹੈ। ਇਸ ਦੇ ਮੁਕਾਬਲੇ ਆਦਿੱਤਿਆ ਅਲਮੀਨੀਅਮ ਅਤੇ ਹਿੰਡਾਲਕੋ ਦਾ ਉਤਪਾਦਨ ਓਡੀਸ਼ਾ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ 'ਚ ਸਥਿਤ ਚਾਰ ਪਲਾਂਟਾਂ 'ਚ 13.2 ਲੱਖ ਟਨ ਹੈ। ਮਾਲੀ ਵਰ੍ਹੇ 2017 'ਚ ਸਮੂਹ ਦਾ ਕੁੱਲ ਉਤਪਾਦਨ 12.6 ਲੱਖ ਟਨ ਰਿਹਾ। ਉੱਥੇ ਹੀ ਇਸ ਮਾਮਲੇ 'ਚ ਸਰਕਾਰੀ ਖੇਤਰ ਦੀ ਨੈਸ਼ਨਲ ਅਲਮੀਨੀਅਮ ਕੰਪਨੀ 4.2 ਲੱਖ ਟਨ ਸਾਲਾਨਾ ਸਮਰੱਥਾ ਦੇ ਨਾਲ ਤੀਜੇ ਨੰਬਰ 'ਤੇ ਹੈ। 
ਵੇਦਾਂਤ ਲਿਮਟਿਡ ਦੇ ਮੁੱਖ ਕਾਰਜਕਾਰੀ ਅਭੀਜੀਤ ਪਾਟੀ ਨੇ ਕਿਹਾ ਕਿ ਸਮੂਹ ਦੇ ਤੌਰ 'ਤੇ ਅਸੀਂ ਮਾਲੀ ਵਰ੍ਹੇ 2018 'ਚ 16 ਲੱਖ ਟਨ ਅਲਮੀਨੀਅਮ ਦਾ ਉਤਪਾਦਨ ਕਰਾਂਗੇ, ਜੋ ਪਿਛਲੇ ਸਾਲ 9.6 ਲੱਖ ਟਨ ਦੇ ਮੁਕਾਬਲੇ 66 ਫੀਸਦੀ ਜ਼ਿਆਦਾ ਹੋਵੇਗਾ। ਕੰਪਨੀ ਦੇ ਅਲਮੀਨੀਅਮ ਉਤਪਾਦਨ 'ਚ ਮੁਖ ਤੌਰ 'ਤੇ ਮਜ਼ਬੂਤੀ ਓਡੀਸ਼ਾ ਦੇ ਝਾਰਸੁਗੁੜਾ ਪਲਾਂਟ 'ਚ ਆਈ ਹੈ, ਜਿੱਥੇ ਵਿਸਥਾਰ ਹੋ ਰਿਹਾ ਹੈ। ਇਸ ਸਾਲ ਇਸ ਪਲਾਂਟ ਦੀ ਸਮਰੱਥਾ 11 ਲੱਖ ਟਨ ਹੋ ਜਾਵੇਗੀ ਅਤੇ ਛਤੀਸਗੜ੍ਹ 'ਚ ਪਲਾਂਟ ਦੀ ਸਮਰੱਥਾ 5.6 ਲੱਖ ਟਨ ਹੋਵੇਗੀ। ਪਿਛਲੇ ਸਾਲ ਝਾਰਸੁਗੁੜਾ ਪਲਾਂਟ 'ਚ 7.6 ਲੱਖ ਟਨ ਅਲਮੀਨੀਅਮ ਦਾ ਉਤਪਾਦਨ ਹੋਇਆ ਸੀ।