US 'ਚ ਮੁਸ਼ਕਲ ਹੋਣ ਜਾ ਰਿਹੈ AIRBUS ਦਾ ਰਾਹ, 5 ਫੀਸਦੀ ਵਧੀ ਡਿਊਟੀ

02/15/2020 12:46:52 PM

ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਨੇ Airbus ਨੂੰ ਤਕੜਾ ਝਟਕਾ ਦਿੱਤਾ ਹੈ। ਯੂਰਪੀ ਸੰਘ ਤੋਂ ਜਹਾਜ਼ਾਂ ਦੀ ਦਰਾਮਦ 'ਤੇ ਅਮਰੀਕਾ 5 ਫੀਸਦੀ ਡਿਊਟੀ ਵਧਾਉਣ ਜਾ ਰਿਹਾ ਹੈ। ਫਿਲਹਾਲ ਇਹ ਡਿਊਟੀ 10 ਫੀਸਦੀ ਹੈ, ਜੋ 18 ਮਾਰਚ ਤੋਂ ਵੱਧ ਕੇ 15 ਫੀਸਦੀ ਹੋ ਜਾਵੇਗੀ।

 

ਏਅਰਬੱਸ ਦੁਨੀਆ ਦੀ ਸਭ ਤੋਂ ਵੱਡੀ ਹਵਾਈ ਜਹਾਜ਼ ਨਿਰਮਾਤਾ ਹੈ। ਯੂ. ਐੱਸ. ਨੇ ਬੀਤੇ ਸਾਲ ਈ. ਯੂ. ਖਿਲਾਫ ਡਬਲਿਊ. ਟੀ. ਓ. 'ਚ ਇਕ ਮਾਮਲਾ ਜਿੱਤਿਆ ਸੀ, ਜਿਸ 'ਚ ਅਮਰੀਕਾ ਦਾ ਦੋਸ਼ ਸੀ ਕਿ ਯੂਰਪੀ ਸੰਘ ਗੈਰ-ਕਾਨੂੰਨੀ ਤਰੀਕੇ ਨਾਲ ਏਅਰਬੱਸ ਨੂੰ ਸਬਸਿਡੀ ਦੇ ਰਿਹਾ ਹੈ ਜਿਸ ਕਾਰਨ ਅਮਰੀਕੀ ਕੰਪਨੀ ਬੋਇੰਗ ਨੂੰ ਨੁਕਸਾਨ ਹੋ ਰਿਹਾ ਹੈ।
ਪਿਛਲੇ ਸਾਲ ਅਕਤੂਬਰ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਦੇ ਅਮਰੀਕਾ ਦੇ ਹੱਕ 'ਚ ਆਉਣ ਤੋਂ ਬਾਅਦ ਏਅਰਬੱਸ ਜਹਾਜ਼ਾਂ 'ਤੇ 10 ਫੀਸਦੀ ਟੈਰਿਫ ਲਗਾ ਦਿੱਤਾ ਸੀ। ਯੂ. ਐੱਸ. ਵਪਾਰ ਦਫਤਰ ਨੇ ਕਿਹਾ ਕਿ ਉਹ ਯੂਰਪੀ ਸੰਘ ਨਾਲ ਗੱਲਬਾਤ ਜ਼ਰੀਏ ਸਮਝੌਤੇ ਤੱਕ ਪਹੁੰਚਣ ਲਈ ਤਿਆਰ ਹੈ ਪਰ ਨਾਲ ਹੀ ਉਸ ਨੇ ਧਮਕੀ ਵੀ ਦਿੱਤੀ ਕਿ ਜੇਕਰ ਯੂਰਪੀ ਸੰਘ ਨੇ ਬਦਲੇ ਦੀ ਕਾਰਵਾਈ ਨਾਲ ਟੈਰਿਫ ਲਾ ਦਿੱਤਾ ਤਾਂ ਯੂ. ਐੱਸ. ਡਿਊਟੀ ਹੋਰ ਵਧਾਉਣ ਤੋਂ ਗੁਰੇਜ਼ ਨਹੀਂ ਕਰੇਗਾ। ਉੱਥੇ ਹੀ, ਯੂਰਪੀਅਨ ਹਵਾਈ ਜਹਾਜ਼ ਨਿਰਮਾਤਾ ਏਅਰਬੱਸ ਨੇ ਕਿਹਾ ਕਿ ਯੂ. ਐੱਸ. ਦੇ ਇਸ ਕਦਮ ਨਾਲ ਹਵਾਈ ਜਹਾਜ਼ਾਂ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਅਮਰੀਕੀ ਏਅਰਲਾਈਨਾਂ ਨੂੰ ਨੁਕਸਾਨ ਹੋਵੇਗਾ। ਕੰਪਨੀ ਨੇ ਕਿਹਾ ਕਿ ਸੰਯੁਕਤ ਰਾਜ ਵਪਾਰ ਪ੍ਰਤੀਨਿਧੀ (ਯੂ. ਟੀ. ਐੱਸ. ਆਰ.) ਨੇ ਇਹ ਫੈਸਲਾ ਕਈ ਤੱਥਾਂ 'ਤੇ ਗੌਰ ਕੀਤੇ ਬਿਨਾਂ ਕੀਤਾ ਹੈ, ਜਿਸ ਦਾ ਅੰਤਿਮ ਪ੍ਰਭਾਵ ਅਮਰੀਕੀ ਹਵਾਈ ਮੁਸਾਫਰਾਂ ਦੀ ਜੇਬ 'ਤੇ ਪਵੇਗਾ।