''ਵਿਦਿਆਰਥੀਆਂ'' ਲਈ ਅਮਰੀਕਾ ਦੇ ਦਰਵਾਜ਼ੇ ਬੰਦ, ਹੁਣ ਇਨ੍ਹਾਂ ਦੇਸ਼ਾਂ ਨੇ ਖੋਲ੍ਹੇ ਰਾਹ!

09/19/2017 10:38:57 AM

ਮੁੰਬਈ— ਸਤੰਬਰ 2016 'ਚ ਦਿੱਗਜ ਭਾਰਤੀ ਸਾਫਟਵੇਅਰ ਕੰਪਨੀਆਂ ਤੋਂ ਜਿਨ੍ਹਾਂ ਆਈ. ਆਈ. ਟੀ. ਵਿਦਿਆਰਥੀਆਂ ਨੂੰ ਯੂ. ਐੱਸ. 'ਚ ਨੌਕਰੀ ਦਾ ਆਫਰ ਮਿਲਿਆ ਸੀ, ਉਨ੍ਹਾਂ ਦਾ ਸੁਪਨਾ ਹੁਣ ਤੱਕ ਸਾਕਾਰ ਨਹੀਂ ਹੋਇਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੀਜ਼ਾ ਪਾਲਿਸੀ ਇਸ ਲਈ ਜ਼ਿੰਮੇਵਾਰ ਹੈ। ਇਸ ਪਾਲਿਸੀ ਦਾ ਨਤੀਜਾ ਇਹ ਹੋਇਆ ਕਿ ਦੇਸ਼ ਦੇ ਜਿਨ੍ਹਾਂ ਬਿਹਤਰੀਨ ਪੇਸ਼ੇਵਰਾਂ ਨੂੰ ਯੂ. ਐੱਸ. ਲਈ ਕਰੋੜਾਂ ਦਾ ਆਫਰ ਮਿਲਿਆ ਸੀ, ਹੁਣ ਉਹ ਇਸ ਨਾਲੋਂ ਘੱਟ ਪੈਕੇਜ 'ਤੇ ਵੀ ਸਮਝੌਤਾ ਕਰਨ ਨੂੰ ਮਜ਼ਬੂਰ ਹਨ। ਵੀਜ਼ਾ ਪਾਲਿਸੀ ਕਾਰਨ ਉਨ੍ਹਾਂ ਸੰਸਥਾਨਾਂ ਦੀ ਪ੍ਰੇਸ਼ਾਨੀ ਵੀ ਵੱਧ ਗਈ ਹੈ, ਜੋ ਸੰਸਥਾਨ ਕੈਂਪਸ ਪਲੇਸਮੈਂਟ ਜ਼ਰੀਏ ਵਿਦੇਸ਼ੀ ਕੰਪਨੀਆਂ 'ਚ ਨੌਕਰੀ ਦਾ ਦਾਅਵਾ ਕਰਦੇ ਸਨ। ਹੁਣ ਇਹ ਸੰਸਥਾਨ ਵੀ ਨਵੇਂ ਰਾਹ ਖੋਜਣ ਲੱਗੇ ਹੋਏ ਹਨ। ਉਨ੍ਹਾਂ ਨੂੰ ਡਰ ਹੈ ਕਿ ਆਉਣ ਵਾਲੇ ਪਲੇਸਮੈਂਟ ਸੀਜ਼ਨ 'ਚ ਯੂ. ਐੱਸ. ਆਫਰਸ 'ਚ ਭਾਰੀ ਕਮੀ ਆਵੇਗੀ। ਹਾਲਾਤ ਕੁਝ ਅਜਿਹੇ ਹਨ ਕਿ ਆਈ. ਆਈ. ਟੀ. ਦੇ ਪਲੇਸਮੈਂਟ ਸੈੱਲ ਯੂ. ਐੱਸ. ਤੋਂ ਪਰ੍ਹੇ ਮੌਕੇ ਲੱਭ ਰਹੇ ਹਨ।
ਹੁਣ ਇਹ ਦੇਸ਼ ਵਿਦਿਆਰਥੀਆਂ ਦੀ ਬਣੇ ਪਹਿਲੀ ਪਸੰਦ
ਜਾਪਾਨ, ਤਾਇਵਾਨ, ਕੈਨੇਡਾ, ਸਿੰਗਾਪੁਰ ਅਤੇ ਕੁਝ ਹੋਰ ਯੂਰਪੀ ਦੇਸ਼ ਹੁਣ ਵਿਦਿਆਰਥੀਆਂ ਦੀ ਪਹਿਲੀ ਪਸੰਦ 'ਚ ਸ਼ਾਮਲ ਹੋਣ ਲੱਗੇ ਹਨ। ਪਿਛਲੇ ਸਾਲ ਜਿਨ੍ਹਾਂ ਆਈ. ਆਈ. ਟੀ. ਗ੍ਰੈਜੂਏਟਸ ਨੂੰ ਅਮਰੀਕਾ 'ਚ ਆਫਰ ਮਿਲਿਆ ਸੀ ਉਨ੍ਹਾਂ 'ਚੋਂ ਬਹੁਤ ਥੋੜ੍ਹਿਆਂ ਨੇ ਅਮਰੀਕਾ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਦੋਂ ਕਿ ਬਾਕੀਆਂ ਨੇ ਉਨ੍ਹਾਂ ਅਮਰੀਕੀ ਕੰਪਨੀਆਂ ਦੇ ਭਾਰਤ ਸਥਿਤ ਦਫਤਰ ਨੂੰ ਜੁਆਇਨ ਕੀਤਾ ਹੈ ਜਾਂ ਵਿਦੇਸ਼ 'ਚ ਬਦਲਵੇਂ ਆਫਰ ਉਨ੍ਹਾਂ ਨੂੰ ਦਿੱਤੇ ਜਾ ਰਹੇ ਹਨ। ਉਦਾਹਰਣ ਲਈ ਮਾਈਕ੍ਰੋਸਾਫਟ ਨੇ ਕੁਝ ਵਿਦਿਆਰਥੀਆਂ ਨੂੰ ਕੈਨੇਡਾ 'ਚ ਨੌਕਰੀ ਦਾ ਆਫਰ ਦਿੱਤਾ ਹੈ। ਕੰਪਨੀਆਂ ਨੇ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਹੈ ਕਿ ਜਦੋਂ ਉਹ ਇਕ ਜਾਂ ਦੋ ਸਾਲ ਕਿਸੇ ਦੂਜੀ ਜਗ੍ਹਾ 'ਤੇ ਪੂਰੇ ਕਰ ਲੈਣਗੇ ਅਤੇ ਵੀਜ਼ੇ ਦਾ ਪ੍ਰਬੰਧ ਹੋ ਜਾਵੇਗਾ ਤਾਂ ਉਨ੍ਹਾਂ ਨੂੰ ਯੂ. ਐੱਸ. ਸ਼ਿਫਟ ਕਰ ਦਿੱਤਾ ਜਾਵੇਗਾ। ਕੈਨੇਡਾ ਅਤੇ ਜਾਪਾਨ ਵਰਗੇ ਦੇਸ਼ ਪੜ੍ਹੇ-ਲਿਖੇ ਅਤੇ ਹੁਨਰਮੰਦ ਪੇਸ਼ੇਵਰਾਂ ਲਈ ਰਾਹ ਖੋਲ੍ਹ ਰਹੇ ਹਨ।
ਵਿਦਿਆਰਥੀ ਵੀਜ਼ਾ ਹਾਸਲ ਕਰਨਾ ਜ਼ਿਆਦਾ ਆਸਾਨ
ਹੁਣ ਐੱਚ.1 ਬੀ ਵੀਜ਼ੇ ਦੇ ਮੁਕਾਬਲੇ ਸਟੂਡੈਂਟ ਵੀਜ਼ਾ ਹਾਸਲ ਕਰਨਾ ਜ਼ਿਆਦਾ ਆਸਾਨ ਹੈ। ਹਾਲਾਂਕਿ ਕੁਝ ਪੁਰਾਣੇ ਆਈ. ਆਈ. ਟੀਜ਼ ਸੰਸਥਾਨ ਅਮਰੀਕੀ ਕੰਪਨੀਆਂ ਨੂੰ ਸੱਦਾ ਦੇ ਰਹੇ ਹਨ ਪਰ ਸਾਵਧਾਨੀ ਨਾਲ ਕਦਮ ਵਧਾ ਰਹੇ ਹਨ ਤਾਂ ਕਿ ਵਿਦਿਆਰਥੀਆਂ ਨੂੰ ਕੱਚਾ ਸੌਦਾ ਨਾ ਕਰਨਾ ਪਵੇ। ਇਕ ਪੁਰਾਣੇ ਆਈ. ਆਈ. ਟੀ. ਸੰਸਥਾਨ 'ਚ ਇਕ ਵਿਦਿਆਰਥੀ ਨੂੰ ਯੂ. ਐੱਸ. 'ਚ ਨੌਕਰੀ ਦਾ ਆਫਰ ਮਿਲਿਆ ਸੀ ਪਰ ਵੀਜ਼ਾ ਐਪਲੀਕੇਸ਼ਨ ਰੱਦ ਹੋਣ ਤੋਂ ਬਾਅਦ ਉਸ ਨੇ ਦੂਜੀ ਕੰਪਨੀ ਜੁਆਇਨ ਕਰ ਲਈ। ਜਿਨ੍ਹਾਂ ਵਿਦਿਆਰਥੀਆਂ ਨੂੰ ਅਮਰੀਕਾ 'ਚ ਕੰਪਨੀਆਂ ਵੱਲੋਂ ਆਫਰ ਸੀ, ਉਨ੍ਹਾਂ ਨੇ ਇਨ੍ਹਾਂ ਕੰਪਨੀਆਂ ਦੇ ਭਾਰਤ ਸਥਿਤ ਦਫਤਰਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਯੂ. ਐੱਸ. ਵੀਜ਼ਾ ਪਾਲਿਸੀ ਵਿਚਾਰ ਅਧੀਨ ਹੈ।