PNB ਘੋਟਾਲਾ : CBI ਦੀ ਦੂਜੀ FIR ''ਚ ਵੱਡਾ ਖੁਲਾਸਾ

02/17/2018 10:53:57 AM

ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਘੋਟਾਲੇ 'ਚ ਸੀ. ਬੀ. ਆਈ. ਵੱਲੋਂ ਦਰਜ ਕੀਤੀ ਗਈ ਦੂਜੀ ਐੱਫ. ਆਈ. ਆਰ. 'ਚ ਵੱਡਾ ਖੁਲਾਸਾ ਹੋਇਆ ਹੈ। ਇਸ 'ਚ ਰਾਜਗ ਸਰਕਾਰ ਦੇ ਸ਼ਾਸਨ ਕਾਲ ਦੌਰਾਨ ਸਾਲ 2017-18 'ਚ ਕਰੀਬ 5,000 ਕਰੋੜ ਰੁਪਏ ਦੇ ਘੋਟਾਲੇ ਦਾ ਜ਼ਿਕਰ ਹੈ। ਹਾਲਾਂਕਿ ਇਸ ਨਾਲ ਸਰਕਾਰ ਦਾ ਕੋਈ ਲੈਣ-ਦੇਣਾ ਨਹੀਂ ਹੈ ਪਰ ਸਿਸਟਮ 'ਚ ਕਮੀ ਨੂੰ ਲੈ ਕੇ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਈ ਹੈ। ਦਰਅਸਲ, ਪੀ. ਐੱਨ. ਬੀ. 'ਚ ਹੋਏ 11,400 ਕਰੋੜ ਰੁਪਏ ਦੇ ਘੋਟਾਲੇ ਦੀ ਦੂਜੀ ਐੱਫ. ਆਈ. ਆਰ. 'ਚ ਸੀ. ਬੀ. ਆਈ. ਨੇ ਕਿਹਾ ਹੈ ਕਿ ਲਗਭਗ 5,000 ਕਰੋੜ ਰੁਪਏ ਦੇ 'ਲੈਟਰ ਆਫ ਅੰਡਰਟੇਕਿੰਗ (ਐੱਲ. ਓ. ਯੂ.) ਸਾਲ 2017 'ਚ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਕਈ ਦੇਸ਼ੀ ਅਤੇ ਵਿਦੇਸ਼ੀ ਬੈਂਕਾਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਨੇ ਪੀ. ਐੱਨ. ਬੀ. ਦੇ ਕਹਿਣ 'ਤੇ ਘੋਟਾਲੇਬਾਜ਼ਾਂ ਲਈ ਵਿਦੇਸ਼ਾਂ 'ਚ ਪੈਸੇ ਅਦਾ ਕੀਤੇ।

ਜਾਂਚ ਏਜੰਸੀਆਂ ਨੇ ਇਸ ਮਾਮਲੇ 'ਚ ਪੀ. ਐੱਨ. ਬੀ. ਕੋਲੋਂ ਹੋਰ ਦਸਤਾਵੇਜ਼ ਮੰਗੇ ਹਨ, ਤਾਂ ਕਿ ਮਾਮਲੇ ਦੀ ਪੂਰੀ ਤਹਿ ਤਕ ਜਾਇਆ ਜਾ ਸਕੇ। ਇਸ ਘੋਟਾਲੇ 'ਚ ਦੋਸ਼ੀ ਨੀਰਵ ਮੋਦੀ ਅਤੇ ਉਨ੍ਹਾਂ ਦੇ ਮਾਮੇ ਮੇਹੁਲ ਚੌਕਸੀ ਦੇ ਵਿਦੇਸ਼ਾਂ 'ਚ ਸਥਿਤ ਚਾਰ ਵੱਡੇ ਸ਼ੋਅਰੂਮਾਂ 'ਚ ਹੀਰੇ-ਗਹਿਣਿਆਂ ਦੀ ਵਿਕਰੀ 'ਤੇ ਰੋਕ ਲਾਉਣ ਨੂੰ ਕਿਹਾ ਗਿਆ ਹੈ। ਸੀ. ਬੀ. ਆਈ. ਨੇ 4,886 ਕਰੋੜ ਰੁਪਏ ਦੇ ਘੋਟਾਲੇ 'ਚ ਇਹ ਐੱਫ. ਆਈ. ਆਰ. ਮੇਹੁਲ ਚੌਕਸੀ, ਉਸ ਦੀ ਗੀਤਾਂਜਲੀ ਸਮੇਤ ਤਿੰਨ ਕੰਪਨੀਆਂ, ਉਨ੍ਹਾਂ ਦੇ ਅਧਿਕਾਰੀਆਂ ਅਤੇ ਬੈਂਕ ਅਧਿਕਾਰੀਆਂ ਖਿਲਾਫ ਦਰਜ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਵੱਲੋਂ ਦਰਜ ਕੀਤੀ ਗਈ ਇਹ ਐੱਫ. ਆਈ. ਆਰ. ਕਾਂਗਰਸ ਅਤੇ ਭਾਜਪਾ ਵਿਚਕਾਰ ਇਕ-ਦੂਜੇ 'ਤੇ ਦੋਸ਼ ਲਾਉਣ ਨੂੰ ਇਕ ਨਵਾਂ ਮੋੜ ਦੇ ਰਹੀ ਹੈ।


ਸੀ. ਬੀ. ਆਈ. ਦੀ ਦੂਜੀ ਐੱਫ. ਆਈ. ਆਰ. ਮੁਤਾਬਕ ਜ਼ਿਆਦਾਤਰ ਐੱਲ. ਓ. ਯੂ. ਸਾਲ 2017 'ਚ ਜਾਰੀ ਕੀਤੇ ਗਏ, ਜਿਨ੍ਹਾਂ ਦੀ ਆਖਰੀ ਮਿਆਦ ਮਈ 2018 ਤਕ ਸੀ। ਬੈਂਕ ਦਾ ਡਿਪਟੀ ਮੈਨੇਜਰ ਗੋਕੁਲਨਾਥ ਸ਼ੈਟੀ ਘੋਟਾਲੇਬਾਜ਼ਾਂ ਲਈ ਆਪਣੀ ਰਿਟਾਇਰਮੈਂਟ ਤਕ ਐੱਲ. ਓ. ਯੂ. ਜਾਰੀ ਕਰਦਾ ਰਿਹਾ, ਜਿਸ ਦੀ ਭਣਕ ਕਿਸੇ ਨੂੰ ਨਹੀਂ ਲੱਗੀ। ਇਸ ਐੱਫ. ਆਈ. ਆਰ. 'ਚ ਕਈ ਹੋਰ ਬੈਂਕਾਂ ਦੇ ਨਾਮ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੇ ਪੀ. ਐੱਨ. ਬੀ. ਦੇ ਕਹਿਣ 'ਤੇ ਮਾਰੀਸ਼ਸ, ਬਹਿਰੀਨ, ਹਾਂਗਕਾਂਗ, ਫ੍ਰੈਂਕਫਟ ਵਰਗੇ ਦੇਸ਼ਾਂ 'ਚ ਘੋਟਾਲੇਬਾਜ਼ਾਂ ਲਈ ਕਰੋੜਾਂ ਦੀ ਰਕਮ ਅਦਾ ਕੀਤੀ ਹੈ। ਇਨ੍ਹਾਂ 'ਚ ਐੱਸ. ਬੀ. ਆਈ., ਕੈਨਰਾ ਬੈਂਕ, ਐਕਸਿਸ ਬੈਂਕ ਵਰਗੇ ਨਾਮ ਸ਼ਾਮਲ ਹਨ ਅਤੇ ਇਨ੍ਹਾਂ ਬੈਂਕਾਂ ਨੇ ਹੁਣ ਪੀ. ਐੱਨ. ਬੀ. ਕੋਲੋਂ ਪੈਸੇ ਲੈਣੇ ਹਨ। ਐੱਲ. ਓ. ਯੂ. ਇਕ ਤਰ੍ਹਾਂ ਦੀ ਗਾਰੰਟੀ ਹੁੰਦੀ ਹੈ, ਜਿਸ ਦੇ ਆਧਾਰ 'ਤੇ ਦੂਜੇ ਬੈਂਕ ਖਾਤੇਦਾਰ ਨੂੰ ਪੈਸਾ ਮੁਹੱਈਆ ਕਰਾ ਦਿੰਦੇ ਹਨ। ਜੇਕਰ ਖਾਤੇਦਾਰ ਡਿਫਾਲਟ ਕਰ ਜਾਂਦਾ ਹੈ ਤਾਂ ਐੱਲ. ਓ. ਯੂ. ਮੁਹੱਈਆ ਕਰਾਉਣ ਵਾਲੇ ਬੈਂਕ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਸੰਬੰਧਤ ਬੈਂਕ ਨੂੰ ਬਕਾਏ ਦਾ ਭੁਗਤਾਨ ਕਰੇ। ਹੁਣ ਜਾਂਚ ਦੇ ਬਾਅਦ ਇਹ ਨਿਕਲਣ ਕੇ ਸਾਹਮਣੇ ਆਵੇਗਾ ਕਿ ਪੀ. ਐੱਨ. ਬੀ. ਦੀ ਕਿੰਨੀ ਦੇਣਦਾਰੀ ਬਣਦੀ ਹੈ।