SBI 'ਚ ਬੰਪਰ ਭਰਤੀ, ਇਸ ਸਾਲ 14,000 ਤੋਂ ਵੱਧ ਲੋਕਾਂ ਨੂੰ ਦੇਵੇਗਾ ਨੌਕਰੀ

09/07/2020 8:41:03 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ ਨੇ ਜਿੱਥੇ ਸਵੈ-ਇੱਛੁਕ ਸੇਵਾਮੁਕਤੀ ਯੋਜਨਾ (ਵੀ. ਆਰ. ਐੱਸ.) ਤਹਿਤ ਵੱਡੀ ਗਿਣਤੀ 'ਚ ਕਰਮਚਾਰੀਆਂ ਨੂੰ ਰਿਟਾਇਰਮੈਂਟ ਲੈਣ ਦਾ ਬਦਲ ਦੇਣ ਦੀ ਯੋਜਨਾ ਪ੍ਰਸਤਾਵਿਤ ਕੀਤੀ ਹੈ, ਉੱਥੇ ਹੀ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਬੈਂਕ ਇਸ ਸਾਲ 14,000 ਤੋਂ ਵੱਧ ਲੋਕਾਂ ਨੂੰ ਨੌਕਰੀ 'ਤੇ ਰੱਖਣ ਵਾਲਾ ਹੈ। ਬੈਂਕ 'ਚ ਨੌਕਰੀ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਇਹ ਚੰਗਾ ਮੌਕਾ ਹੋਵੇਗਾ। ਇਹ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ।

ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਸੋਮਵਾਰ ਨੂੰ ਕਿਹਾ ਕਿ ਇਸ ਸਾਲ 14,000 ਤੋਂ ਵੱਧ ਕਰਮਚਾਰੀਆਂ ਦੀ ਭਰਤੀ ਕਰਨ ਦੀ ਯੋਜਨਾ ਹੈ।

ਬੈਂਕ ਨੇ ਕਿਹਾ ਕਿ ਉਹ ਕਰਮਚਾਰੀ ਫ੍ਰੈਂਡਲੀ ਹੈ ਅਤੇ ਵੀ. ਆਰ. ਐੱਸ. ਯੋਜਨਾ ਲਾਗਤ ਘਟਾਉਣ ਦੇ ਮੱਦੇਨਜ਼ਰ ਨਹੀਂ ਹੈ, ਇਹ ਇਸ ਗੱਲ ਦਾ ਸਬੂਤ ਹੈ ਕਿ ਇਸ ਸਾਲ 14 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਭਰਤੀ ਕੀਤੀ ਜਾਣੀ ਹੈ, ਬੈਂਕ ਵਿਸਥਾਰ ਕਰ ਰਿਹਾ ਹੈ ਅਤੇ ਲੋਕਾਂ ਦੀ ਜ਼ਰੂਰਤ ਹੈ। ਗੌਰਤਲਬ ਹੈ ਕਿ ਮਾਰਚ 2020 ਤੱਕ ਐੱਸ. ਬੀ. ਆਈ. ਦੇ ਕੁੱਲ ਕਰਮਚਾਰੀਆਂ ਦੀ ਗਿਣਤੀ 2.49 ਲੱਖ ਸੀ, ਜੋ ਇਸ ਤੋਂ ਪਿਛਲੇ ਸਾਲ 2.57 ਲੱਖ ਸੀ।

ਸੂਤਰਾਂ ਮੁਤਾਬਕ, ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਸਵੈ-ਇਛੁੱਕ ਸੇਵਾਮੁਕਤੀ ਯੋਜਨਾ (ਵੀ. ਆਰ. ਐੱਸ.) ਤਿਆਰ ਕੀਤੀ ਹੈ ਅਤੇ ਨਿਰਦੇਸ਼ਕ ਮੰਡਲ ਦੀ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ। ਬੈਂਕ ਦੇ ਲਗਭਗ 30,190 ਕਰਮਚਾਰੀ ਇਸ ਯੋਜਨਾ ਦੇ ਪਾਤਰ ਹਨ। ਇਹ ਯੋਜਨਾ ਹਰ ਉਹ ਪੱਕੇ ਕਰਮਚਾਰੀ ਲਈ ਹੈ, ਜਿਸ ਨੂੰ ਬੈਂਕ ਨਾਲ ਕੰਮ ਕਰਦੇ ਹੋਏ 25 ਸਾਲ ਹੋ ਚੁੱਕੇ ਹਨ ਜਾਂ ਜਿਨ੍ਹਾਂ ਦੀ ਉਮਰ 55 ਸਾਲ ਹੈ। ਬੈਂਕ ਵੀ. ਆਰ. ਐੱਸ. ਲੈਣ ਵਾਲੇ ਕਰਮਚਾਰੀਆਂ ਨੂੰ ਗ੍ਰੈਚੂਟੀ, ਪੈਨਸ਼ਨ, ਫੰਡ ਤੇ ਹੋਰ ਫਾਇਦੇ ਵੀ ਦੇਵੇਗਾ। ਵੀ. ਆਰ. ਐੱਸ. 'ਚ ਕਰਮਚਾਰੀ ਖ਼ੁਦ ਦੀ ਮਰਜ਼ੀ ਨਾਲ ਸੇਵਾ ਖ਼ਤਮ ਹੋਣ ਤੋਂ ਪਹਿਲਾਂ ਰਿਟਾਇਰਮੈਂਟ ਲੈ ਸਕਦਾ ਹੈ।

Sanjeev

This news is Content Editor Sanjeev