ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਕਾਰਨ ਅੱਜ ਸ਼ੇਅਰ ਬਜ਼ਾਰ ਰਹੇਗਾ ਬੰਦ

10/21/2019 11:32:25 AM

ਮੁੰਬਈ — ਹਫਤੇ ਦੇ ਪਹਿਲੇ ਦਿਨ ਯਾਨੀ ਕਿ ਅੱਜ ਸੋਮਵਾਰ ਨੂੰ ਸ਼ੇਅਰ ਬਜ਼ਾਰ 'ਚ ਕਾਰੋਬਾਰ ਨਹੀਂ ਹੋਵੇਗਾ। ਦਰਅਸਲ ਮਹਾਰਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਅੱਜ ਹੋ ਰਹੀ ਵੋਟਿੰਗ ਕਾਰਨ ਸ਼ੇਅਰ ਬਜ਼ਾਰ ਬੰਦ ਰੱਖਿਆ ਗਿਆ ਹੈ। ਇਸ ਤਰ੍ਹਾਂ ਨਾਲ ਸ਼ੇਅਰ ਬਜ਼ਾਰ ਲਗਾਤਾਰ ਤਿੰਨ ਦਿਨ-ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਬੰਦ ਰਹੇ ਹਨ। ਹੁਣ ਕੱਲ੍ਹ ਯਾਨੀ ਕਿ ਮੰਗਲਵਾਰ ਨੂੰ ਸ਼ੇਅਰ ਬਜ਼ਾਰ 'ਚ ਆਮ ਵਾਂਗ ਕਾਰੋਬਾਰ ਹੋਵੇਗਾ।

ਇਨ੍ਹਾਂ ਮੁੱਦਿਆਂ 'ਤੇ ਰਹੇਗੀ ਨਜ਼ਰ

ਦੀਵਾਲੀ ਤੋਂ ਪਹਿਲਾਂ ਇਸ ਹਫਤੇ ਘਰੇਲੂ ਸ਼ੇਅਰ ਬਜ਼ਾਰ ਦੀ ਰੌਣਕ ਬਰਕਰਾਰ ਰੱਖਣ 'ਚ ਘਰੇਲੂ ਕੰਪਨੀਆਂ ਦੇ ਵਿੱਤੀ ਨਤੀਜਿਆਂ ਦੀ ਅਹਿਮ ਭੂਮਿਕਾ ਰਹੇਗੀ । ਦਰਅਸਲ ਇਸ ਹਫਤੇ ਭਾਰਤੀ ਇਨਫਰਾਟੈੱਲ, ਹਿੰਦੁਸਤਾਨ ਜਿੰਕ, ਐਕਸਿਸ ਬੈਂਕ, ਏਸ਼ੀਅਨ ਪੇਂਟਸ, ਬਜਾਜ ਫਾਇਨਾਂਸ, ਕੋਟਕ ਮਹਿੰਦਰਾ ਬੈਂਕ ਅਤੇ ਅਲਟ੍ਰਾਟੈਕ ਸੀਮੈਂਟ ਦੇ ਵਿੱਤੀ ਨਤੀਜੇ ਜਾਰੀ ਹੋਣ ਵਾਲੇ ਹਨ। ਇਸ ਦੇ ਨਾਲ ਹੀ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦਾ ਵੀ ਬਜ਼ਾਰ ਨੂੰ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਬਜ਼ਾਰ ਤੋਂ ਮਿਲਣ ਵਾਲੇ ਸੰਕੇਤਾਂ ਦਾ ਵੀ ਸ਼ੇਅਰ ਬਜ਼ਾਰ 'ਤੇ ਅਸਰ ਦਿਖ ਸਕਦਾ ਹੈ।

ਪਿਛਲੇ ਹਫਤੇ ਦਾ ਕਾਰੋਬਾਰੀ ਹਫਤਾ

ਘਰੇਲੂ ਕੰਪਨੀਆਂ ਦੇ ਬਿਹਤਰ ਤਿਮਾਹੀ ਵਿੱਤੀ ਨਤੀਜਿਆਂ ਅਤੇ ਵਿਦੇਸ਼ੀ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਕਾਰਨ ਇਸ ਹਫਤੇ ਦੇ ਸਾਰੇ ਪੰਜਾਂ ਕਾਰੋਬਾਰੀ ਸੈਸ਼ਨਾਂ ਦੇ ਦੌਰਾਨ ਪ੍ਰਮੁੱਖ ਸੰਵੇਦਨਸ਼ੀਲ ਸੂਚਕ ਅੰਕ 'ਚ ਤੇਜ਼ੀ ਦਰਜ ਕੀਤੀ ਗਈ। ਇਸ ਦੇ ਨਾਲ ਹੀ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਮਸਲਿਆਂ ਨੂੰ ਸੁਲਝਾਉਣ ਦੀ ਦਿਸ਼ਾ 'ਚ ਹਾਲੀਆ ਪ੍ਰਗਤੀ ਅਤੇ ਬ੍ਰੇਕਸਿਟ ਡੀਲ ਨਾਲ ਬਜ਼ਾਰਾਂ 'ਚ ਤੇਜ਼ੀ ਦਾ ਰੁਝਾਨ ਰਿਹਾ ਅਤੇ ਖਰੀਦਦਾਰੀ ਦੇਖਣ ਨੂੰ ਮਿਲੀ। ਇਸ ਕਾਰਨ ਸੈਂਸੈਕਸ ਇਕ ਹਫਤਾ ਪਹਿਲਾਂ ਦੇ ਮੁਕਾਬਲੇ 1,171.30 ਅੰਕ ਯਾਨੀ 3.07 ਫੀਸਦੀ ਦੇ ਵਾਧੇ ਨਾਲ 39,298.38 'ਤੇ ਬੰਦ ਹੋਇਆ। ਇਸ ਦੌਰਾਨ ਨਿਫਟੀ ਵੀ 360.60 ਅੰਕ ਯਾਨੀ 3.19 ਫੀਸਦੀ ਦੀ ਤੇਜ਼ੀ ਦੇ ਨਾਲ 11,661.85 ਦੇ ਪੱਧਰ 'ਤੇ ਰਿਹਾ।