ਪਟੜੀ ''ਤੇ ਦੌੜਨ ਜਾ ਰਹੀ ਹੈ ਨਿੱਜੀ ਟਰੇਨ, ਮੁਫਤ ਮਿਲੇਗਾ ਇੰਨਾ ਵੱਡਾ ਬੀਮਾ

09/19/2019 3:53:51 PM

ਨਵੀਂ ਦਿੱਲੀ— ਭਾਰਤ ਦੀ ਪਹਿਲੀ ਨਿੱਜੀ ਰੇਲ ਗੱਡੀ ਤੇਜਸ ਐਕਸਪ੍ਰੈੱਸ 4 ਅਕਤੂਬਰ ਤੋਂ ਪਟੜੀ 'ਤੇ ਦੌੜਨ ਜਾ ਰਹੀ ਹੈ। ਟਿਕਟਾਂ ਦੀ ਬੁਕਿੰਗ 20 ਸਤੰਬਰ ਯਾਨੀ ਕੱਲ੍ਹ ਤੋਂ ਸ਼ੁਰੂ ਹੋ ਜਾਵੇਗੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਲਖਨਊ-ਦਿੱਲੀ ਤੇਜਸ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਲਖਨਊ-ਦਿੱਲੀ ਵਿਚਕਾਰ ਇਹ ਟਰੇਨ 6 ਘੰਟੇ 15 ਮਿੰਟ 'ਚ ਸਫਰ ਪੂਰਾ ਕਰੇਗੀ।

 

 

ਇਹ ਸਵੇਰੇ 6.10 ਵਜੇ ਲਖਨਊ ਤੋਂ ਚੱਲੇਗੀ ਤੇ ਦੁਪਹਿਰ 12.25 ਵਜੇ ਦਿੱਲੀ ਪਹੁੰਚੇਗੀ।ਰਸਤੇ 'ਚ ਇਹ ਕਾਨਪੁਰ ਅਤੇ ਗਾਜ਼ੀਆਬਾਦ 'ਚ ਰੁਕੇਗੀ। ਇਹ ਰੇਲ ਗੱਡੀ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਵੱਲੋਂ ਚਲਾਈ ਜਾ ਰਹੀ ਹੈ। ਇਸ ਦੀ ਸਫਲਤਾ ਮਗਰੋਂ ਸਰਕਾਰ ਹੋਰ ਮਾਰਗਾਂ 'ਤੇ ਵੀ ਇਸ ਕੰਮ 'ਚ ਹੱਥ ਅਜਮਾ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਬਿਹਤਰ ਸਹੂਲਤਾਂ ਦਾ ਆਨੰਦ ਮਿਲੇਗਾ।

ਤੇਜਸ ਐਕਸਪ੍ਰੈੱਸ 'ਚ ਯਾਤਰਾ ਕਰਨ ਵਾਲੇ ਮੁਸਾਫਰਾਂ ਨੂੰ ਹੋਟਲ ਬੁਕਿੰਗ, ਟੈਕਸੀ ਤੇ ਸਮਾਨ ਟਰੇਨ 'ਚ ਪਹੁੰਚਾਉਣ ਦੀ ਸਹੂਲਤ ਵੀ ਉਪਲੱਬਧ ਕਰਾਈ ਜਾਵੇਗੀ। ਤੇਜਸ ਐਕਸਪ੍ਰੈੱਸ 'ਚ ਸਾਰੇ ਮੁਸਾਫਰਾਂ ਨੂੰ ਆਈ. ਆਰ. ਸੀ. ਟੀ. ਸੀ. ਵੱਲੋਂ 25 ਲੱਖ ਰੁਪਏ ਤੱਕ ਦਾ ਮੁਫਤ ਬੀਮਾ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟਰੇਨ 'ਚ ਕੌਫੀ ਤੇ ਚਾਹ ਮਸ਼ੀਨਾਂ ਦੀ ਵੀ ਵਿਵਸਥਾ ਹੋਵੇਗੀ। ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਨੇ ਕਿਹਾ ਕਿ ਦਿੱਲੀ-ਲਖਨਊ ਤੇਜਸ ਐਕਸਪ੍ਰੈੱਸ ਮੰਗਲਵਾਰ ਨੂੰ ਛੱਡ ਕੇ ਹਫਤੇ 'ਚ ਛੇ ਦਿਨ ਚੱਲੇਗੀ।ਰਿਪੋਰਟਾਂ ਅਨੁਸਾਰ, ਇਸ 'ਚ ਅਤਿ-ਆਧੁਨਿਕ ਅੰਦਰਲਾ ਪਾਸਾ, ਐੱਲ. ਈ. ਡੀ. ਟੈਲੀਵਿਜ਼ਨ, ਕਾਲ ਬਟਨ, ਆਟੋਮੈਟਿਕ ਦਰਵਾਜ਼ੇ ਤੇ ਸੀ. ਸੀ. ਟੀ. ਵੀ. ਕੈਮਰੇ ਹੋਣਗੇ। ਤੇਜਸ ਟਰੇਨਾਂ 'ਚ ਰੇਲਵੇ ਸਟਾਫ ਨਹੀਂ ਸਗੋਂ ਆਈ. ਆਰ. ਸੀ. ਟੀ. ਸੀ. ਕਰਮਚਾਰੀਆਂ ਵੱਲੋਂ ਟਿਕਟਾਂ ਦੀ ਚੈਕਿੰਗ ਕੀਤੀ ਜਾਏਗੀ।