ਜਲੰਧਰ ਸ਼ਹਿਰ ਨੂੰ 'ਪਲਾਸਟਿਕ ਮੁਕਤ' ਬਣਾਉਣ ਲਈ ਇਸ ਸ਼ਖਸ ਨੇ ਲੋਕਾਂ ਨੂੰ ਕੀਤੀ ਇਹ ਖਾਸ ਅਪੀਲ

03/09/2020 7:34:56 PM

ਜਲੰਧਰ — ਸਮਾਜ ਸੇਵਕ ਰਾਕੇਸ਼ ਮਿਨੋਚਾ ਨੇ ਆਪਣੇ ਸ਼ਹਿਰ 'ਚ ਵਧ ਰਹੇ ਕੂੜੇ ਦੇ ਢੇਰ ਤੋਂ ਪਰੇਸ਼ਾਨ ਹੋ ਕੇ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਹਿਰ ਸਾਫ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ਪਲਾਸਟਿਕ ਦੇ ਬਰਤਨਾਂ ਦਾ ਗੰਦ ਹੀ ਗੰਦ ਹੈ। ਘਰੇਲੂ ਸਮਾਗਮਾਂ, ਮੰਦਰਾਂ ਅਤੇ ਗੁਰਦੁਆਰਿਆਂ 'ਚ ਸਮਾਗਮਾਂ ਦੌਰਾਨ  ਜਿੱਥੇ ਵੀ ਪੱਤਲਾਂ ਅਤੇ ਗਲਾਸਾਂ ਦੀ ਜ਼ੂਰਰਤ ਹੁੰਦੀ ਹੈ, ਉਥੇ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਹੋ ਰਹੀ ਹੈ।

ਸਿੰਗਲ ਪਲਾਸਟਿਕ ਦੀ ਹੋਵੇ ਘੱਟੋ-ਘੱਟ ਵਰਤੋਂ

ਉਨ੍ਹਾਂ ਨੇ ਫੇਸਬੁੱਕ 'ਤੇ ਇਕ ਪੇਜ਼ ਲਾਂਚ ਕੀਤਾ ਹੈ 'ਕੁਲੜ ਮੇਂ ਚਾਏ ਪੱਤਲ ਪੇ ਖਾਣਾ' ਜਿਸ ਦਾ ਸਿਰਫ ਇਕ ਹੀ ਮਕਸਦ ਹੈ ਕਿ ਪਲਾਸਟਿਕ ਦੇ ਬਰਤਨਾਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ। ਸਿੰਗਲ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਹੋਵੇ। ਜਿਹੜਾ ਕਿ ਇਕ ਵਾਰ ਵਰਤੋਂ 'ਚ ਆਉਣ ਤੋਂ ਬਾਅਦ ਕੂੜਾ ਬਣ ਜਾਂਦਾ ਹੈ ਅਤੇ ਕਈ ਸਾਲ ਬਾਅਦ ਵੀ ਪੂਰੀ ਤਰ੍ਹਾਂ ਨਸ਼ਟ ਨਹੀਂ ਹੁੰਦਾ। ਇਸ ਦੇ ਨਤੀਜੇ ਵਜੋਂ ਇਹ ਸ਼ਹਿਰ 'ਚ ਗੰਦਗੀ ਦਾ ਕਾਰਨ ਬਣਦਾ ਹੈ।

ਪੱਤਲ ਤੇ ਕੁਲਾੜ ਦੀ ਵਰਤੋਂ ਨੂੰ ਦਿੱਤੀ ਜਾਵੇ ਤਰਜੀਹ

ਉਨ੍ਹਾਂ ਨੇ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੇ ਇਨ੍ਹਾਂ ਬਰਤਨਾਂ ਦੀ ਥਾਂ ਪੱਤਲ ਅਤੇ ਕੁਲੜ ਦੀ ਵਰਤੋਂ ਕੀਤੀ ਜਾਵੇ ਕਿਉਂਕਿ ਪੱਤਲ ਪੱਤਿਆ ਦਾ ਬਣਦਾ ਹੈ ਅਤੇ ਪੱਤੇ ਦਰੱਖਤ ਤੋਂ ਉਤਰਦੇ ਹਨ। ਪੱਤਿਆਂ ਦੇ ਪੱਤਲ ਵਰਤੋਂ ਤੋਂ ਬਾਅਦ ਮਿੱਟੀ 'ਚ ਮਿਲ ਜਾਂਦਾ ਹੈ। ਇਸ ਦੇ ਨਾਲ ਹੀ ਕੁੱਲ੍ਹੜ ਵੀ ਜਲਦੀ ਹੀ ਮਿੱਟੀ 'ਚ ਮਿਲ ਜਾਂਦਾ ਹੈ। ਇਨ੍ਹਾਂ ਚੀਜ਼ਾਂ ਦਾ ਸਾਡੀ ਧਰਤੀ ਅਤੇ ਵਾਤਾਵਰਣ 'ਤੇ ਜ਼ਿਆਦਾ ਨੁਕਸਾਨ ਨਹੀਂ ਹੁੰਦਾ।

ਆਉਣ ਵਾਲੀ ਪੀੜ੍ਹੀ ਨੂੰ ਮਿਲੇ ਸਾਫ ਹਵਾ

ਦਰੱਖਤ, ਪੌਦੇ, ਪੱਤੇ ਅਤੇ ਮਿੱਟੀ ਨੇ ਸਾਡਾ ਸਾਥ ਦੇਣਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ਨਾਲ ਜੁੜਣ ਦੀ ਅਪੀਲ ਕੀਤੀ ਹੈ। ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਫ ਹਵਾ 'ਚ ਸਾਹ ਲਵੇ ਤਾਂ ਇਸ ਮੁਹਿੰਮ ਨੂੰ ਸਾਰੇ ਮਿਲੇ ਕੇ ਅੱਗੇ ਵਧਾਉਣ। ਇਸ ਦੇ ਨਾਲ ਹੀ ਪੰਜਾਬ ਕੇਸਰੀ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਸਮਾਜ ਸੇਵਕ ਰਾਕੇਸ਼ ਮਿਨੋਚਾ ਦੀ ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਇਸ ਮੁਹਿੰਮ 'ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।