ਰਿਜ਼ਰਵ ਬੈਂਕ ਜੂਨ ''ਚ ਹੀ ਵਧਾ ਸਕਦੈ ਵਿਆਜ ਦਰਾਂ : ਰਿਪੋਰਟ

04/26/2018 2:29:07 PM

ਨਵੀਂ ਦਿੱਲੀ— ਡਿਊਸ਼ ਬੈਂਕ ਦੀ ਇਕ ਰਿਪੋਰਟ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਜੂਨ 'ਚ ਆਪਣੀ ਕਰੰਸੀ ਸਮੀਖਿਆ ਬੈਠਕ 'ਚ ਨੀਤੀਗਤ ਵਿਆਜ ਦਰਾਂ 'ਚ 0.25 ਫੀਸਦੀ ਦਾ ਵਾਧਾ ਕਰ ਸਕਦਾ ਹੈ। ਪਿਛਲੇ ਕੁਝ ਮਹੀਨਿਆਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਦੇ ਮੱਦੇਨਜ਼ਰ ਰਿਪੋਰਟ 'ਚ ਇਹ ਅੰਦਾਜ਼ਾ ਪ੍ਰਗਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਬ੍ਰੋਕਰੇਜ ਫਰਮ ਨੇ ਉਮੀਦ ਜਤਾਈ ਸੀ ਕਿ ਕੇਂਦਰੀ ਬੈਂਕ ਇਸ ਸਾਲ ਵਿਆਜ ਦਰਾਂ ਨੂੰ ਬਰਕਰਾਰ ਰੱਖ ਸਕਦਾ ਹੈ ਅਤੇ ਅਗਲੇ ਸਾਲ ਦੀ ਸ਼ੁਰੂਆਤ 'ਚ ਵਿਆਜ ਦਰਾਂ ਵਧਾ ਸਕਦਾ ਹੈ। ਹਾਲਾਂਕਿ ਹੁਣ ਰਿਪੋਰਟ 'ਚ ਉਮੀਦ ਜਤਾਈ ਗਈ ਹੈ ਕਿ ਕੌਮਾਂਤਰੀ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਹੁਣ ਪਹਿਲਾਂ ਹੀ ਨੀਤੀਗਤ ਵਿਆਜ ਦਰਾਂ 'ਚ ਵਾਧਾ ਕਰ ਸਕਦਾ ਹੈ।
ਉਸ ਨੇ ਰਿਪੋਰਟ 'ਚ ਕਿਹਾ ਹੈ, ''ਸਾਨੂੰ ਲੱਗਦਾ ਹੈ ਕਿ ਰਿਜ਼ਰਵ ਬੈਂਕ ਜੂਨ 'ਚ ਹੀ ਰੈਪੋ ਰੇਟ 'ਚ 0.25 ਫੀਸਦੀ ਦਾ ਵਾਧਾ ਕਰ ਸਕਦਾ ਹੈ ਅਤੇ ਇਹ ਵਧ ਕੇ 6.25 ਫੀਸਦੀ 'ਤੇ ਪਹੁੰਚ ਸਕਦੀ ਹੈ। ਇਸ ਨਾਲ ਪਿਛਲੇ ਸਾਲ ਅਗਸਤ 'ਚ ਹੋਈ 0.25 ਫੀਸਦੀ ਦੀ ਕਟੌਤੀ ਖਤਮ ਹੋ ਜਾਵੇਗੀ ਅਤੇ ਇਸ ਦੇ ਬਾਅਦ ਇਕ ਵਾਰ ਹੋਰ 0.25 ਫੀਸਦੀ ਦਾ ਵਾਧਾ ਇਸ ਸਾਲ ਦੇ ਅੰਤ 'ਚ ਜਾਂ ਫਿਰ ਅਗਲੇ ਸਾਲ ਦੀ ਸ਼ੁਰੂਆਤ 'ਚ ਕੀਤਾ ਜਾ ਸਕਦਾ ਹੈ।'' ਬ੍ਰੈਂਟ ਕੱਚੇ ਤੇਲ ਦੇ ਮੁੱਲ ਇਨੀਂ ਦਿਨੀਂ 75 ਡਾਲਰ ਪ੍ਰਤੀ ਬੈਰਲ ਦੇ ਨੇੜੇ-ਤੇੜੇ ਘੁੰਮ ਰਹੇ ਹਨ, ਜੋ ਕਿ ਦਸੰਬਰ 2017 ਦੇ ਮੁਕਾਬਲੇ 12 ਫੀਸਦੀ ਉਪਰ ਹਨ। ਕੱਚੇ ਤੇਲ ਦੇ ਉੱਚੇ ਮੁੱਲ ਭਾਰਤੀ ਅਰਥਵਿਵਸਥਾ ਲਈ ਹਰ ਲਿਹਾਜ ਨਾਲ ਨਾਕਾਰਾਤਮਕ ਹਨ। ਮਹਿੰਗਾਈ ਦੀ ਗੱਲ ਹੋਵੇ ਜਾਂ ਫਿਰ ਵਿੱਤੀ ਘਾਟਾ ਹੋਵੇ, ਚਾਲੂ ਖਾਤੇ ਦੇ ਘਾਟੇ ਦੀ ਗੱਲ ਹੋਵੇ ਜਾਂ ਫਿਰ ਰੁਪਏ ਦੀ ਵਟਾਂਦਰਾ ਦਰ ਦੀ ਗੱਲ ਇਨ੍ਹਾਂ ਸਭ 'ਤੇ ਕੱਚੇ ਤੇਲ ਦੇ ਉੱਚੇ ਮੁੱਲ ਦਾ ਨਾਂ-ਪੱਖੀ ਅਸਰ ਪੈਂਦਾ ਹੈ। ਅਜਿਹੇ 'ਚ ਕੇਂਦਰੀ ਬੈਂਕ ਨੂੰ ਪਹਿਲਾਂ ਤੋਂ ਹੀ ਕਦਮ ਉਠਾਉਣ ਦੀ ਜ਼ਰੂਰਤ ਹੁੰਦੀ ਹੈ।