ਭਾਰਤ 'ਚ ਕੋਰੋਨਾ ਦੇ ਹੋਣਗੇ ਪੰਜ ਟੀਕੇ, ਅਪ੍ਰੈਲ ਤੋਂ ਮਿਲੇਗੀ ਇਹ ਵੈਕਸੀਨ!

11/24/2020 9:33:59 PM

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਲਈ ਪੰਜ ਟੀਕੇ ਟ੍ਰਾਇਲਾਂ ਦੇ ਵੱਖ-ਵੱਖ ਪੜਾਅ 'ਚ ਹਨ। ਇਨ੍ਹਾਂ ਪੰਜ ਟੀਕਿਆਂ 'ਚ ਰੂਸ ਦਾ ਸਪੁਤਨਿਕ ਵੀ ਸ਼ਾਮਲ ਹੈ, ਜਿਸ ਦਾ ਟ੍ਰਾਇਲ ਡਾ. ਰੈਡੀਜ਼ ਲੈਬੋਰੇਟਰੀ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਅਤੇ ਇਸ ਦਾ ਫੇਜ਼-3 ਟ੍ਰਾਇਲ ਸ਼ੁਰੂ ਹੋਣ ਵਾਲਾ ਹੈ।


ਇਸ ਤੋਂ ਇਲਾਵਾ ਐਸਟ੍ਰਾਜ਼ੇਨੇਕਾ ਤੇ ਆਕਸਫੋਰਡ ਯੂਨਿਵਰਸਿਟੀ ਦਾ ਟੀਕਾ 'ਕੋਵਿਸ਼ੀਲਡ' ਭਾਰਤ 'ਚ ਸੀਰਮ ਇੰਸਟੀਚਿਊਟ ਵੱਲੋਂ ਵਿਕਸਤ ਜਾ ਰਿਹਾ ਹੈ। ਹੋਰ ਟੀਕਿਆਂ 'ਚ ਭਾਰਤ ਬਾਇਓਟੈਕ ਅਤੇ ਭਾਰਤ ਸਰਕਾਰ ਦਾ 'ਕੋਵੈਕਸੀਨ', ਜ਼ਾਇਡਸ ਕੈਡਿਲਾ ਦਾ 'ਜ਼ਾਈਕੋਵ-ਡੀ' ਅਤੇ ਇਕ ਬਾਇਓਲੌਜੀਕਲ ਈ. ਲਿਮਟਡ ਵੱਲੋਂ ਬੇਲੋਰ ਕਾਲਜ ਆਫ਼ ਮੈਡੀਸਨ ਤੇ ਡਾਇਨਵੈਕਸ ਤਕਨਾਲੋਜੀਜ਼ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਵਿਕਸਤ ਕੀਤਾ ਜਾ ਰਿਹਾ ਹੈ।

ਹੈਦਰਾਬਾਦ ਦੀ ਬਾਇਓਲੌਜੀਕਲ ਈ. ਨੇ ਹਾਲ ਹੀ 'ਚ ਆਪਣੇ ਕੋਵਿਡ-19 ਟੀਕੇ ਦੇ ਉਮੀਦਵਾਰ ਦੇ ਪੜਾਅ 1 ਅਤੇ 2 ਦੇ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਲਈ ਡਰੱਗ ਰੈਗੂਲੇਟਰ ਤੋਂ ਮਨਜ਼ੂਰੀ ਪ੍ਰਾਪਤ ਕੀਤੀ ਹੈ। ਕੰਪਨੀ ਨੂੰ ਉਮੀਦ ਹੈ ਕਿ ਉਹ ਜਨਵਰੀ ਅੰਤ ਤੱਕ ਪੜਾਅ-3 ਦੇ ਕਲੀਨਿਕਲ ਟ੍ਰਾਇਲ 'ਚ ਦਾਖਲ ਹੋ ਜਾਵੇਗੀ ਅਤੇ ਗਰਮੀਆਂ 'ਚ ਟੀਕੇ ਦੇ ਲਾਇਸੈਂਸ ਲਈ ਅਪਲਾਈ ਕਰ ਸਕੇਗੀ।

ਇਹ ਵੀ ਪੜ੍ਹੋ- ਮਾਰੂਤੀ ਸੁਜ਼ੂਕੀ ਵੱਲੋਂ 4 ਹੋਰ ਸ਼ਹਿਰਾਂ 'ਚ ਨਵੀਂ ਕਾਰ ਕਿਰਾਏ 'ਤੇ ਦੇਣ ਦਾ ਵਿਸਥਾਰ

500-600 ਰੁਪਏ 'ਚ ਅਪ੍ਰੈਲ ਤੋਂ ਮਿਲ ਸਕਦਾ ਹੈ ਇਹ ਟੀਕਾ-
ਇਨ੍ਹਾਂ ਸਭ ਵਿਚਕਾਰ ਭਾਰਤ 'ਚ ਸੀਰਮ ਇੰਸਟੀਚਿਊਟ ਵੱਲੋਂ 'ਕੋਵਿਸ਼ੀਲਡ' ਵੈਕਸੀਨ ਦੇ ਅੰਤਰਿਮ ਅੰਕੜੇ ਦਸੰਬਰ 'ਚ ਭਾਰਤੀ ਰੈਗੂਲੇਟਰ ਕੋਲ ਸੌਂਪੇ ਜਾ ਸਕਦੇ ਹਨ, ਜਿਸ ਪਿੱਛੋਂ ਇਹ ਫਰਵਰੀ 'ਚ ਕੋਰੋਨਾ ਦੇ ਵੱਧ ਜੋਖਮ ਵਾਲੇ ਲੋਕਾਂ ਤੱਕ ਉਪਲਬਧ ਕਰਾਈ ਜਾ ਸਕਦੀ ਹੈ ਅਤੇ ਅਪ੍ਰੈਲ 'ਚ ਆਮ ਲੋਕਾਂ ਲਈ ਇਹ ਉਪਲਬਧ ਹੋ ਸਕਦੀ ਹੈ। ਭਾਰਤ 'ਚ ਸੀਰਮ ਇੰਸਟੀਚਿਊਟ ਐਸਟ੍ਰਾਜ਼ੇਨੇਕਾ ਦਾ ਨਿਰਮਾਣ ਸਾਂਝੇਦਾਰ ਹੈ। ਬ੍ਰਿਟੇਨ ਅਤੇ ਬ੍ਰਾਜ਼ੀਲ 'ਚ ਕਲੀਨੀਕਲ ਟ੍ਰਾਇਲਾਂ 'ਚ ਐਸਟ੍ਰਾਜ਼ੇਨੇਕਾ-ਆਕਸਫੋਰਡ ਟੀਕੇ ਦੇ ਨਤੀਜੇ 90 ਫ਼ੀਸਦੀ ਅਸਰਦਾਰ ਤੱਕ ਸਾਬਤ ਹੋਏ ਹਨ। ਸੂਤਰਾਂ ਮੁਤਾਬਕ, ਦਸੰਬਰ ਤੱਕ ਸੀਰਮ ਭਾਰਤ ਨਾਲ ਜੁੜੇ ਅੰਕੜੇ ਵੀ ਭਾਰਤੀ ਰੈਗੂਲੇਟਰ ਨੂੰ ਸੌਂਪ ਸਕਦੀ ਹੈ। ਸੀਰਮ ਇੰਸਟੀਚਿਊਟ ਪੁਣੇ ਪਲਾਂਟ 'ਚ ਇਹ ਟੀਕਾ ਬਣਾ ਰਹੀ ਹੈ। ਸਰਕਾਰ ਲਈ ਇਸ ਦੀ ਕੀਮਤ 250 ਤੋਂ 300 ਰੁਪਏ ਅਤੇ ਖੁੱਲ੍ਹੇ ਬਾਜ਼ਾਰ 'ਚ 500 ਤੋਂ 600 ਰੁਪਏ ਪ੍ਰਤੀ ਖੁਰਾਕ ਹੋ ਸਕਦੀ ਹੈ।

Sanjeev

This news is Content Editor Sanjeev