ਏ. ਟੀ. ਐੱਮ. 'ਚ ਹੋ ਸਕਦੀ ਹੈ ਕੈਸ਼ ਦੀ ਕਮੀ, ਇੰਨੇ ਦਿਨ ਬੈਂਕ ਰਹਿਣਗੇ ਬੰਦ

06/23/2017 8:16:11 AM

ਨਵੀਂ ਦਿੱਲੀ— ਜੇਕਰ ਤੁਸੀਂ ਬੈਂਕ 'ਚ ਪੈਸੇ ਜਮ੍ਹਾ ਕਰਵਾਉਣੇ ਹਨ ਜਾਂ ਕਢਵਾਉਣੇ ਹਨ ਜਾਂ ਫਿਰ ਹੋਰ ਕੋਈ ਜ਼ਰੂਰੀ ਕੰਮ ਹੈ ਤਾਂ 24 ਤਰੀਕ ਤੋਂ ਪਹਿਲਾਂ ਕਰ ਲਓ ਕਿਉਂਕਿ ਇਸ ਵਾਰ ਬੈਂਕਾਂ 'ਚ ਲਗਾਤਾਰ ਤਿੰਨ ਦਿਨ ਛੁੱਟੀ ਰਹੇਗੀ | ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ 24 ਜੂਨ ਨੂੰ ਬੈਂਕ ਬੰਦ ਰਹਿਣਗੇ | ਇਸ ਦੇ ਬਾਅਦ 25 ਜੂਨ ਨੂੰ ਐਤਵਾਰ ਦੀ ਛੁੱਟੀ ਹੋਵੇਗੀ, ਜਦੋਂ ਕਿ ਸੋਮਵਾਰ ਨੂੰ ਈਦ ਦਾ ਤਿਉਹਾਰ ਹੈ | ਇਸ ਦੇ ਮੱਦੇਨਜ਼ਰ ਲਗਭਗ ਪੂਰੇ ਦੇਸ਼ 'ਚ ਬੈਂਕ ਬੰਦ ਰਹਿਣਗੇ | 
ਤਿੰਨ ਦਿਨ ਲਗਾਤਾਰ ਬੈਂਕ ਬੰਦ ਰਹਿਣ ਅਤੇ ਈਦ ਤੋਂ ਪਹਿਲਾਂ ਖਰੀਦਦਾਰੀ ਲਈ ਵੱਡੇ ਪੱਧਰ 'ਤੇ ਏ. ਟੀ. ਐੱਮ. 'ਚੋਂ ਪੈਸੇ ਕਢਵਾਏ ਜਾਣ ਕਾਰਨ ਏ. ਟੀ. ਐੱਮ. 'ਚ ਵੀ ਪੈਸੇ ਦੀ ਕਮੀ ਹੋ ਸਕਦੀ ਹੈ | ਹਾਲਾਂਕਿ, ਬੈਂਕਾਂ ਦਾ ਕਹਿਣਾ ਹੈ ਕਿ ਏ. ਟੀ. ਐੱਮ. 'ਚ ਲੋੜੀਂਦੀ ਮਾਤਰਾ 'ਚ ਪੈਸੇ ਉਪਲੱਬਧ ਕਰਾ ਦਿੱਤੇ ਜਾਣਗੇ ਪਰ ਤਿੰਨ ਦਿਨ ਛੁੱਟੀ ਹੋਣ ਦੇ ਮੱਦੇਨਜ਼ਰ ਹੋ ਸਕਦਾ ਹੈ ਕਿ ਬਹੁਤੇ ਏ. ਟੀ. ਐੱਮ. ਖਾਲੀ ਮਿਲਣ |
ਉੱਥੇ ਹੀ ਬੈਂਕ ਇਹ ਵੀ ਕਹਿ ਰਹੇ ਹਨ ਕਿ ਹੁਣ ਦਿਨ-ਤਿਉਹਾਰਾਂ 'ਤੇ ਵੀ ਲੋਕ ਆਨਲਾਈਨ ਖਰੀਦਦਾਰੀ ਜ਼ਿਆਦਾ ਕਰ ਰਹੇ ਹਨ, ਜਿਸ ਕਾਰਨ ਨਕਦੀ ਸਮੱਸਿਆ ਘੱਟ ਹੀ ਆਵੇਗੀ | ਇਸ ਦੇ ਇਲਾਵਾ ਛੋਟੇ ਦੁਕਾਨਦਾਰਾਂ ਨੇ ਵੀ ਡਿਜੀਟਲ ਭੁਗਤਾਨ ਮਾਧਿਅਮਾਂ ਨੂੰ ਅਪਣਾਇਆ ਹੋਇਆ ਹੈ | ਇਸ ਕਰਕੇ ਵੀ ਬੈਂਕਾਂ 'ਚ ਛੁੱਟੀ ਦਾ ਜ਼ਿਆਦਾ ਅਸਰ ਨਹੀਂ ਹੋਵੇਗਾ |