ਮਹੀਨਾ ਦਰ ਮਹੀਨਾ ਵਧਦੀ ਜਾ ਰਹੀ ਹੈ ਆਟੋਮੋਬਾਇਲ ਸੈਕਟਰ ਦੀ ਮੰਦੀ

08/02/2019 4:19:20 PM

ਨਵੀਂ ਦਿੱਲੀ — ਦੇਸ਼ 'ਚ ਲਗਾਤਾਰ ਵਧ ਰਹੀ ਆਟੋ ਸੈਕਟਰ ਦੀ ਮੰਦੀ ਅਰਥਵਿਵਸਥਾ ਲਈ ਚਿੰਤਾ ਦਾ ਵਿਸ਼ਾ ਹੈ। ਸਾਲ ਦੇ ਬਾਕੀ ਮਹੀਨਿਆਂ ਦੀ ਤਰ੍ਹਾਂ ਜੁਲਾਈ ਦਾ ਮਹੀਨਾ ਵੀ ਇਸ ਸੈਕਟਰ ਲਈ ਰਾਹਤ ਭਰਿਆ ਨਹੀਂ ਰਿਹਾ। ਹਰੇਕ ਤਰ੍ਹਾਂ ਦੇ ਵਾਹਨਾਂ ਦੀ ਵਿਕਰੀ ਡਿੱਗਦੀ ਜਾ ਰਹੀ ਹੈ। ਮੱਧ ਵਰਗ ਛੋਟੀ ਅਤੇ ਐਸ.ਯੂ.ਵੀ. ਕਾਰ ਨਹੀਂ ਖਰੀਦ ਰਿਹਾ ਅਤੇ ਵਪਾਰਕ ਵਾਹਨਾਂ ਨੂੰ ਵੀ ਖਰੀਦਦਾਰ ਨਹੀਂ ਮਿਲ ਰਹੇ। ਪੇਂਡੂ ਗਾਹਕੀ ਵੀ ਘੱਟ ਹੋਣ ਕਾਰਨ ਟਰੈਕਟਰਾਂ ਦੀ ਵਿਕਰੀ ਵੀ ਨਹੀਂ ਨਿਕਲ ਰਹੀ। 

ਵੀਰਵਾਰ ਨੂੰ ਆਟੋਮੋਬਾਇਲ ਕੰਪਨੀਆਂ ਨੇ ਜੁਲਾਈ ਮਹੀਨੇ ਦੀ ਵਿਕਰੀ ਦੇ ਜਿਹੜੇ ਅੰਕੜੇ ਪੇਸ਼ ਕੀਤੇ ਹਨ ਉਨ੍ਹਾਂ ਮੁਤਾਬਕ ਕਾਰ ਬਜ਼ਾਰ ਵਿਚ ਕਰੀਬ 50 ਫੀਸਦੀ ਹਿੱਸੇਦਾਰੀ ਰੱਖਣ ਵਾਲੀ ਮਾਰੂਤੀ ਸੁਜ਼ੂਕੀ ਦੀ ਘਰੇਲੂ ਬਜ਼ਾਰ ਵਿਚ ਵਿਕਰੀ 36 ਫੀਸਦੀ ਘੱਟ ਹੋਈ ਹੈ। ਹੋਂਡਾ ਮੋਟਰਜ਼ ਦੀ ਕਾਰਾਂ ਦੀ ਵਿਕਰੀ 49 ਫੀਸਦੀ ਘੱਟ ਕੇ 10,250 ਯੂਨਿਟ ਰਹਿ ਗਈ। ਹੁੰਡਈ ਮੋਟਰਜ਼ ਦੀ ਵਿਕਰੀ ਵਿਚ 10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਾਫ ਹੈ ਕਿ ਨਵੇਂ ਮਾਡਲ ਵੀ ਵਿਕਰੀ ਵਧਾਉਣ 'ਚ ਨਾਕਾਮਯਾਬ ਰਹੇ ਹਨ। ਅਸ਼ੋਕ ਲੇਲੈਂਡ ਦੀ ਵਿਕਰੀ 28 ਫੀਸਦੀ ਘਟੀ ਹੈ। ਮਹਿੰਦਰਾ ਐਂਡ ਮਹਿੰਦਰਾ ਸਮੂਹ ਦੇ ਅੰਕੜੇ ਦੱਸਦੇ ਹਨ ਕਿ ਵਪਾਰਕ ਵਾਹਨਾਂ ਦੀ ਵਿਕਰੀ 17 ਫੀਸਦੀ ਘੱਟ ਕੇ 15,969 ਯੂਨਿਟ ਰਹਿ ਗਈ ਹੈ। ਕੰਪਨੀ ਦੇ ਪੈਸੰਜਰ ਵਾਹਨਾਂ ਦੀ ਵਿਕਰੀ 15 ਫੀਸਦੀ ਘਟੀ ਹੈ। ਮਾਨਸੂਨ ਦੀ ਸਥਿਤੀ ਬਿਹਤਰ ਹੈ ਅਜਿਹੇ 'ਚ ਸਾਰੀ ਉਮੀਦ ਆਉਣ ਵਾਲੇ ਤਿਉਹਾਰਾਂ 'ਤੇ ਹੀ ਹੈ। 

ਦੋ ਪਹੀਆ ਬਣਾਉਣ ਵਾਲੀ ਕੰਪਨੀਆਂ ਦੀ ਹਾਲਤ ਵੀ ਮਹੀਨਾ ਦਰ ਮਹੀਨਾ ਲਗਾਤਾਰ ਵਿਗੜਦੀ ਜਾ ਰਹੀ ਹੈ। ਬਜਾਜ ਆਟੋ ਨੇ ਵੀਰਵਾਰ ਨੂੰ ਦੱਸਿਆ ਕਿ ਜੁਲਾਈ ਵਿਚ ਉਸਦੀ ਵਿਕਰੀ 'ਚ 5 ਫੀਸਦੀ ਦੀ ਕਮੀ ਆਈ ਹੈ। ਦੋ ਪਹੀਆ ਵਾਹਨ ਦੀ ਕੁੱਲ ਘਰੇਲੂ ਵਿਕਰੀ 13 ਫੀਸਦੀ ਦੀ ਗਿਰਾਵਟ ਨਾਲ 2,05,470 ਯੂਨਿਟ ਰਹਿ ਗਈ ਹੈ। ਹਾਲਾਂਕਿ ਨਿਰਯਾਤ ਵਿਚ 8 ਫੀਸਦੀ ਦਾ ਵਾਧਾ ਹੋਇਆ ਹੈ ਜਿਸ ਕਾਰਨ ਕੁੱਲ ਵਿਕਰੀ ਦੀ ਗਿਰਾਵਟ 5 ਫੀਸਦੀ 'ਤੇ ਹੀ ਸੀਮਤ ਰਹੀ ਹੈ। ਦੇਸ਼  ਦੀ ਇਕ ਹੋਰ ਦੋਪਹੀਆ ਨਿਰਮਾਤਾ ਕੰਪਨੀ ਟੀਸੀਐਸ ਦੀ ਵਿਕਰੀ ਇਸ ਮਹੀਨੇ 13 ਫੀਸਦੀ ਘਟੀ ਹੈ। ਅਜੇ ਤੱਕ ਸਕੂਟਰ ਸੈਕਟਰ 'ਤੇ ਮੰਦੀ ਦੀ ਮਾਰ ਨਹੀਂ ਪਈ ਸੀ ਪਰ ਟੀਸੀਐਸ ਦੇ ਸਕੂਟਰਾਂ ਦੀ ਵਿਕਰੀ ਇਸ ਮਹੀਨੇ 11.59 ਫੀਸਦੀ ਘਟੀ ਹੈ।

ਮਾਰੂਤੀ ਸੁਜ਼ੂਕੀ ਦੀ ਹਾਲਤ ਵੀ ਨਾਜ਼ੁਕ 

ਮਾਰੂਤੀ ਸੁਜ਼ੂਕੀ ਦੀ ਕੁੱਲ ਵਾਹਨ ਵਿਕਰੀ 33.5 ਫੀਸਦੀ ਘੱਟ ਕੇ 1,09,264 ਯੂਨਿਟ ਰਹਿ ਗਈ ਹੈ। ਪਿਛਲੇ ਸਾਲ ਜੁਲਾਈ 'ਚ ਕੁੱਲ ਵਿਕਰੀ 1,64,369 ਯੂਨਿਟ ਸੀ। ਛੋਟੀਆਂ ਕਾਰਾਂ(ਆਲਟੋ, ਵੈਗਨਾਰ) ਦੀ ਵਿਕਰੀ 69 ਫੀਸਦੀ, ਕੰਪੈਕਟ ਕਾਰਾਂ(ਸਵਿੱਫਟ, ਇੰਗਨੀਸ, ਬੋਲੈਰੋ, ਡਿਜ਼ਾਇਰ) ਦੀ ਵਿਕਰੀ 22.7 ਫੀਸਦੀ ਘਟੀ ਹੈ। ਪਰ 38.1 ਫੀਸਦੀ ਦੀ ਗਿਰਾਵਟ ਨਾਲ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਵਿਕਰੀ ਯੂਟਿਲਿਟੀ ਵਾਹਨ(ਵਿਟਾਰਾ, ਬ੍ਰੇਂਜ਼ਾ, ਆਰਟਿਗਾ) ਸੈਗਮੈਂਟ ਦੀ ਰਹੀ। ਇਹ ਵਿਕਰੀ ਹੈਰਾਨ ਕਰਨ ਵਾਲੀ ਇਸ ਕਰਕੇ ਰਹੀ ਕਿਉਂਕਿ ਇਹ ਸੈਗਮੈਂਟ ਸਿਰਫ ਮਾਰੂਤੀ ਲਈ ਨਹੀਂ ਸਗੋਂ ਦੂਜੀਆਂ ਕਾਰ ਕੰਪਨੀਆਂ ਲਈ ਵੀ ਇਕ ਉਮੀਦ ਦੀ ਕਿਰਣ ਦੀ ਤਰ੍ਹਾਂ ਹੀ ਸੀ।