ਅਕਤੂਬਰ ''ਚ ਹੌਲੀ ਹੋਈ ਕਾਰ ਤੇ ਦੋ-ਪਹੀਆ ਵਾਹਨਾਂ ਦੀ ਰਫਤਾਰ

11/11/2017 1:12:48 PM

ਨਵੀਂ ਦਿੱਲੀ— ਦੇਸੀ ਯਾਤਰੀ ਵਾਹਨਾਂ ਦੀ ਵਿਕਰੀ ਅਕਤੂਬਰ 'ਚ ਸਥਿਰ ਰਹੀ ਕਿਉਂਕਿ ਡੀਲਰਾਂ ਨੇ ਅਗਸਤ-ਸਤੰਬਰ ਦੌਰਾਨ ਤਿਉਹਾਰੀ ਮੰਗ ਲਈ ਲੌੜੀਂਦਾ ਸਟਾਕ ਬਣਾ ਲਿਆ ਸੀ। ਨਿਰਮਾਤਾਵਾਂ ਤੋਂ ਡੀਲਰਾਂ ਨੂੰ ਹੋਈ ਦੋ ਪਹੀਆ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 3 ਫੀਸਦੀ ਘੱਟ ਗਈ। ਵਪਾਰਕ ਵਾਹਨਾਂ ਅਤੇ ਤਿੰਨ ਪਹੀਆ ਵਾਹਨਾਂ ਦੀ ਵਿਕਰੀ ਹਾਲਾਂਕਿ ਦੋ ਅੰਕਾਂ 'ਚ ਵਧੀ। ਇਹ ਜਾਣਕਾਰੀ ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ ਤੋਂ ਮਿਲੀ।

ਯਾਤਰੀ ਵਾਹਨਾਂ 'ਚ ਸਭ ਤੋਂ ਵਧ ਯੋਗਦਾਨ ਵਾਲੀਆਂ ਕਾਰਾਂ ਦੀ ਵਿਕਰੀ 5.32 ਫੀਸਦੀ ਘੱਟ ਕੇ 1,84,666 ਵਾਹਨ ਰਹੀ, ਉੱਥੇ ਹੀ ਯੂਟਿਲਟੀ ਵਾਹਨਾਂ 'ਚ ਤੇਜ਼ੀ ਜਾਰੀ ਰਹੀ ਅਤੇ ਇਹ 12.44 ਫੀਸਦੀ ਵਧ ਕੇ 79,323 'ਤੇ ਪਹੁੰਚ ਗਈ। ਵੈਨ 'ਚ 5 ਫੀਸਦੀ ਦਾ ਵਿਸਥਾਰ ਹੋਇਆ ਅਤੇ ਇਹ 15,848 'ਤੇ ਪਹੁੰਚ ਗਿਆ। ਮਾਰੂਤੀ ਸੁਜ਼ੂਕੀ ਨੂੰ ਛੱਡ ਕੇ ਜ਼ਿਆਦਾਤਰ ਵਾਹਨ ਨਿਰਮਾਤਾਵਾਂ ਨੇ ਸੁਸਤੀ ਦਾ ਸਾਹਮਣਾ ਕੀਤਾ। ਮਾਰੂਤੀ ਨੇ 9.25 ਫੀਸਦੀ ਦੇ ਵਾਧੇ ਨਾਲ 1,35,128 ਵਾਹਨ ਵੇਚੇ। ਦੂਜੀ ਵੱਡੀ ਕੰਪਨੀ ਹੁੰਢਈ ਨੇ 0.86 ਫੀਸਦੀ ਦੀ ਗਿਰਾਵਟ ਨਾਲ 49,588 ਵਾਹਨ ਵੇਚੇ। ਇਸੇ ਤਰ੍ਹਾਂ ਮਹਿੰਦਰਾ ਐਂਡ ਮਹਿੰਦਰਾ ਅਤੇ ਹੌਂਡਾ ਨੇ ਵੀ ਗਿਰਾਵਟ ਦਰਜ ਕੀਤੀ। ਉੱਥੇ ਹੀ ਦੋ ਪਹੀਆ ਵਾਹਨਾਂ ਦੀ ਵਿਕਰੀ 3 ਫੀਸਦੀ ਘੱਟ ਕੇ 17.5 ਲੱਖ ਵਾਹਨ ਰਹੀ। ਇਸ ਸਾਲ ਫਰਵਰੀ ਤੋਂ ਬਾਅਦ ਇਹ ਪਹਿਲੀ ਗਿਰਾਵਟ ਹੈ। ਇਸ 'ਚ ਮੋਟਰਸਾਈਕਲਾਂ ਦੀ ਵਿਕਰੀ 3.5 ਫੀਸਦੀ ਘਟੀ ਜਦੋਂ ਕਿ ਸਕੂਟਰ ਦੀ ਵਿਕਰੀ ਸਕਿਰ ਰਹੀ। ਦੇਸ਼ ਦੀ ਸਭ ਤੋਂ ਵੱਡੀ ਦੋ ਪਹੀਆ ਵਾਹਨ ਕੰਪਨੀ ਹੀਰੋ ਮੋਟਰ ਕਾਰਪ ਦੀ ਵਿਕਰੀ 'ਚ ਤਕਰੀਬਨ 4 ਫੀਸਦੀ ਦੀ ਗਿਰਾਵਟ ਆਈ।