ਉਦਯੋਗਿਕ ਉਤਪਾਦਨ ਦੀ ਰਫ਼ਤਾਰ ਸੁਸਤ, ਮਹਿੰਗਾਈ ਦਰ ਵਧੀ

01/13/2022 11:30:41 AM

ਨਵੀਂ ਦਿੱਲੀ - ਆਰਥਿਕਤਾ ਨੂੰ ਦੋਹਰਾ ਝਟਕਾ ਲੱਗਾ ਹੈ। ਇਕ ਪਾਸੇ, ਉਦਯੋਗਿਕ ਉਤਪਾਦਨ ਦੇ ਵਾਧੇ ਦੀ ਰਫਤਾਰ ਲਗਾਤਾਰ ਤੀਜੇ ਮਹੀਨੇ ਸੁਸਤ ਰਹੀ ਅਤੇ ਨਵੰਬਰ 2021 ਵਿਚ ਸਿਰਫ 1.4 ਫੀਸਦੀ ਵਧੀ। ਦੂਜੇ ਪਾਸੇ, ਪ੍ਰਚੂਨ ਮਹਿੰਗਾਈ ਦਸੰਬਰ 2021 ਵਿੱਚ 5.59 ਫੀਸਦੀ ਦੇ ਛੇ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ।

ਵਾਧਾ ਦਰ ਸੁਸਤ

ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ. ਐੱਸ. ਓ.) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਨਵੰਬਰ 'ਚ ਉਦਯੋਗਿਕ ਉਤਪਾਦਨ ਦਾ ਸੂਚਕ ਅੰਕ 1.4 ਫੀਸਦੀ ਵਧਿਆ ਹੈ। ਜ਼ਿਆਦਾਤਰ ਖੇਤਰਾਂ ਜਿਵੇਂ ਕਿ ਨਿਰਮਾਣ, ਬਿਜਲੀ, ਮਾਈਨਿੰਗ, ਪ੍ਰਾਇਮਰੀ ਸਾਮਾਨ ਅਤੇ ਖਪਤਕਾਰ ਟਿਕਾਊ ਵਸਤੂਆਂ ਵਿੱਚ ਵਿਕਾਸ ਦੀ ਰਫ਼ਤਾਰ ਮੱਠੀ ਰਹੀ। ਇਸ ਦਾ ਮੁੱਖ ਕਾਰਨ ਕਮਜ਼ੋਰ ਤੁਲਨਾਤਮਕ ਆਧਾਰ ਦੇ ਪ੍ਰਭਾਵ ਦਾ ਖਾਤਮਾ ਹੈ। ਨਵੰਬਰ 2020 ਵਿੱਚ ਉਦਯੋਗਿਕ ਉਤਪਾਦਨ ਵਿੱਚ 1.6 ਫੀਸਦੀ ਦੀ ਗਿਰਾਵਟ ਆਈ ਹੈ। IIP ਵਾਧਾ ਪਿਛਲੇ ਮਹੀਨੇ ਦੇ 4 ਪ੍ਰਤੀਸ਼ਤ ਦੇ ਅੰਕੜੇ ਨਾਲੋਂ ਘੱਟ ਹੈ, ਪਰ ਇਹ ਨਵੰਬਰ, 2020 ਵਿੱਚ 1.6 ਫੀਸਦੀ ਦੀ ਗਿਰਾਵਟ ਦੇ ਅੰਕੜੇ ਨਾਲੋਂ ਬਿਹਤਰ ਹੈ।

ਮਹਿੰਗਾਈ ਦਰ 5.59 ਫੀਸਦੀ 

ਇਸ ਦੌਰਾਨ, ਪ੍ਰਚੂਨ ਮਹਿੰਗਾਈ ਦਸੰਬਰ 2021 ਵਿੱਚ ਵਧ ਕੇ 5.59 ਪ੍ਰਤੀਸ਼ਤ ਹੋ ਗਈ ਕਿਉਂਕਿ ਅਨਾਜ, ਦੁੱਧ, ਅੰਡੇ ਸਮੇਤ ਖਾਣਾ ਪਕਾਉਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਸਨ। ਇਹ ਰਿਜ਼ਰਵ ਬੈਂਕ ਆਫ ਇੰਡੀਆ ਲਈ 6 ਫੀਸਦੀ ਨਿਰਧਾਰਤ ਉਪਰਲੀ ਸੀਮਾ ਦੇ ਨੇੜੇ ਪਹੁੰਚ ਗਿਆ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਆਧਾਰਿਤ ਪ੍ਰਚੂਨ ਮਹਿੰਗਾਈ ਨਵੰਬਰ, 2021 ਵਿੱਚ 4.91 ਫੀਸਦੀ ਅਤੇ ਦਸੰਬਰ, 2020 ਵਿੱਚ 4.59 ਫੀਸਦੀ ਰਹੀ। ਦਸੰਬਰ 2021 'ਚ ਕੋਰ ਮਹਿੰਗਾਈ 6.2 ਫੀਸਦੀ ਦੇ ਉੱਚੇ ਪੱਧਰ 'ਤੇ ਰਹੀ। ਇਹ ਪਿਛਲੇ ਮਹੀਨੇ ਦੇ ਲਗਭਗ ਬਰਾਬਰ ਹੈ।

ਭੋਜਨ ਦੀਆਂ ਕੀਮਤਾਂ ਵਧਦੀਆਂ 

ਖੁਰਾਕੀ ਵਸਤਾਂ ਵਿੱਚ, ਅਨਾਜ ਅਤੇ ਉਤਪਾਦਾਂ, ਅੰਡੇ, ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ, ਮਸਾਲੇ ਅਤੇ ਤਿਆਰ ਭੋਜਨ, ਸਨੈਕਸ ਅਤੇ ਮਠਿਆਈਆਂ ਦੇ ਸਬੰਧ ਵਿੱਚ ਮਹਿੰਗਾਈ ਪਿਛਲੇ ਮਹੀਨੇ ਦੇ ਮੁਕਾਬਲੇ ਦਸੰਬਰ ਵਿੱਚ ਵੱਧ ਸੀ। ਹਾਲਾਂਕਿ, ਸਬਜ਼ੀਆਂ, ਫਲਾਂ ਅਤੇ ਤੇਲ ਅਤੇ ਚਰਬੀ ਵਿੱਚ ਮਹਿੰਗਾਈ ਦੀ ਰਫ਼ਤਾਰ ਮੱਧਮ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur