ਮੋਬਾਇਲ ਐਸੋਸੀਏਸ਼ਨ ਨੇ ਜਿਓ ਫੋਨ ਦੇ ਆਯਾਤ 'ਤੇ ਖੜ੍ਹੇ ਕੀਤੇ ਸਵਾਲ

07/16/2018 3:21:54 PM

ਨਵੀਂ ਦਿੱਲੀ — ਰਿਲਾਇੰਸ ਜਿਓ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ ਕਿ ਉਹ 4ਜੀ ਜਿਓਫੋਨ ਨੂੰ ਲਿਆਉਣ ਲਈ ਦੂਜੇ ਵਪਾਰਕ ਰੂਟ ਦਾ ਸਹਾਰਾ ਲੈ ਕੇ ਇੰਪੋਰਟ ਡਿਊਟੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਓ ਨੇ ਕਿਹਾ ਹੈ ਕਿ ਉਹ ਸਾਰੇ ਹੈਂਡਸੈੱਟ ਭਾਰਤ ਵਿਚ ਹੀ ਬਣਾ ਰਿਹਾ ਹੈ। 

ਜਿਓ 'ਤੇ ਲਗਾਇਆ ਦੋਸ਼
ਜਿਓ 'ਤੇ ਦ ਮੋਬਾਇਲ ਐਸੋਸੀਏਸ਼ਨ(TMA) ਦੀ ਅਗਵਾਈ 'ਚ ਇੰਡੀਅਨ ਮੋਬਾਇਲ ਹੈਂਡਸੈੱਟ ਕੰਪਨੀਆਂ ਨੇ ਦੋਸ਼ ਲਗਾਇਆ ਹੈ ਕਿ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀ ਜਿਓ ਫੋਨ ਨੂੰ ਭਾਰਤ ਵਿਚ ਨਹੀਂ ਬਣਾ ਰਹੀ। TMA ਦੀ ਮੋਬਾਇਲ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਭੁਪੇਸ਼ ਰਸੀਨ ਨੇ ਈ.ਟੀ. ਨੂੰ ਕਿਹਾ, 'ਜਿਓਫੋਨ ਡਿਵਾਇਸਿਜ਼ ਭਾਰਤ ਵਿਚ ਨਹੀਂ ਬਣਾਏ ਜਾ ਰਹੇ ਹਨ। ਅਸੀਂ ਸਮਝਦੇ ਹਾਂ ਕਿ ਜਿਓਫੋਨ ਡਿਵਾਇਸਿਜ਼ ਚੀਨ ਤੋਂ ਆਯਾਤ ਕੀਤੇ ਜਾ ਰਹੇ ਹਨ। ਟੈਲੀਕਾਮ ਸਰਵਿਸ ਪ੍ਰੋਵਾਈਡਰ(ਜਿਓ) ਹੁਣ ਜ਼ੀਰੋ ਕਸਟਮ ਡਿਊਟੀ ਦੀ ਸਥਿਤੀ ਦਾ ਫਾਇਦਾ ਲੈਣ ਲਈ ਇੰਡੋਨੇਸ਼ੀਆ ਰਾਹੀਂ ਵੱਡੀ ਮਾਤਰਾ ਵਿਚ ਆਯਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ।' 
ਰਸੀਨ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਅਸੈਂਬਲਡ ਡਿਵਾਇਸਿਜ਼ ਨੂੰ ਇਡੋਨੇਸ਼ੀਆ ਦੇ ਜ਼ਰੀਏ ਚੀਨ ਤੋਂ ਆਯਾਤ ਕਰਨ ਕਰਕੇ ਸਰਕਾਰ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਨੂੰ ਨੁਕਸਾਨ ਪਹੁੰਚੇਗਾ, ਜਿਸ ਦੇ ਮੁਤਾਬਕ ਸਥਾਨਕ ਕੰਪਨੀਆਂ ਨੇ ਵੱਡੀ ਮਾਤਰਾ ਵਿਚ ਨਿਵੇਸ਼ ਕੀਤਾ ਹੈ। ਇੰਡੋਨੇਸ਼ੀਆ 10 ਦੇਸ਼ਾਂ ਦੇ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨ ਅਰਥਾਤ 'ਆਸੀਆਨ' ਦਾ ਮੈਂਬਰ ਹੈ। ਭਾਰਤ ਨੇ ਆਸੀਆਨ ਨਾਲ ਮੁਫ਼ਤ ਵਪਾਰ ਸਮਝੌਤਾ ਕੀਤਾ ਹੈ। ਭਾਰਤ, ਚੀਨ ਵਰਗੇ ਦੂਜੇ ਬਾਜ਼ਾਰਾਂ 'ਚ, ਪੂਰੀ ਤਰ੍ਹਾਂ ਨਾਲ ਬਣੇ ਮੋਬਾਇਲ ਫੋਨ ਦੇ ਆਯਾਤ 'ਤੇ 20 ਫੀਸਦੀ ਕਸਟਮ ਡਿਊਟੀ ਲਗਾਉਂਦਾ ਹੈ।
ਦੂਜੇ ਪਾਸੇ ਐਸੋਸੀਏਸ਼ਨ ਨੇ ਕਿਹਾ ਹੈ ਕਿ ਜੇਕਰ ਜਿਓ ਨੂੰ ਬਹੁਤ ਘੱਟ ਕੀਮਤ 'ਤੇ ਫੀਚਰ ਫੋਨ ਵੇਚਣ ਦੀ ਆਗਿਆ ਦਿੱਤੀ ਗਈ ਤਾਂ ਕਾਰਬਨ, ਲਾਵਾ, ਜਿਵੀ ਵਰਗੀਆਂ ਕੰਪਨੀਆਂ ਅਤੇ ਹੋਰ ਦੂਜੇ ਬ੍ਰਾਂਡਸ ਦਾ ਕਾਰੋਬਾਰ ਬੰਦ ਹੋ ਜਾਵੇਗਾ। ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਕਿਹਾ ਹੈ ਕਿ ਆਮਦਨੀ ਦੇ ਇਕ ਵੱਡੇ ਹਿੱਸੇ ਲਈ ਫੀਚਰ ਫੋਨ 'ਤੇ ਨਿਰਭਰ ਇੰਡੀਅਨ ਬ੍ਰਾਂਡਸ ਨੂੰ ਉਤਪਾਦਨ ਅਤੇ ਸੇਲਜ਼ ਸਰਗਰਮੀਆਂ ਪੂਰੀ ਤਰ੍ਹਾਂ ਨਾਲ ਬੰਦ ਕਰਨੀਆਂ ਪੈ ਸਕਦੀਆਂ ਹਨ।