ਲੰਬੇ ਸਮੇਂ ਬਾਅਦ ਸਟਾਕ ਮਾਰਕੀਟ ’ਚ ਸੂਚੀਬੱਧ ਹੋਵੇਗੀ ਜਲੰਧਰ ਦੀ ਕੰਪਨੀ 7 ਫਰਵਰੀ ਨੂੰ ਖੁੱਲ੍ਹੇਗਾ IPO

02/02/2024 9:04:05 PM

ਜਲੰਧਰ, (ਭਾਸ਼ਾ)– ਜਲੰਧਰ ਦੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਦਾ ਆਈ. ਪੀ. ਓ. 7 ਫਰਵਰੀ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹੇਗਾ ਅਤੇ 9 ਫਰਵਰੀ ਨੂੰ ਬੰਦ ਹੋਵੇਗਾ। ਅਜਿਹਾ ਲੰਬੇ ਸਮੇਂ ਬਾਅਦ ਹੋ ਰਿਹਾ ਹੈ ਕਿ ਜਲੰਧਰ ਦੀ ਕੋਈ ਕੰਪਨੀ ਸ਼ੇਅਰ ਮਾਰਕੀਟ ’ਚ ਲਿਸਟ ਹੋਣ ਜਾ ਰਹੀ ਹੈ। ਬੈਂਕ ਦੇ ਪ੍ਰਮੋਟਰਸ ਸਰਬਜੀਤ ਸਿੰਘ ਸਮਰਾ, ਅਮਰਜੀਤ ਸਿੰਘ ਸਮਰਾ, ਨਵਨੀਤ ਕੌਰ ਸਮਰਾ, ਸੁਰਿੰਦਰ ਕੌਰ ਸਮਰਾ ਅਤੇ ਦਿਨੇਸ਼ ਗੁਪਤਾ ਹਨ। ਬੈਂਕ ਵਲੋਂ ਆਈ. ਪੀ. ਓ. ਦਾ ਪ੍ਰਾਈਸ ਬੈਂਕ 445 ਤੋਂ ਲੈ ਕੇ 468 ਰੁਪਏ ਪ੍ਰਤੀ ਸ਼ੇਅਰ ਰੱਖਿਆ ਗਿਆ ਹੈ, ਹਾਲਾਂਕਿ ਇਸ ਦੀ ਫੇਸ ਵੈਲਿਊ 10 ਰੁਪਏ ਰਹੇਗੀ। ਨਿਵੇਸ਼ਕ ਘੱਟ ਤੋਂ ਘੱਟ 32 ਸ਼ੇਅਰਾਂ ਲਈ ਅਰਜ਼ੀ ਦਾਖਲ ਕਰ ਸਕਦੇ ਹਨ। ਬੈਂਕ ਦਾ ਇਸ ਆਈ. ਪੀ. ਓ. ਰਾਹੀਂ 523.07 ਕਰੋੜ ਰੁਪਏ ਜੁਟਾਉਣ ਦਾ ਇਰਾਦਾ ਹੈ।

ਇਸ ਆਈ. ਪੀ. ਓ. ਰਾਹੀਂ ਬੈਂਕ 0.96 ਕਰੋੜ ਫਰੈੱਸ਼ ਸ਼ੇਅਰ ਇਸ਼ੂ ਕਰੇਗਾ ਅਤੇ ਇਸ ਦੇ ਬਦਲੇ ਵਿਚ 450 ਕਰੋੜ ਰੁਪਏ ਜੁਟਾਏ ਜਾਣਗੇ ਜਦ ਕਿ ਕੰਪਨੀ ਵਲੋਂ 16 ਲੱਖ ਸ਼ੇਅਰਾਂ ਦਾ ਆਫਰ ਦਿੱਤਾ ਜਾ ਰਿਹਾ ਹੈ, ਜਿਸ ਦੇ ਬਦਲੇ 73.07 ਕਰੋੜ ਰੁਪਏ ਜੁਟਾਏ ਜਾਣਗੇ। ਬੈਂਕ ਵਲੋਂ ਆਈ. ਪੀ. ਓ. ਆਪਣੇ ਵਿਸਥਾਰ ਲਈ ਰਕਮ ਜੁਟਾਉਣ ਲਈ ਕੀਤਾ ਜਾ ਿਰਹਾ ਹੈ। ਬੈਂਕ ਦਾ ਲੋਨ ਪੋਰਟਫੋਲੀਓ ਅਤੇ ਅਸੈਟ ਬੇਸ ਲਗਾਤਾਰ ਵਧ ਰਿਹਾ ਹੈ। ਬੈਂਕ ਦੇ ਹੋ ਰਹੇ ਵਿਸਤਾਰ ਲਈ ਹੀ ਬੈਂਕ ਨੂੰ ਹੁਣ ਪੈਸਿਆਂ ਦੀ ਲੋੜ ਹੈ ਅਤੇ ਬੈਂਕ ਇਸੇ ਲੋੜ ਨੂੰ ਪੂਰਾ ਕਰਨ ਲਈ ਕੈਪੀਟਲ ਮਾਰਕੀਟ ’ਚ ਉਤਰ ਰਿਹਾ ਹੈ।

ਜਲੰਧਰ ਦਾ ਇਹ ਬੈਂਕ ਪਹਿਲਾ ਨਾਨ ਐੱਨ. ਬੀ. ਐੱਫ. ਸੀ. ਮਾਈਕ੍ਰੋ ਫਾਈਨਾਂਸ ਕੰਪਨੀ ਹੈ, ਜਿਸ ਨੂੰ 2015 ਵਿਚ ਸਮਾਲ ਫਾਈਨਾਂਸ ਬੈਂਕ ਦਾ ਲਾਈਸੈਂਸ ਮਿਲਿਆ ਸੀ। ਇਸ ਬੈਂਕ ਦੀ ਪੰਜਾਬ ਦੇ ਗ੍ਰਾਮੀਣ ਅਤੇ ਛੋਟੇ ਕਸਬਿਆਂ ’ਚ ਚੰਗੀ ਪਕੜ ਹੈ ਪਰ ਹੁਣ ਹੌਲੀ-ਹੌਲੀ ਬੈਂਕ ਨੇ ਸ਼ਹਿਰੀ ਖੇਤਰਾਂ ਵਿਚ ਵਿਸਥਾਰ ਕੀਤਾ ਹੈ ਅਤੇ ਬੈਂਕ ਨਾਲ ਵੱਡੀ ਗਿਣਤੀ ਵਿਚ ਐੱਨ. ਆਰ. ਆਈ. ਗਾਹਕ ਜੁੜੇ ਹੋਏ ਹਨ। ਆਈ. ਪੀ. ਓ. ਲਈ ਅਰਜ਼ੀ ਦਾਖਲ ਕਰਨ ਵਾਲੇ ਨਿਵੇਸ਼ਕਾਂ ਨੂੰ 12 ਫਰਵਰੀ ਤੱਕ ਸ਼ੇਅਰਾਂ ਦੀ ਅਲਾਟਮੈਂਟ ਹੋਵੇਗੀ ਅਤੇ 14 ਫਰਵਰੀ ਨੂੰ ਇਹ ਆਈ. ਪੀ. ਓ. ਸਟਾਕ ਮਾਰਕੀਟ ’ਚ ਲਿਸਟ ਹੋਵੇਗਾ। ਕੈਪੀਟਲ ਸਮਾਲ ਫਾਈਨਾਂਸ ਬੈਂਕ ਦਾ ਵਿੱਤੀ ਸਾਲ 2022-23 ਦਾ ਮਾਲੀਆ 14.72 ਫੀਸਦੀ ਦੀ ਦਰ ਨਾਲ ਵਧਿਆ ਹੈ ਅਤੇ ਇਸੇ ਮਿਆਦ ਵਿਚ ਬੈਂਕ ਦਾ ਮੁਨਾਫਾ (ਟੈਕਸ ਤੋਂ ਬਾਅਦ ਮੁਨਾਫਾ) 49.59 ਫੀਸਦੀ ਹੋ ਗਿਆ ਹੈ।

Rakesh

This news is Content Editor Rakesh