ਸਸਤੇ ਕਾਜੂ ਨਾਲ ਤਿਉਹਾਰੀ ਸੀਜਨ ’ਚ ਵਧੇਗਾ ਮਠਿਆਈਆਂ ਦਾ ਸੁਆਦ

08/20/2019 5:17:25 PM

ਨਵੀਂ ਦਿੱਲੀ — ਕਾਜੂ ਸਸਤਾ ਹੋਣ ਨਾਲ ਤਿਉਹਾਰੀ ਸੀਜਨ ’ਚ ਮਠਿਆਈ ਅਤੇ ਸਨੈਕਸ ਇੰਡਸਟਰੀ ਦੀ ਮੰਗ ਵਧ ਸਕਦੀ ਹੈ। ਕੌਮਾਂਤਰੀ ਬਾਜ਼ਾਰ ’ਚ ਕੱਚੇ ਕਾਜੂ ਦੀ ਸਪਲਾਈ ਵਧ ਜਾਣ ਨਾਲ ਕਾਜੂ ਗਿਰੀ ਸਸਤੀ ਹੋ ਗਈ ਹੈ। ਮਠਿਆਈ ਉਦਯੋਗ ਲਈ ਕਾਜੂ ਗਿਰੀ ਕਾਫ਼ੀ ਅਹਿਮ ਮੰਨਿਆ ਗਿਆ ਕੱਚਾ ਮਾਲ ਹੈ। ਸਨੈਕਸ ਅਤੇ ਗਿਫਟ ਆਈਟਮ ਦੇ ਤੌਰ ’ਤੇ ਵੀ ਇਸ ਦੀ ਲੋਕਪ੍ਰਿਯਤਾ ਵਧ ਰਹੀ ਹੈ। ਕਾਜੂ ਦੇ ਸਭ ਤੋਂ ਵੱਡੇ ਖਪਤਕਾਰ ਭਾਰਤ ’ਚ ਲਗਭਗ 3 ਲੱਖ ਟਨ ਕਾਜੂ ਦੀ ਖਪਤ ਹੁੰਦੀ ਹੈ।

ਇਸ ’ਚ ਸਾਲਾਨਾ 5 ਫ਼ੀਸਦੀ ਦੀ ਦਰ ਨਾਲ ਵਾਧਾ ਹੁੰਦਾ ਹੈ। ਕਲਬਾਵੀ ਕੈਸ਼ਿਊਜ਼ ਦੇ ਮੈਨੇਜਿੰਗ ਪਾਰਟਨਰ ਮੁਤਾਬਕ ਫੈਸਟਿਵ ਸੀਜਨ ’ਚ ਕਾਜੂ ਦਾ ਪ੍ਰਚੂਨ ਮੁੱਲ ਪਿਛਲੇ ਸਾਲ ਤੋਂ 25 ਫ਼ੀਸਦੀ ਘਟ ਕੇ 900 ਰੁਪਏ ਪ੍ਰਤੀ ਕਿੱਲੋ ਰਹਿ ਸਕਦਾ ਹੈ। ਭਾਰਤ ’ਚ ਹਰ ਸਾਲ ਜਿੰਨੇ ਕਾਜੂ ਦੀ ਪ੍ਰੋਸੈਸਿੰਗ ਹੁੰਦੀ ਹੈ ਉਸ ਦੀ ਜ਼ਰੂਰਤ ਦਾ 60 ਫ਼ੀਸਦੀ ਕੱਚਾ ਕਾਜੂ ਦਰਾਮਦ ਕੀਤਾ ਜਾਂਦਾ ਹੈ। ਖਾਰੀ ਬਾਉਲੀ, ਸਦਰ ਬਾਜ਼ਾਰ ਮਾਰਕੀਟ ਦੇ ਪ੍ਰਧਾਨ ਬੰਟੀ ਮੁਤਾਬਕ ਕਾਜੂ ਦੀ ਕੀਮਤ 800 ਤੋਂ 1100 ਰੁਪਏ ਹੈ ਅਤੇ ਦੀਵਾਲੀ ਤੱਕ ਇਹੀ ਮੁੱਲ ਰਹਿਣਗੇ।

ਕੁਝ ਮਹੀਨੇ ਪਹਿਲਾਂ ਕਾਜੂ ਗਿਰੀ ਦੀ ਵਧਦੀ ਦਰਾਮਦ ਨੇ ਇੰਡਸਟਰੀ ਦੀ ਚਿੰਤਾ ਵਧਾ ਦਿੱਤੀ ਸੀ ਪਰ ਬਜਟ ’ਚ ਕਸਟਮ ਡਿਊਟੀ 45 ਤੋਂ ਵਧਾ ਕੇ 70 ਫ਼ੀਸਦੀ ਕੀਤੇ ਜਾਣ ਨਾਲ ਦਰਾਮਦ ’ਤੇ ਲਗਾਮ ਲਾਉਣ ’ਚ ਮਦਦ ਮਿਲੀ ਹੈ। ਫਿਲਹਾਲ ਕਾਜੂ ਇੰਡਸਟਰੀ ’ਚ ਜ਼ਿਆਦਤਰ ਕਮਾਈ ਘਰੇਲੂ ਬਾਜ਼ਾਰ ਤੋਂ ਹੀ ਹੋ ਰਹੀ ਹੈ। ਵਿਅਤਨਾਮ ਅਤੇ ਦੂਜੇ ਦੇਸ਼ਾਂ ’ਚ ਉਤਪਾਦਨ ਲਾਗਤ ਘੱਟ ਹੋਣ ਕਾਰਨ ਉਨ੍ਹਾਂ ਨੂੰ ਕੀਮਤ ਦੇ ਮਾਮਲੇ ’ਚ ਭਾਰਤ ਤੋਂ ਜ਼ਿਆਦਾ ਫਾਇਦਾ ਹੋ ਰਿਹਾ ਹੈ। ਇਸ ਕਾਰਨ 2018-19 ’ਚ ਦੇਸ਼ ’ਚ 4434 ਕਰੋਡ਼ ਮੁੱਲ ਦਾ 66,693 ਟਨ ਕਾਜੂ ਦੀ ਬਰਾਮਦ ਹੋਈ ਜੋ 2 ਦਹਾਕਿਆਂ ’ਚ ਸਭ ਤੋਂ ਘੱਟ ਰਹੀ।