ਕਮਾਈ ਵਧਾਉਣ ਲਈ ''ਮਹਾਰਾਜਾ'' ਦਾ ਕੀਤਾ ਮੇਕਓਵਰ

06/24/2018 4:18:22 AM

ਨਵੀਂ ਦਿੱਲੀ/ਜਲੰਧਰ (ਸਲਵਾਨ)-ਲਗਾਤਾਰ ਘਾਟੇ 'ਚ ਚੱਲ ਰਹੀ ਏਅਰ ਇੰਡੀਆ ਨੇ ਲੰਮੀ ਦੂਰੀ ਦੇ ਯਾਤਰੀਆਂ ਨੂੰ ਲੁਭਾਉਣ ਅਤੇ ਕਮਾਈ ਵਧਾਉਣ ਲਈ 'ਮਹਾਰਾਜਾ' ਦਾ ਮੇਕਓਵਰ ਕਰਨ ਦਾ ਫੈਸਲਾ ਕੀਤਾ ਹੈ। ਇਸ ਨੇ ਕੌਮਾਂਤਰੀ ਸਥਾਨਾਂ ਲਈ ਉਡਾਣ ਭਰਨ ਵਾਲੇ ਆਪਣੇ ਬੋਇੰਗ ਜਹਾਜ਼ਾਂ ਦੇ ਬੇੜੇ 'ਚ ਫਰਸਟ ਕਲਾਸ ਅਤੇ ਬਿਜ਼ਨੈੱਸ ਕਲਾਸ ਨੂੰ ਹੋਰ ਉੱਨਤ ਬਣਾਇਆ ਹੈ। ਏਅਰ ਇੰਡੀਆ 'ਚ ਚਾਲਕ ਦਲ ਦੇ ਮੈਂਬਰਾਂ ਦੀ ਨਵੀਂ ਵਰਦੀ ਦੇ ਨਾਲ ਹੀ ਸੇਵਾਵਾਂ 'ਚ ਸੁਧਾਰ ਦੀ ਕੋਸ਼ਿਸ਼ ਉਸ ਸਮੇਂ ਕੀਤੀ ਜਾ ਰਹੀ ਹੈ, ਜਦੋਂ ਸਰਕਾਰ ਨੇ ਘਾਟੇ 'ਚ ਚੱਲ ਰਹੀ ਸਰਕਾਰੀ ਜਹਾਜ਼ ਵਾਹਕ ਸੇਵਾ ਲਈ ਵਿਨਿਵੇਸ਼ ਦੀ ਯੋਜਨਾ ਅਜੇ ਰੋਕ ਦਿੱਤੀ ਹੈ। ਉੱਨਤ ਪ੍ਰੀਮੀਅਮ ਕਲਾਸ ਨੂੰ 'ਮਹਾਰਾਜਾ ਡਾਇਰੈਕਟ' ਨਾਂ ਦਿੱਤਾ ਗਿਆ ਹੈ ਅਤੇ ਏਅਰਲਾਈਨ ਨੂੰ ਇਸ ਪ੍ਰੀਮੀਅਮ ਕਲਾਸ ਤੋਂ ਆਪਣਾ ਮਾਲੀਆ ਰੋਜ਼ਾਨਾ 6.5 ਕਰੋੜ ਰੁਪਏ ਤੱਕ ਵਧਣ ਦੀ ਉਮੀਦ ਹੈ। ਅਜੇ ਮੌਜੂਦਾ ਮਾਲੀਆ ਰੋਜ਼ਾਨਾ 4 ਕਰੋੜ ਰੁਪਏ ਹੈ। 
ਸ਼ਹਿਰੀ ਹਵਾਬਾਜ਼ੀ ਸਕੱਤਰ ਆਰ. ਐੱਨ. ਚੌਬੇ ਨੇ 'ਮਹਾਰਾਜਾ ਡਾਇਰੈਕਟ' ਦਾ ਐਲਾਨ ਕਰਦਿਆਂ ਕਿਹਾ ਕਿ ਕਿਸੇ ਵੀ ਏਅਰਲਾਈਨ ਲਈ ਮਾਲੀਏ ਦਾ ਅਹਿਮ ਸਰੋਤ ਬਿਜ਼ਨੈੱਸ ਅਤੇ ਫਰਸਟ ਕਲਾਸ ਹੁੰਦਾ ਹੈ, ਇਸ ਲਈ ਦੁਨੀਆ ਦੀ ਕਿਸੇ ਵੀ ਏਅਰਲਾਈਨ ਦੇ ਬਿਜ਼ਨੈੱਸ ਕਲਾਸ ਦਾ ਮੁਕਾਬਲਾ ਕਰਨ ਲਈ ਏਅਰ ਇੰਡੀਆ ਦੇ ਬਿਜ਼ਨੈੱਸ ਕਲਾਸ ਨੂੰ ਉੱਨਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।  ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਸਰਕਾਰ ਏਅਰ ਇੰਡੀਆ ਨੂੰ ਅੱਜ ਦੇ ਮੁਕਾਬਲੇ ਹੋਰ ਬਿਹਤਰ ਕੰਪਨੀ ਬਣਾਉਣ ਲਈ ਵਚਨਬੱਧ ਹੈ। ਏਅਰਲਾਈਨ ਅਤੇ ਉਸ ਦੇ ਕਰਮਚਾਰੀਆਂ ਦਾ ਉਸ ਦੇ ਵਿੱਤੀ ਅਤੇ ਵਿਰਾਸਤ ਦੇ ਮੁੱਦਿਆਂ 'ਤੇ ਬਹੁਤ ਘੱਟ ਕੰਟਰੋਲ ਹੈ ਪਰ ਉਹ ਨਿਸ਼ਚਿਤ ਤੌਰ 'ਤੇ ਸੇਵਾਵਾਂ 'ਚ ਸੁਧਾਰ ਅਤੇ ਏਅਰਲਾਈਨ ਲਈ ਚਮਤਕਾਰ ਕਰ ਸਕਦੇ ਹੈ। ਚਾਲਕ ਦਲ ਦੇ ਮੈਬਰਾਂ ਦੀ ਨਵੀਂ ਵਰਦੀ ਰਵਾਇਤੀ ਅਤੇ ਪੱਛਮੀ ਪੋਸ਼ਾਕ ਦਾ ਮਿਲਿਆ-ਜੁਲਿਆ ਰੂਪ ਹੋਵੇਗਾ। ਨਾਲ ਹੀ ਯਾਤਰੀਆਂ ਨੂੰ ਸਵਾਦਿਸ਼ਟ ਭੋਜਨ ਤੇ ਖੇਤਰ ਦੇ ਆਧਾਰ 'ਤੇ ਪੀਣ ਵਾਲੇ ਪਦਾਰਥ ਵੀ ਪਰੋਸੇ ਜਾਣਗੇ।