ਯੂ. ਐੱਸ., ਮੈਕਸੀਕੋ ਤੇ ਕੈਨੇਡਾ ਨੇ ਨਵਾਂ ਵਪਾਰ ਕਰਾਰ ਕੀਤਾ, ਵਿਵਾਦ ਖਤਮ

12/11/2019 3:34:49 PM

ਮੈਕਸੀਕੋ ਸਿਟੀ— ਪਿਛਲੇ 2 ਸਾਲਾਂ ਤੋਂ ਵੱਧ ਸਮੇਂ ਤਕ ਚੱਲੀ ਲੰਮੀ ਗੱਲਬਾਤ ਤੋਂ ਬਾਅਦ ਆਖਰ ਮੰਗਲਵਾਰ ਨੂੰ ਯੂ. ਐੱਸ., ਮੈਕਸੀਕੋ ਤੇ ਕੈਨੇਡਾ ਨੇ ਇਕ ਸਮਝੌਤੇ 'ਤੇ ਦਸਤਖਤ ਕਰ ਦਿੱਤੇ। ਇਸ ਨਾਲ ਤਿੰਨ ਦੇਸ਼ਾਂ ਨੂੰ ਨਵਾਂ ਵਪਾਰਕ ਰਾਹ ਖੋਲ੍ਹਣ 'ਚ ਸਫਲਤਾ ਮਿਲੇਗੀ।


ਹਾਲਾਂਕਿ, ਯੂ. ਐੱਸ. ਸੈਨੇਟ ਦੇ ਨੇਤਾ ਮਿਚ ਮੈਕਕੌਨੈਲ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਚੱਲ ਰਹੇ ਦੋਸ਼ਾਂ ਦੀ ਸੁਣਵਾਈ ਕਾਰਨ ਸੈਨੇਟ ਦੀ ਇਸ ਸਮਝੌਤੇ 'ਤੇ ਪ੍ਰਵਾਨਗੀ ਮਿਲਣ ਵਿਚ ਦੇਰੀ ਹੋ ਸਕਦੀ ਹੈ। ਯੂ. ਐੱਸ. ਵਪਾਰ ਪ੍ਰਤੀਨਿਧੀ ਰਾਬਰਟ ਲਾਈਟਹਾਈਜਰ ਨੇ ਕਿਹਾ ਕਿ ਅਮਰੀਕਾ-ਮੈਕਸੀਕੋ-ਕੈਨੇਡਾ ਨੇ ਇਸ ਸਮਝੌਤੇ 'ਚ ਜੋ ਨਵੀਂ ਵਿਵਸਥਾ ਸ਼ਾਮਲ ਕੀਤੀ ਹੈ ਉਸ ਨਾਲ ਇਹ ਇਕ ਇਤਿਹਾਸਕ ਸਮਝੌਤਾ ਬਣ ਗਿਆ ਹੈ।
ਇਹ ਨਵਾਂ ਸਮਝੌਤਾ 25 ਸਾਲ ਪੁਰਾਣੇ 'ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤਾ (ਨਾਫਟਾ)' ਦੀ ਜਗ੍ਹਾ ਲਵੇਗਾ। ਟਰੰਪ ਨਾਫਟਾ ਦੀ ਲਗਾਤਾਰ ਆਲੋਚਨਾ ਕਰਦੇ ਰਹੇ ਹਨ। ਅਮਰੀਕਾ ਦੇ ਮਜ਼ਦੂਰ ਸੰਗਠਨਾਂ ਨੇ ਸਮਝੌਤੇ ਦਾ ਸਵਾਗਤ ਕੀਤਾ ਹੈ। ਸਮਝੌਤੇ 'ਚ ਕਿਰਤ ਸੁਧਾਰ, ਵਾਤਾਵਰਣ ਸੰਬੰਧੀ ਮਾਮਲਿਆਂ ਦੀ ਨਿਗਰਾਨੀ ਆਦਿ ਨੂੰ ਸਖਤ ਬਣਾਉਣ ਦੀ ਵਿਵਸਥਾ ਸ਼ਾਮਲ ਕੀਤੀ ਗਈ ਹੈ। ਇਸ ਤਿੰਨ ਪੱਖੀ ਸਮਝੌਤੇ 'ਤੇ ਲਾਈਟਹਾਈਜਰ, ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਤੇ ਮੈਕਸੀਕੋ ਦੇ ਉੱਚ ਵਾਰਤਾਕਾਰ ਜੀਸਸ ਸੀਅਡ ਨੇ ਦਸਤਖਤ ਕੀਤੇ। ਮੈਕਸੀਕੋ ਦੇ ਰਾਸ਼ਟਰਪਤੀ ਮੈਨੂਅਲ ਲੋਪੇਜ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ।