ਦੁਨੀਆ ਦੀ ਟਾਪ-10 ਅਮੀਰਾਂ ਦੀ ਸੂਚੀ ''ਚ ਨਹੀਂ ਕੋਈ ਭਾਰਤੀ, ਮੁਕੇਸ਼ ਅੰਬਾਨੀ ਵੀ ਹੋਏ ਬਾਹਰ

02/23/2019 3:35:28 PM

ਨਵੀਂ ਦਿੱਲੀ — ਬਲੂਮਬਰਗ ਬਿਲੇਨਿਅਰ ਇੰਡੈਕਸ ਦੁਨੀਆ ਦੇ 500 ਅਮੀਰਾਂ ਦੀ ਰੈਂਕਿੰਗ ਕਰਦਾ ਹੈ ਜਿਹੜਾ ਕਿ ਹਰ ਰੋਜ਼ ਅਮਰੀਕੀ ਸ਼ੇਅਰ ਬਜ਼ਾਰ ਬੰਦ ਹੋਣ ਤੋਂ ਬਾਅਦ ਨੈੱਟਵਰਥ ਦੇ ਆਧਾਰ 'ਤੇ ਤੈਅ ਹੁੰਦੀ ਹੈ। ਇਸ ਵਾਰ ਪੇਸ਼ ਕੀਤੀ ਗਈ ਅਮੀਰਾਂ ਦੀ ਸੂਚੀ 'ਚ ਦੁਨੀਆ ਦੇ 500 ਵੱਡੇ ਅਮੀਰਾਂ ਵਿਚ ਕੁੱਲ 19 ਭਾਰਤੀ ਸ਼ਾਮਲ ਹਨ ਪਰ ਟਾਪ-10 ਵਿਚ ਕੋਈ ਨਹੀਂ ਹੈ। ਅੰਬਾਨੀ ਪਿਛਲੇ ਸਾਲ ਜੈਕ ਮਾ ਨੂੰ ਪਿੱਛੇ ਛੱਡ ਕੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਬਣੇ ਸਨ, ਜੈਕ ਮਾ ਹੁਣ 19ਵੇਂ ਨੰਬਰ 'ਤੇ ਹਨ ਜਦੋਂਕਿ ਮੁਕੇਸ਼ ਅੰਬਾਨੀ ਇਸ ਵਾਰ 12ਵੇਂ ਨੰਬਰ 'ਤੇ ਹੈ।

ਜੁਲਾਈ 2018 'ਚ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਬਣ ਗਏ ਸਨ। ਉਨ੍ਹਾਂ ਨੇ ਚੀਨ ਦੀ ਸਭ ਤੋਂ ਵੱਡੀ ਈ-ਕਮਾਰਸ ਕੰਪਨੀ ਅਲੀਬਾਬਾ ਦੇ ਬਾਨੀ ਅਤੇ ਚੇਅਰਮੈਨ ਜੈਕ ਮਾ ਨੂੰ ਪਿੱਛੇ ਛੱਡ ਦਿੱਤਾ ਸੀ। ਬਲੂਮਬਰਗ ਬਿਲੇਨਿਅਰ ਇੰਡੈਕਸ ਵਿਚ ਜੈਕ ਮਾ ਫਿਲਹਾਲ 19ਵੇਂ ਨੰਬਰ 'ਤੇ ਹਨ। ਉਨ੍ਹਾਂ ਦੀ ਨੈੱਟ ਵਰਥ 41.6 ਅਰਬ ਡਾਲਰ(2.95 ਲੱਖ ਕਰੋੜ ਰੁਪਏ) ਹੈ। ਉਹ ਚੀਨ ਦੇ ਸਭ ਤੋਂ ਵੱਡੇ ਅਮੀਰ ਹਨ।

ਇਸ ਕਾਰਨ ਹੋਇਆ ਮੁਕੇਸ਼ ਅੰਬਾਨੀ ਨੂੰ ਫਾਇਦਾ

ਰਿਲਾਇੰਸ ਇੰਡਸਟਰੀਜ਼ ਲਗਾਤਾਰ ਤੀਜੀ ਤਿਮਾਹੀ ਤੋਂ ਰਿਕਾਰਡ ਪ੍ਰਦਰਸ਼ਨ ਕਰ ਰਹੀ ਹੈ। 2018 ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਕੰਪਨੀ ਨੂੰ 10,000 ਕਰੋੜ ਤੋਂ ਜ਼ਿਆਦਾ ਦਾ ਮੁਨਾਫਾ ਹੋਇਆ। ਇੰਨਾ ਤਿਮਾਹੀ ਮੁਨਾਫਾ ਕਮਾਉਣ ਵਾਲੀ ਉਹ ਦੇਸ਼ ਦੀ ਪਹਿਲੀ ਨਿੱਜੀ ਕੰਪਨੀ ਹੈ। ਫਰਵਰੀ 2018 ਤੋਂ ਹੁਣ ਤੱਕ ਰਿਲਾਇੰਸ ਦੇ ਸ਼ੇਅਰ ਨੇ 33 ਫੀਸਦੀ ਦਾ ਰਿਟਰਨ ਦਿੱਤਾ ਹੈ। ਇਸ ਨਾਲ ਮੁਕੇਸ਼ ਅੰਬਾਨੀ ਦੀ ਨੈੱਟਵਰਥ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਹ ਰਾਲਇੰਸ ਇੰਡਸਟਰੀਜ਼ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਹਨ।

ਟਾਪ-50 ਵਿਚ 2, ਟਾਪ-100 ਵਿਚ 4 ਭਾਰਤੀ

ਬਿਲੇਨੀਅਰ ਇੰਡੈਕਸ 'ਚ ਮੁਕੇਸ਼ ਅੰਬਾਨੀ ਤੋਂ ਬਾਅਦ ਵਿਪਰੋ ਦੇ ਚੇਅਰਮੈਨ ਅਜੀਮ ਪ੍ਰੇਮਜੀ ਦੂਜੇ ਭਾਰਤੀ ਹਨ। ਉਨ੍ਹਾਂ ਦੀ ਰੈਂਕ 46ਵੀਂ ਅਤੇ ਨੈੱਟਵਰਥ 19.3 ਅਰਬ ਡਾਲਰ(1.37 ਲੱਖ ਕਰੋੜ ਰੁਪਏ) ਹੈ। ਅਗਲਾ ਨੰਬਰ ਆਰਸੇਲਰ ਮਿੱਤਲ ਸਟੀਲ ਦੇ ਚੇਅਰਮੈਨ ਲਕਸ਼ਮੀ ਮਿੱਤਲ ਦਾ ਹੈ। ਇੰਡੈਕਸ 'ਚ 80ਵੇਂ ਨੰਬਰ 'ਤੇ ਸ਼ਾਮਲ ਮਿੱਤਲ ਕੋਲ 14.9 ਅਰਬ ਡਾਲਰ(1.05 ਲੱਖ ਕਰੋੜ ਰੁਪਏ) ਦੀ ਨੈੱਟਵਰਥ ਹੈ। ਐਚ.ਸੀ.ਐਲ. ਦੇ ਫਾਊਂਡਰ ਸ਼ਿਵ ਨਡਾਰ ਦੀ 85ਵੀਂ ਰੈਂਕ ਅਤੇ ਨੈੱਟਵਰਥ 14.5 ਅਰਬ ਡਾਲਰ(1.02 ਲੱਖ ਕਰੋੜ) ਹੈ।

ਜੇਫ ਬੇਜੋਸ ਅਜੇ ਵੀ ਟਾਪ 'ਤੇ 

ਐਮਾਜ਼ੋਨ ਦੇ ਫਾਊਂਡਰ ਅਤੇ ਸੀ.ਈ.ਓ. ਜੇਫ ਬੇਜੋਸ ਲੰਮੇ ਸਮੇਂ ਤੋਂ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ ਸਿਖਰ 'ਤੇ ਬਣੇ ਹੋਏ ਹਨ। ਉਨ੍ਹਾਂ ਦੀ ਨੈੱਟਵਰਥ 135 ਅਰਬ ਡਾਲਰ(9.58 ਲੱਖ ਕਰੋੜ ਰੁਪਏ) ਹੈ। ਇਹ ਬਲੂਮਬਰਗ ਇੰਡੈਕਸ 'ਚ ਸ਼ਾਮਲ 9 ਭਾਰਤੀਆਂ ਦੀ ਨੈੱਟਵਰਥ ਦੇ ਬਰਾਬਰ ਹੈ। ਇੰਡੈਕਸ ਵਿਚ ਦੂਜੇ ਨੰਬਰ 'ਤੇ ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਦੀ ਨੈੱਟਵਰਥ 98.2 ਅਰਬ ਡਾਲਰ(6.97 ਲੱਖ ਕਰੋੜ ਰੁਪਏ) ਹੈ। ਇਹ ਬੇਜੋਸ ਤੋਂ 2.61 ਲੱਖ ਕਰੋੜ ਰੁਪਏ ਘੱਟ ਹੈ। ਇਸ ਦੇ ਨਾਲ ਹੀ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੈਟ ਦੇ ਪ੍ਰੈਜ਼ੀਡੈਂਟ ਸਰਗ ਬ੍ਰਿਨ ਦੀ ਨੈੱਟਵਰਥ 53.2 ਅਰਬ ਡਾਲਰ(3.77 ਲੱਖ ਕਰੋੜ ਰੁਪਏ) ਹੈ। ਬਿਲੇਨੀਅਰ ਇੰਡੈਕਸ 'ਚ ਉਹ 10ਵੇਂ ਨੰਬਰ 'ਤੇ ਹਨ।