ਟੋਇਟਾ, ਸੁਜ਼ੂਕੀ ਦਾ ਵੱਡਾ ਪਲਾਨ, ਸਸਤੀ ਹੋਵੇਗੀ ਹਾਈਬ੍ਰਿਡ ਕਾਰ

01/21/2019 3:59:08 PM

ਨਵੀਂ ਦਿੱਲੀ— ਜਾਪਾਨ ਦੀ ਟੋਇਟਾ ਮੋਟਰ ਕਾਰਪੋਰੇਸ਼ਨ ਅਤੇ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਇਕ-ਦੂਜੇ ਦੀ ਮੁਹਾਰਤ ਨੂੰ ਸਾਂਝਾ ਕਰਕੇ ਹਾਈਬ੍ਰਿਡ ਕਾਰਾਂ ਦੀ ਲਾਗਤ ਘੱਟ ਕਰਨ 'ਤੇ ਕੰਮ ਕਰ ਰਹੇ ਹਨ। ਇਸ ਕਦਮ ਦਾ ਮਕਸਦ ਭਾਰਤੀ ਖਰੀਦਦਾਰਾਂ ਲਈ ਹਾਈਬ੍ਰਿਡ ਕਾਰ ਸਸਤੀ ਕਰਨਾ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਦੇ ਯਤਨਾਂ ਨੂੰ ਹੁਲਾਰਾ ਦੇਣਾ ਹੈ।


ਟੋਇਟਾ ਮੁਤਾਬਕ, ਸੁਜ਼ੂਕੀ ਨਾਲ ਪਾਰਟਨਰਸ਼ਿਪ ਰਾਹੀਂ ਪਹਿਲੀ ਹਾਈਬ੍ਰਿਡ ਕਾਰ 3 ਸਾਲਾਂ 'ਚ ਭਾਰਤੀ ਖਰੀਦਦਾਰਾਂ ਲਈ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਸੁਜ਼ੂਕੀ ਅਤੇ ਟੋਇਟਾ ਮਿਲ ਕੇ ਕੰਮ ਕਰ ਰਹੇ ਹਨ, ਜਿਸ ਨਾਲ ਲਾਗਤ 'ਚ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਪਾਰਟਨਰਸ਼ਿਪ ਦਾ ਮੁੱਖ ਕਾਰਨ ਇਹ ਹੈ ਕਿ ਵਿਸ਼ਵ 'ਚ ਕੋਈ ਵੀ ਕੰਪਨੀ ਇਕੱਲੇ ਰਿਸਰਚ ਅਤੇ ਡਿਵੈਲਪਮੈਂਟ 'ਚ ਪੈਸਾ ਨਹੀਂ ਲਗਾਉਣਾ ਚਾਹੁੰਦੀ ਕਿਉਂਕਿ ਉਸ ਨੂੰ ਨਹੀਂ ਪਤਾ ਕਿ ਇਸ ਦਾ ਨਤੀਜਾ ਕੀ ਨਿਕਲੇਗਾ। ਬਿਹਤਰ ਇਹੀ ਹੈ ਕਿ ਸਾਂਝੇਦਾਰੀ ਨਾਲ ਤਕਨੀਕ 'ਤੇ ਪੈਸਾ ਲਾਇਆ ਜਾਵੇ।
ਟੋਇਟਾ ਕੋਲ ਹਾਈਬ੍ਰਿਡ ਕਾਰ ਬਣਾਉਣ ਦੀ ਖਾਸ ਤਕਨੀਕ ਹੈ ਅਤੇ ਕੰਪਨੀ ਨੇ ਸੁਜ਼ੂਕੀ ਨਾਲ ਇਸ ਤਕਨੀਕ ਨੂੰ ਸਾਂਝਾ ਕਰਨ ਦਾ ਫੈਸਲਾ ਕੀਤਾ ਹੈ, ਤਾਂ ਕਿ ਹਰੇਕ ਹਾਈਬ੍ਰਿਡ ਕਾਰ ਬਣਾਉਣ ਦੀ ਲਾਗਤ 'ਚ ਕਮੀ ਹੋਵੇ ਅਤੇ ਸਸਤੀ ਹਾਈਬ੍ਰਿਡ ਕਾਰ ਬਣਾਈ ਜਾ ਸਕੇ। ਟੋਇਟਾ ਦਾ ਕਹਿਣਾ ਹੈ ਕਿ ਇਸ ਪਹਿਲਾ ਨਾਲ ਦੋਵੇਂ ਕੰਪਨੀਆਂ ਨੂੰ ਫਾਇਦਾ ਹੋਵੇਗਾ। ਸਾਂਝੇਦਾਰੀ ਨਾਲ ਇਕ ਬਿਹਤਰੀਨ ਕਾਰ ਬਾਜ਼ਾਰ 'ਚ ਆਵੇਗੀ।