ਬੇਲਗਾਮ ਹੋ ਰਹੀਆਂ ਪਿਆਜ਼ ਦੀਆਂ ਕੀਮਤਾਂ ਨੇ 165 ਰੁਪਏ ਕਿਲੋ ਦਾ ਅੰਕੜਾ ਕੀਤਾ ਪਾਰ

12/07/2019 10:02:50 AM

ਨਵੀਂ ਦਿੱਲੀ — ਪਿਆਜ਼ ਦੇ ਭਾਅ ’ਚ ਨਰਮੀ ਦਾ ਕੋਈ ਸੰਕੇਤ ਨਹੀਂ ਦਿਸ ਰਿਹਾ ਹੈ। ਦਰਾਮਦ ਜ਼ਰੀਏ ਬਾਜ਼ਾਰ ’ਚ ਪਿਆਜ਼ ਦੀ ਸਪਲਾਈ ਵਧਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਗੋਆ ਅਤੇ ਕੁਝ ਖੇਤਰਾਂ ’ਚ ਪਿਆਜ਼ 160-165 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ। ਓਧਰ ਸੰਸਦ ’ਚ ਸਰਕਾਰ ਨੇ ਦੱਸਿਆ ਕਿ ਦਰਾਮਦੀਦ ਪਿਆਜ਼ ਦੀ ਖੇਪ 20 ਜਨਵਰੀ ਤੱਕ ਦੇਸ਼ ’ਚ ਆਉਣੀ ਸ਼ੁਰੂ ਹੋ ਜਾਵੇਗੀ।

ਖਪਤਕਾਰ ਮਾਮਲਿਆਂ ਦੇ ਮੰਤਰਾਲਾ ਵੱਲੋਂ ਰੱਖੇ ਜਾਣ ਵਾਲੇ ਅੰਕੜਿਆਂ ਅਨੁਸਾਰ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ’ਚ ਪਿਆਜ਼ ਦੀ ਪ੍ਰਚੂਨ ਕੀਮਤ ਬਾਜ਼ਾਰਾਂ ’ਚ 100 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਜ਼ਿਆਦਾ ਸੀ, ਜਦੋਂ ਕਿ ਪਿਆਜ਼ ਦੇ ਪ੍ਰਮੁੱਖ ਉਤਪਾਦਕ ਕੇਂਦਰ ਮਹਾਰਾਸ਼ਟਰ ਦੇ ਨਾਸਿਕ ’ਚ ਅੱਜ ਇਸ ਦੀ ਦਰ 75 ਰੁਪਏ ਕਿਲੋ ਸੀ। ਪਣਜੀ (ਗੋਆ) ’ਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ 165 ਰੁਪਏ ਪ੍ਰਤੀ ਕਿਲੋਗ੍ਰਾਮ, ਮਾਇਆਬੰਦਰ (ਅੰਡੇਮਾਨ) ’ਚ 160 ਰੁਪਏ ਕਿਲੋ ਅਤੇ ਕੇਰਲ ਦੇ ਤਿਰੁਵਨੰਤਪੁਰਮ, ਕੋਝੀਕੋਡ, ਤਰਿਸੁਰ ਅਤੇ ਵਾਇਨਾਡ ’ਚ ਇਸ ਦੀ ਕੀਮਤ 150 ਰੁਪਏ ਕਿਲੋ ਸੀ।

ਮੰਤਰਾਲਾ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਜੁਟਾਈ ਗਈ ਸੂਚਨਾ ਦੇ ਅਨੁਸਾਰ ਕੋਲਕਾਤਾ, ਚੇਨਈ, ਕੇਰਲ ਅਤੇ ਤਾਮਿਲਨਾਡੂ ਦੀਆਂ ਕੁਝ ਥਾਵਾਂ ’ਤੇ ਪਿਆਜ਼ ਦਾ ਭਾਅ 140 ਰੁਪਏ ਕਿਲੋ ਸੀ, ਜਦੋਂ ਕਿ ਭੁਵਨੇਸ਼ਵਰ ਅਤੇ ਕਟਕ (ਓਡਿਸ਼ਾ) ’ਚ ਇਸ ਦੀ ਕੀਮਤ 130 ਰੁਪਏ ਕਿਲੋ, ਗੁਰੂਗ੍ਰਾਮ (ਹਰਿਆਣਾ) ਅਤੇ ਮੇਰਠ (ਉੱਤਰ ਪ੍ਰਦੇਸ਼) ’ਚ ਕੀਮਤ 120 ਰੁਪਏ ਕਿਲੋ ਅਤੇ ਦੇਸ਼ ਦੇ ਸਾਰੇ ਸ਼ਹਿਰਾਂ ’ਚ ਕੀਮਤ 100 ਰੁਪਏ ਕਿਲੋ ਰਹੀ।

1.2 ਲੱਖ ਟਨ ਤੱਕ ਪਿਆਜ਼ ਦਰਾਮਦ ਨੂੰ ਮਨਜ਼ੂਰੀ

ਖਪਤਕਾਰ ਮਾਮਲਿਆਂ ਦੇ ਮੰਤਰਾਲਾ ’ਚ ਰਾਜ ਮੰਤਰੀ ਦਾਨਵੇ ਰਾਵਸਾਹੇਬ ਦਾਦਾਰਾਵ ਨੇ ਰਾਜ ਸਭਾ ’ਚ ਪ੍ਰਸ਼ਨਕਾਲ ਦੌਰਾਨ ਕਿਹਾ, ‘‘ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ਪਿਆਜ਼ ਦੀਆਂ ਕੀਮਤਾਂ ਵਧ ਰਹੀਆਂ ਹਨ। ਪਿਆਜ਼ ਦੀ ਕਮੀ ਦਾ ਮੁੱਖ ਕਾਰਣ ਬਾਰਿਸ਼ ਦੀ ਵਜ੍ਹਾ ਨਾਲ ਫਸਲ ਨੂੰ ਹੋਣ ਵਾਲਾ ਨੁਕਸਾਨ ਹੈ। ਦੇਸ਼ ਦੇ ਪ੍ਰਮੁੱਖ ਉਤਪਾਦਕ ਸੂਬੇ ਮਹਾਰਾਸ਼ਟਰ ’ਚ ਪਿਆਜ਼ ਦੀ ਸਾਰੀ ਫਸਲ ਬਰਬਾਦ ਹੋ ਗਈ ਹੈ। ਹਾਲਾਂਕਿ ਸਰਕਾਰ ਨੇ ਆਪਣੇ ਬਫਰ ਸਟਾਕ ਤੋਂ ਪਿਆਜ਼ ਦੀ ਸਪਲਾਈ ਕੀਤੀ ਹੈ ਅਤੇ ਸਰਕਾਰੀ ਵਪਾਰ ਏਜੰਸੀ ਐੱਮ. ਐੱਮ. ਟੀ. ਸੀ. ਨੂੰ ਪਿਆਜ਼ ਦੀ ਦਰਾਮਦ ਕਰਨ ਲਈ ਕਿਹਾ ਹੈ ਜੋ 20 ਜਨਵਰੀ ਤੱਕ ਪਹੁੰਚ ਜਾਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਨੇ ਜਾਰੀ ਮੁੱਲ ਵਾਧੇ ਨੂੰ ਰੋਕਣ ਲਈ 1.2 ਲੱਖ ਟਨ ਤੱਕ ਪਿਆਜ਼ ਦਰਾਮਦ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰੀ ਮਾਲਕੀ ਵਾਲੀ ਐੱਮ. ਐੱਮ. ਟੀ. ਸੀ. ਨੂੰ ਕੌਮਾਂਤਰੀ ਅਤੇ ਦੇਸ਼-ਵਿਸ਼ੇਸ਼ ਵਾਲੇ ਦਰਾਮਦ ਟੈਂਡਰਾਂ ਦੇ ਮਾਧਿਅਮ ਨਾਲ ਇਕ ਲੱਖ ਟਨ ਪਿਆਜ਼ ਦਰਾਮਦ ਕਰਨ ਦਾ ਹੁਕਮ ਦਿੱਤਾ ਗਿਆ ਹੈ।