ਫਿਲਮਾਂ ਤੱਕ ਪੁੱਜਿਆ ਪਨਾਮਾ ਦਾ ਸੰਕਟ, ਸੈਫ ਕਰੀਨਾ ਦੇ ਨਾਮ ਵੀ ਸ਼ਾਮਲ

04/07/2016 7:07:35 AM

ਨਵੀਂ ਦਿੱਲੀ— ਪਨਾਮਾ ਪੇਪਰਜ਼ ਲੀਕ ਦਾ ਸੰਕਟ ਹੁਣ ਆਈ ਪੀ ਐੱਲ ਅਤੇ ਫਿਲਮਾਂ ਤੱਕ ਪੁੱਜ ਗਿਆ ਹੈ। ਇਸ ਲੀਕ ਦੇ ਚੌਥੇ ਖੁਲਾਸੇ ''ਚ ਪਤਾ ਲੱਗਿਆ ਹੈ ਕਿ ਸੈਫ ਅਲੀ ਖਾਨ, ਕਰੀਨਾ ਕਪੂਰ, ਕ੍ਰਿਸ਼ਮਾ ਕਪੂਰ ਅਤੇ ਵੀਡੀਓਕਾਨ ਦੇ ਮਾਲਕ ਵੇਣੂਗੋਪਾਲ ਧੂਤ ਵਰਗੇ ਲੋਕਾਂ ਨੇ ਵੀ ਟੈਕਸ ਹੈਵਨ ਦੇਸ਼ਾਂ ਦੀਆਂ ਕੰਪਨੀਆਂ ''ਚ ਹਿੱਸੇਦਾਰੀ ਖਰੀਦੀ।  ਜਾਣਕਾਰੀ ਮੁਤਾਬਕ, ਮਾਰਚ 2010 ''ਚ ਆਈ ਪੀ ਐੱਲ ਦੀ ਪੁਣੇ ਟੀਮ ਦੀ ਫ੍ਰੈਂਚਾਇਜ਼ ਲਈ ਬੋਲੀ ਲਗਾਉਣ ਵਾਲੇ 10 ਲੋਕਾਂ ਦੇ ਕੰਸੋਰਟੀਅਮ ''ਚ ਸ਼ਾਮਲ ਇਕ ਕੰਪਨੀ ਦੀ ਟੈਕਸ ਹੈਵਨ ਦੇਸ਼ਾਂ ''ਚ ਹਿੱਸੇਦਾਰੀ ਸੀ। ਇਸ ਤੋਂ ਇਲਾਵਾ ਟੈਕਸ ਹੈਵਨ ਦੇਸ਼ਾਂ ''ਚ ਅਦਾਕਾਰ ਕ੍ਰਿਸ਼ਮਾ ਅਤੇ ਕਰੀਨਾ ਕਪੂਰ ਦੀ 4.5 ਫੀਸਦੀ ਅਤੇ ਸੈਫ ਅਲੀ ਖਾਨ ਦੀ 9 ਫੀਸਦੀ ਹਿੱਸੇਦਾਰੀ ਦਾ ਪੱਤਾ ਲੱਗਿਆ ਹੈ।

ਇਸ ਤੋਂ ਪਹਿਲਾਂ ਅਮਿਤਾਭ ਬੱਚਨ, ਡੀ. ਐੱਲ. ਐੱਫ. ਦੇ ਮਾਲਕ ਕੇ. ਪੀ. ਸਿੰਘ ਅਤੇ ਉਸਦੇ ਪਰਿਵਾਰ ਦੇ 9 ਮੈਂਬਰਾਂ ਦੇ ਨਾਮ ਵੀ ਇਸ ਵਿਚ ਦੱਸੇ ਗਏ ਹਨ। ਇਸਦੇ ਨਾਲ ਹੀ 2 ਨੇਤਾਵਾਂ ਦੇ ਨਾਮ ਵੀ ਦੱਸੇ ਗਏ ਹਨ। ਪੱਛਮੀ ਬੰਗਾਲ ਤੋਂ ਸ਼ਿਸ਼ਿਰ ਬਜੋਰਿਆ, ਲੋਕ ਸੱਤਾ ਪਾਰਟੀ ਦੇ ਦਿੱਲੀ ਇਕਾਈ ਦੇ ਸਾਬਕਾ ਮੁਖੀ ਅਨੁਰਾਗ ਕੇਜਰੀਵਾਲ ਦੇ ਨਾਮ ਵੀ ਇਸ ਦਸਤਾਵੇਜ ਵਿਚ ਸ਼ਾਮਲ ਹਨ। 

ਜ਼ਿਕਰਯੋਗ ਹੈ ਕਿ ''ਕੌਮਾਂਤਰੀ ਕੰਸੋਰਟੀਅਮ ਜਾਂਚ ਏਜੰਸੀ'' ਨੇ ਐਤਵਾਰ ਨੂੰ ਪਨਾਮਾ ਕਾਂਡ ਦੇ ਨਾਮ ਨਾਲ ਇਨ੍ਹਾਂ ਲੀਕ ਟੈਕਸ ਦਸਤਾਵੇਜ਼ਾਂ ਨੂੰ ਜਾਰੀ ਕੀਤਾ। ਪਨਾਮਾ ਦੀ ਕਾਨੂੰਨੀ ਫਰਮ ''ਮੋਸੇਕ ਫੋਂਸੇਕਾ'' ਦੇ ਦਸਤਾਵੇਜ਼ ਲੀਕ ਹੋਣ ਨਾਲ ਇਸ ਸਭ ਤੋਂ ਵੱਡੇ ਟੈਕਸ ਲੀਕ ਦਾ ਖੁਲਾਸਾ ਹੋਇਆ ਹੈ। ਲੀਕ ਦਸਤਾਵੇਜਾਂ ਤੋਂ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ, ਯੂਕਰੇਨ ਦੇ ਰਾਸ਼ਟਰਪਤੀ, ਸਾਊਦੀ ਅਰਬ ਦੇ ਕਿੰਗ, ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ, ਲੀਬੀਆ ਦੇ ਸਾਬਕਾ ਨੇਤਾ ਗੱਦਾਫੀ, ਰੂਸੀ ਰਾਸ਼ਟਰਪਤੀ ਵਾਲਦਿਮੀਰ ਪੁਤਿਨ, ਮਿਸਰ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਤੋਂ ਇਲਾਵਾ ਫੁੱਟਬਾਲ ਦੇ ਖਿਡਾਰੀ ਲਿਓਨੇਲ ਨੇ ਕਿਸ ਤਰ੍ਹਾਂ ਆਪਣੀ ਦੌਲਤ ਨੂੰ ਛੁਪਾ ਕੇ ਰੱਖਣ ਵਿਚ ਟੈਕਸ ਹੈਵਨ ਦੀ ਮਦਦ ਲਈ ਹੈ।

ਇਨ੍ਹਾਂ ਦੇ ਨਾਲ-ਨਾਲ ਕਈ ਭਾਰਤੀ ਹਸਤੀਆਂ ਦੇ ਨਾਮ ਵੀ ਇਸ ਵਿਚ ਪੇਸ਼ ਹੋਏ ਹਨ। ਭਾਰਤ ਦੇ 500 ਲੋਕਾਂ ਅਤੇ ਵਪਾਰੀਆਂ ਬਾਰੇ ਇਸ ਦਸਤਾਵੇਜ ਵਿਚ ਜਾਣਕਾਰੀ ਮੌਜੂਦ ਹੈ।

ਇਨ੍ਹਾਂ ਦਸਤਾਵੇਜ਼ਾਂ ਨੂੰ ਦੁਨੀਆਂ ਭਰ ਦੇ 100 ਮੀਡੀਆ ਗਰੁੱਪਾਂ ਦੇ ਪੱਤਰਕਾਰਾਂ ਨੇ ਦੇਖਿਆ ਅਤੇ ਉਨ੍ਹਾਂ ਨੇ ਇਸ ਨੂੰ ਅਜੇ ਤਕ ਇਤਹਾਸ ਦੀ ਸਭ ਤੋਂ ਵੱਡੀ ਜਾਂਚ ਦੱਸਿਆ ਹੈ। ਜਾਂਚ ਵਿਚ 70 ਦੇਸ਼ਾਂ ਦੇ 370 ਰਿਪੋਰਟਰ ਸ਼ਾਮਲ ਹਨ।