ਮਾਰਕ ਜ਼ੁਕਰਬਰਗ ਨੇ 1 ਘੰਟੇ ''ਚ 26 ਹਜ਼ਾਰ ਕਰੋੜ ਕਮਾ ਕੇ ਬਣਾਇਆ ਰਿਕਾਰਡ

04/30/2016 2:19:23 PM

ਨਵੀਂ ਦਿੱਲੀ— 12 ਸਾਲ ਪਹਿਲਾਂ ਕਾਲਜ ਦੇ ਹਾਸਟਲ ''ਚ ਇਕ ਵੈੱਬਸਾਈਟ ਸ਼ੁਰੂ ਕਰਨ ਵਾਲੇ ਮਾਰਕ ਜ਼ੁਕਰਬਰਗ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਆਉਣ ਵਾਲੇ ਸਮੇਂ ''ਚ ਕਾਮਯਾਬੀ ਦੀ ਨਵੀਂ ਕਹਾਣੀ ਲਿਖਣ ਜਾ ਰਹੇ ਹਨ। ਬੁੱਧਵਾਰ ਨੂੰ ਅਮਰੀਕੀ ਸਟਾਕ ਐਕਸਚੇਂਜ਼ ਨੈਸਡੇਕ ''ਤੇ ਸੂਚੀਬੱਧ ਉਨ੍ਹਾਂ ਦੀ ਕੰਪਨੀ ਫੇਸਬੁੱਕ ਦਾ ਸਟਾਕ ਸ਼ਾਨਦਾਰ ਤਿਮਾਹੀ ਨਤੀਜੇ ਤੋਂ ਬਾਅਦ ਆਪਣੇ ਉੱਚ ਪੱਧਰ ''ਤੇ ਪਹੁੰਚ ਗਿਆ। 1 ਘੰਟੇ ਦੌਰਾਨ ਮਾਰਕ ਜ਼ੁਕਰਬਰਗ ਦੀ ਕੁੱਲ ਜਾਇਦਾਦ ਆਮਦਨ ''ਚ 400 ਕਰੋੜ ਡਾਲਰ (26 ਹਜ਼ਾਰ ਕਰੋੜ ਰੁਪਏ) ਦਾ ਵਾਧਾ ਹੋਇਆ। ਇਸ ਤਰ੍ਹਾਂ ਇਹ ਵਧ ਕੇ 5170 ਕਰੋੜ ਡਾਲਰ (3.41 ਲੱਖ ਕਰੋੜ ਰੁਪਏ) ਹੋ ਗਈ। ਫੋਰਬਰਸ ਮੁਤਾਬਕ ਜ਼ੁਕਰਬਰਗ ਦੁਨੀਆ ਦੇ 6ਵੇਂ ਸਭ ਤੋਂ ਅਮੀਰ ਵਿਅਕਤੀ ਹਨ ਅਤੇ ਉਨ੍ਹਾਂ ਦੀ ਜਾਇਦਾਦ ਲਗਭਗ 47 ਬਿਲੀਅਨ ਡਾਲਰ ਹੈ।

1 ਘੰਟੇ ''ਚ ਕਿਸ ਤਰ੍ਹਾਂ ਕਮਾਏ 26 ਹਜ਼ਾਰ ਕਰੋੜ

ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਬੁੱਧਵਾਰ ਨੂੰ ਆਪਣੇ ਜਨਵਰੀ-ਮਾਰਚ ਤਿਮਾਹੀ ਦੇ ਨਤੀਜੇ ਦਾ ਐਲਾਨ ਕੀਤਾ। ਇਸ ਦੌਰਾਨ ਕੰਪਨੀ ਦਾ ਕੁੱਲ ਲਾਭ 52 ਫੀਸਦੀ ਵਧਿਆ ਹੈ। ਇਸ ਨਤੀਜੇ ਤੋਂ ਬਾਅਦ ਕੰਪਨੀ ਦਾ ਸਟਾਕ 1 ਘੰਟੇ ''ਚ 9 ਫੀਸਦੀ ਚੜ੍ਹ ਗਿਆ। ਇਸ ਨਾਲ ਕੰਪਨੀ ਦੀ ਕੁੱਲ ਬਾਜ਼ਾਰ ਕੀਮਤ ਦੇ ਨਾਲ-ਨਾਲ ਮਾਰਕ ਜ਼ੁਕਰਬਰਗ ਦੀ ਕੁੱਲ ਜਾਇਦਾਦ ਦੀ ਕੀਮਤ ਵੀ 400 ਕਰੋੜ ਡਾਲਰ (26 ਹਜ਼ਾਰ ਕਰੋੜ ਰੁਪਏ) ਵਧ ਗਈ। 

3 ਦੋਸਤਾਂ ਨੇ ਰੱਖੀ ਸੀ ਫੇਸਬੁੱਕ ਦੀ ਨੀਂਹ

ਕੰਪਨੀ ਦੇ ਸੀ ਈ ਓ ਮਾਰਕ ਜ਼ੁਕਰਬਰਗ ਇਸ ਕੰਪਨੀ ਦੇ ਇੱਕਲੇ ਸੰਸਥਾਪਕ ਨਹੀਂ ਹਨ। ਇਸ ''ਚ ਉਨ੍ਹਾਂ ਦੇ 3 ਦੋਸਤਾਂ ਦੀ ਵੀ ਮਹੱਤਵਪੂਰਨ ਭੂਮਿਕਾ ਰਹੀ ਹੈ। ਫੇਸਬੁੱਕ ਦੀ ਸ਼ੁਰੂਆਤ 4 ਫਰਵਰੀ 2004 ''ਚ ਹਾਰਵਰਡ ਯੂਨੀਵਰਸਿਟੀ ''ਚ ਪੜ੍ਹਾਈ ਦੌਰਾਨ ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੇ ਦੋਸਤਾਂ ਨੇ ਕੀਤੀ ਸੀ। ਉਨ੍ਹਾਂ ਨੇ ਯੂਨੀਵਰਸਿਟੀ ਹਾਸਟਲ ਦੇ ਕਮਰੇ ''ਚ ਰਹਿਣ ਵਾਲੇ ਆਪਣੇ ਦੋਸਤਾਂ ਨਾਲ ਇਸ ਨੂੰ ਲਾਂਚ ਕੀਤਾ ਸੀ। ਉਨ੍ਹਾਂ ਨੇ ਇਸ ਸਾਈਟ ਦੀ ਸ਼ੁਰੂਆਤ ਹਾਰਵਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸੰਪਰਕ ਕਰਨ ਲਈ ਕੀਤੀ ਸੀ। ਯੂਨੀਵਰਸਿਟੀ ''ਚ ਇਸ ਸਾਈਟ ਦੀ ਪ੍ਰਸਿੱਧੀ ਤੋਂ ਬਾਅਦ ਇਸ ਨੂੰ ਦੂਜੇ ਕਾਲਜਾਂ ਨਾਲ ਵੀ ਸਾਂਝਾ ਕੀਤਾ ਗਿਆ। ਦੇਖਦੇ ਹੀ ਦੇਖਦੇ ਇਸ ਸਾਈਟ ਨੇ ਜ਼ਬਰਦਸਤ ਪ੍ਰਸਿੱਧੀ ਹਾਸਲ ਕਰ ਲਈ। ਜਦੋਂ ਤੱਕ ਇਹ ਸਾਈਟ ਜਨਤਕ ਨਹੀਂ ਕੀਤੀ ਗਈ ਤਾਂ ਇਸਦਾ ਨਾਮ ''ਦਿ ਫੇਸਬੁੱਕ ਡਾਟ ਕਾਮ'' ਸੀ। ਇਸ ਸਾਈਟ ਨੂੰ ਜਨਤਕ ਤੌਰ ''ਤੇ ਲਾਂਚ ਕਰਨ ਤੋਂ ਪਹਿਲਾਂ ਇਸਦਾ ਨਾਮ ਫੇਸਬੁੱਕ ਰੱਖ ਦਿੱਤਾ ਗਿਆ ਸੀ।

ਮਾਰਕ ਜੁਕਰਬਰਗ ਬਚਪਨ ਤੋਂ ਬਹੁਤ ਹੀ ਬੁੱਧੀਮਾਨ ਸਨ। ਉਨ੍ਹਾਂ ਨੂੰ ਆਪਣੇ ਸਕੂਲ ''ਚ ਗਣਿਤ, ਖਗੋਲ ਵਿਗਿਆਨ ਲਈ ਕਈ ਵਾਰ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਕਾਲਜ ਮੁਤਾਬਕ, ਉਹ ਫ੍ਰੈਂਚ, ਲੈਟਿਨ ਅਤੇ ਪੁਰਾਣੀ ਯੂਨਾਨੀ ਭਾਸ਼ਾ ਬੋਲ ਅਤੇ ਲਿਖ ਸਕਦੇ ਸਨ।