ਜ਼ਿਆਦਾ ਉਤਪਾਦਨ ਨਾਲ ਡਿੱਗੇ ਟਮਾਟਰ ਦੇ ਮੁੱਲ, ਕਿਸਾਨ ਪ੍ਰੇਸ਼ਾਨ

05/08/2018 4:11:45 PM

ਲਖਨਊ/ਚੇਨਈ - ਭਾਰਤੀ ਖੇਤੀਬਾੜੀ ਖੇਤਰ ਦਾ ਸੰਕਟ ਤਿਲਹਨ, ਦਾਲਾਂ ਅਤੇ ਕਪਾਹ ਤੋਂ ਹੁਣ ਬਾਗਬਾਨੀ ਫਸਲਾਂ 'ਚ ਫੈਲ ਗਿਆ ਹੈ। ਕੁਝ ਹਫ਼ਤੇ ਪਹਿਲਾਂ ਆਲੂ ਕਿਸਾਨ ਪ੍ਰੇਸ਼ਾਨ ਸਨ ਅਤੇ ਹੁਣ ਟਮਾਟਰ ਕਿਸਾਨਾਂ ਨੂੰ ਵੱਡਾ ਧੱਕਾ ਲੱਗਾ ਹੈ। ਭਾਰਤ 'ਚ ਪਿਛਲੇ ਤਿੰਨ ਸਾਲਾਂ ਦੌਰਾਨ ਟਮਾਟਰ ਦੇ ਜ਼ਬਰਦਸਤ ਉਤਪਾਦਨ ਦੇ ਨਾਲ ਹੀ ਚਾਲੂ ਵਿੱਤੀ ਸਾਲ 2017-18 'ਚ ਉਤਪਾਦਨ 2.23 ਕਰੋੜ ਟਨ 'ਤੇ ਪਹੁੰਚ ਗਿਆ, ਜੋ 2014-16 ਦੇ ਮੁਕਾਬਲੇ 35 ਫ਼ੀਸਦੀ ਜ਼ਿਆਦਾ ਹੈ। ਇਸ ਦੇ ਨਤੀਜੇ ਵਜੋਂ ਸੂਬਿਆਂ 'ਚ ਕੀਮਤਾਂ 'ਚ ਗਿਰਾਵਟ ਆਈ ਹੈ।  ਟਮਾਟਰ ਉਤਪਾਦਕ ਸੂਬਿਆਂ 'ਚ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਕਰਨਾਟਕਾ ਸਿਖਰ 'ਤੇ ਹਨ। ਹਾਲਾਂਕਿ ਕੀਮਤਾਂ 'ਚ ਗਿਰਾਵਟ ਹਰ ਜਗ੍ਹਾ ਆਈ ਹੈ ਪਰ ਇਸ ਸੀਜ਼ਨ 'ਚ ਉੱਤਰ ਪ੍ਰਦੇਸ਼, ਤਾਮਿਲਨਾਡੂ ਅਤੇ ਹਰਿਆਣਾ ਵਰਗੇ ਸੂਬਿਆਂ 'ਚ ਵੀ ਕਿਸਾਨਾਂ ਦੀ ਚਿੰਤਾ ਸੜਕਾਂ 'ਤੇ ਨਜ਼ਰ ਆ ਚੁੱਕੀ ਹੈ। ਕਮਾਈ ਉਤਪਾਦਨ ਲਾਗਤ ਤੋਂ ਕਾਫ਼ੀ ਘੱਟ ਹੋਣ ਦੀ ਵਜ੍ਹਾ ਨਾਲ ਉੱਤਰ 'ਚ ਹਰਿਆਣਾ ਤੋਂ ਲੈ ਕੇ ਦੱਖਣ 'ਚ ਤਾਮਿਲਨਾਡੂ ਦੇ ਕਿਸਾਨਾਂ ਤੱਕ ਨੂੰ ਟਮਾਟਰ ਦੀ ਫਸਲ ਖੇਤਾਂ 'ਚ ਸੁੱਕਣ ਲਈ ਛੱਡਣ ਜਾਂ ਫਿਰ ਆਸੇ-ਪਾਸੇ ਸੁੱਟਣ ਲਈ ਮਜਬੂਰ ਹੋਣਾ ਪਿਆ। ਤਾਮਿਲਨਾਡੂ 'ਚ ਫਲ ਅਤੇ ਸਬਜ਼ੀਆਂ ਦੇ ਸਭ ਤੋਂ ਵੱਡੇ ਥੋਕ ਬਾਜ਼ਾਰ ਕੋਇੰਬੇਡੂ 'ਚ ਟਮਾਟਰ ਦੀ ਔਸਤ ਕੀਮਤ 10 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਕੀਮਤਾਂ 'ਚ ਅਜੇ ਸੁਧਾਰ ਆਇਆ ਹੈ। ਦੋ ਮਹੀਨੇ ਪਹਿਲਾਂ ਮੁੱਲ ਡਿੱਗ ਕੇ 2 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਏ ਸਨ, ਜਿਸ ਨਾਲ ਤ੍ਰਿਪੁਰਾ, ਕ੍ਰਿਸ਼ਨਾਗਿਰੀ ਅਤੇ ਸਾਲੇਮ ਵਰਗੇ ਜ਼ਿਲਿਆਂ 'ਚ ਕਿਸਾਨਾਂ ਨੂੰ ਮਜਬੂਰਨ ਖੁੱਲ੍ਹੀਆਂ ਥਾਵਾਂ 'ਚ ਟਮਾਟਰ ਸੁੱਟਣੇ ਪੈ ਰਹੇ ਸਨ।