1 ਜੂਨ ਤੋਂ ਇਸ ਬੈਂਕ ਦੇ ਬਦਲ ਰਹੇ ਹਨ ਨਿਯਮ, ਤੁਹਾਡੇ ਲਈ ਜਾਣਨਾ ਹੈ ਜ਼ਰੂਰੀ

05/28/2017 3:32:58 PM

ਨਵੀਂ ਦਿੱਲੀ— ਦੇਸ਼ ਦਾ ਸਭ ਤੋਂ ਵੱਡਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਆਪਣੇ ਸਰਵਿਸ ਚਾਰਜ 'ਚ ਬਦਲਾਅ ਕਰਨ ਜਾ ਰਿਹਾ ਹੈ। ਇਹ ਨਵੇਂ ਨਿਯਮ 1 ਜੂਨ 2017 ਤੋਂ ਲਾਗੂ ਹੋਣਗੇ। ਨਵੇਂ ਨਿਯਮ ਮੁਤਾਬਕ, ਕਟੇ-ਫਟੇ ਜਾਂ ਖਰਾਬ ਨੋਟਾਂ 'ਤੇ ਬੈਂਕ 2 ਰੁਪਏ ਤੋਂ ਲੈ ਕੇ 5 ਰੁਪਏ ਪ੍ਰਤੀ ਨੋਟ ਚਾਰਜ ਲਵੇਗਾ।ਇਹ ਚਾਰਜ ਨੋਟਾਂ ਦੀ ਗਿਣਤੀ 20 ਤੋਂ ਜ਼ਿਆਦਾ ਹੋਣ ਅਤੇ ਉਨ੍ਹਾਂ ਦਾ ਮੁੱਲ 5000 ਰੁਪਏ ਤੋਂ ਜ਼ਿਆਦਾ ਹੋਣ 'ਤੇ ਲਏ ਜਾਣਗੇ । ਇਸ ਤੋਂ ਇਲਾਵਾ ਐੱਸ. ਬੀ. ਆਈ. ਬੈਂਕ ਦੇ ਬੇਸਿਕ ਬਚਤ ਖਾਤੇ 'ਚੋਂ ਪੈਸੇ ਕਢਵਾਉਣ ਦੀ ਮੁਫਤ ਲਿਮਟ ਚਾਰ ਰਹਿ ਜਾਵੇਗੀ ਅਤੇ ਇਸ 'ਚ ਏ. ਟੀ. ਐੱਮ. ਟ੍ਰਾਂਜੈਕਸ਼ਨ ਵੀ ਸ਼ਾਮਲ ਹੋਣਗੇ। ਯਾਨੀ ਕਿ ਤੁਸੀਂ ਕੁੱਲ ਮਿਲਾ ਕੇ 4 ਵਾਰ ਹੀ ਮੁਫਤ ਪੈਸੇ ਕਢਵਾ ਸਕੋਗੇ। ਜੇਕਰ ਕੋਈ ਵਿਅਕਤੀ 4 ਤੋਂ ਜ਼ਿਆਦਾ ਵਾਰ (ਬਰਾਂਚ ਅਤੇ ਏ. ਟੀ. ਐੱਮ. ਦੋਵੇਂ ਮਿਲਾ ਕੇ) ਪੈਸੇ ਕਢਵਾਉਂਦਾ ਹੈ ਤਾਂ ਉਸ ਨੂੰ 1 ਜੂਨ ਤੋਂ ਵਾਧੂ ਚਾਰਜ ਦੇਣਾ ਹੋਵੇਗਾ।
ਮੁਫਤ ਲਿਮਟ ਤੋਂ ਬਾਅਦ ਲੱਗੇਗਾ 20 ਰੁਪਏ ਦਾ ਚਾਰਜ!


ਮੁਫਤ ਲਿਮਟ ਤੋਂ ਜ਼ਿਆਦਾ ਵਾਰ ਪੈਸੇ ਕਢਵਾਉਣ 'ਤੇ ਹਰ ਟ੍ਰਾਂਜੈਕਸ਼ਨ 'ਤੇ 20 ਰੁਪਏ ਦੇਣੇ ਹੋਣਗੇ, ਜਿਸ 'ਤੇ ਵੱਖ ਤੋਂ ਸਰਵਿਸ ਟੈਕਸ ਵੀ ਲੱਗੇਗਾ । ਇਹ ਚਾਰਜ ਐੱਸ. ਬੀ. ਆਈ. ਤੋਂ ਇਲਾਵਾ ਕਿਸੇ ਦੂਜੇ ਬੈਂਕ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ 'ਤੇ ਲੱਗੇਗਾ।

ਇਸੇ ਤਰ੍ਹਾਂ ਐੱਸ. ਬੀ. ਆਈ. ਦੇ ਆਪਣੇ ਏ. ਟੀ. ਐੱਮ. 'ਤੇ ਇਹ ਚਾਰਜ 10 ਰੁਪਏ ਲੱਗੇਗਾ, ਜਿਸ 'ਚ ਸਰਵਿਸ ਚਾਰਜ ਅਲੱਗ ਜੁੜੇਗਾ। ਇੰਨਾ ਹੀ ਨਹੀਂ 4 ਵਾਰ ਬਿਨਾਂ ਕਿਸੇ ਚਾਰਜ ਦੇ ਪੈਸੇ ਕਢਵਾਉਣ ਤੋਂ ਬਾਅਦ ਬਰਾਂਚ 'ਚ ਹਰ ਟ੍ਰਾਂਜੈਕਸ਼ਨ 'ਤੇ 50 ਰੁਪਏ ਦਾ ਚਾਰਜ ਦੇਣਾ ਹੋਵੇਗਾ। ਧਿਆਨ ਰਹੇ ਕਿ ਬਿਨਾਂ ਕਿਸੇ ਵਾਧੂ ਚਾਰਜ ਦੇ 4 ਵਾਰ ਹੀ ਮੁਫਤ ਪੈਸੇ ਕਢਵਾਏ ਜਾ ਸਕਣਗੇ, ਜਿਸ 'ਚ ਬਰਾਂਚ ਅਤੇ ਏ. ਟੀ. ਐੱਮ. ਟ੍ਰਾਂਜੈਕਸ਼ਨ ਦੋਵੇਂ ਸ਼ਾਮਲ ਹੋਣਗੇ।
ਕਟੇ-ਫਟੇ ਨੋਟ ਬਦਲਣ 'ਤੇ ਲੱਗੇਗਾ ਚਾਰਜ


ਕਟੇ-ਫਟੇ ਜਾਂ ਖਰਾਬ 20 ਨੋਟ ਜਿਨ੍ਹਾਂ ਦਾ ਮੁੱਲ 5,000 ਰੁਪਏ ਤੋਂ ਜ਼ਿਆਦਾ ਨਹੀਂ ਹੈ, ਉਨ੍ਹਾਂ 'ਤੇ ਕੋਈ ਚਾਰਜ ਨਹੀਂ ਲੱਗੇਗਾ। ਜੇਕਰ ਅਜਿਹੇ ਨੋਟ 20 ਤੋਂ ਜ਼ਿਆਦਾ ਹਨ ਤਾਂ ਉਸ 'ਤੇ 2 ਰੁਪਏ ਪ੍ਰਤੀ ਨੋਟ ਚਾਰਜ ਦੇਣਾ ਹੋਵੇਗਾ, ਜਿਸ 'ਤੇ ਸਰਵਿਸ ਟੈਕਸ ਵੀ ਲੱਗੇਗਾ। ਇਸੇ ਤਰ੍ਹਾਂ ਜੇਕਰ ਬਦਲੇ ਜਾਣ ਵਾਲੇ ਨੋਟਾਂ ਦਾ ਕੁੱਲ ਮੁੱਲ 5,000 ਰੁਪਏ ਤੋਂ ਜ਼ਿਆਦਾ ਹੈ ਤਾਂ ਉਨ੍ਹਾਂ 'ਤੇ 2 ਰੁਪਏ ਪ੍ਰਤੀ ਨੋਟ ਜਾਂ 1000 ਪਿੱਛੇ 5 ਰੁਪਏ ਵਾਧੂ ਦੇਣੇ ਪੈਣਗੇ।
ਇਸ ਦੇ ਇਲਾਵਾ ਬੈਂਕ ਆਮ ਬਚਤ ਖਾਤੇ 'ਤੇ ਮਿਲਣ ਵਾਲੇ ਡੈਬਿਟ ਕਾਰਡ 'ਤੇ ਵੀ ਚਾਰਜ ਲੈਣ ਦੀ ਤਿਆਰ ਕਰ ਰਿਹਾ ਹੈ। ਇਕ ਜੂਨ ਤੋਂ ਬੈਂਕ ਸਿਰਫ ਰੁਪੈ ਡੈਬਿਟ ਕਾਰਡ ਹੀ ਮੁਫਤ ਜਾਰੀ ਕਰੇਗਾ। ਜਦੋਂਕਿ ਮਾਸਟਰ ਅਤੇ ਵੀਜ਼ਾ ਕਾਰਡ ਜਾਰੀ ਕਰਨ 'ਤੇ ਬੈਂਕ ਚਾਰਜ ਲਵੇਗਾ।