ਉਦਯੋਗ ਜਗਤ ਨੇ ਪਹਿਲੀ ਛਿਮਾਹੀ 'ਚ 19 IPO ਤੋਂ ਜੁਟਾਏ 26,000 ਕਰੋੜ

07/18/2018 8:59:55 AM

ਨਵੀਂ ਦਿੱਲੀ—ਦੇਸ਼ ਦੇ ਉਦਯੋਗ ਜਗਤ ਨੇ ਇਸ ਸਾਲ ਜਨਵਰੀ ਤੋਂ ਜੂਨ ਦੀ ਪਹਿਲੀ ਛਿਮਾਹੀ ਦੇ ਦੌਰਾਨ ਪੂੰਜੀ ਬਾਜ਼ਾਰ 'ਚੋਂ 19 ਆਈ.ਪੀ.ਓ. ਦੇ ਰਾਹੀਂ 380 ਕਰੋੜ ਡਾਲਰ (ਕਰੀਬ 26,000 ਕਰੋੜ ਰੁਪਏ) ਜੁਟਾਏ ਹਨ। ਗ੍ਰਾਂਟ ਥਾਰਨਟਨ ਮੁਤਾਬਕ ਆਈ.ਪੀ.ਓ. ਦੇ ਖੇਤਰ 'ਚ ਗਤੀਵਿਧੀਆਂ ਵਧ ਰਹੀਆਂ ਹਨ। ਆਈ.ਪੀ.ਓ. 'ਚ ਨਿਵੇਸ਼ ਨੂੰ ਲੈ ਕੇ ਮਾਹੌਲ ਵਧੀਆ ਹੋਇਆ ਹੈ। ਅਨੇਕ ਕੰਪਨੀਆਂ ਪੂੰਜੀ ਬਾਜ਼ਾਰ 'ਚ ਆਈ.ਪੀ.ਓ. ਨੂੰ ਲੈ ਕੇ ਪੂੰਜੀ ਜੁਟਾਉਣ 'ਤੇ ਧਿਆਨ ਦੇ ਰਹੀਆਂ ਹਨ। ਇਸ ਕੈਲੰਡਰ ਸਾਲ 'ਚ ਵੱਖ-ਵੱਖ ਕੰਪਨੀਆਂ 19 ਆਈ.ਪੀ.ਓ. ਨੂੰ ਲੈ ਕੇ ਪੂੰਜੀ ਬਾਜ਼ਾਰ 'ਚ ਉਤਰੀਆਂ ਜਿਸ ਦੇ ਰਾਹੀਂ 380 ਕਰੋੜ ਡਾਲਰ ਜੁਟਾਏ ਗਏ ਹਨ।
ਇਕ ਸਾਲ ਪਹਿਲਾਂ ਇਸ ਸਮੇਂ ਦੇ ਮੁਕਾਬਲੇ ਇਨ੍ਹਾਂ ਆਈ.ਪੀ.ਓ. ਦਾ ਮੁੱਲ ਆਕਾਰ ਤਿੰਨ ਗੁਣਾ ਤੋਂ ਜ਼ਿਆਦਾ ਵਧਿਆ। ਪਿਛਲੇ ਸਮੇਂ 'ਚ ਸਭ ਤੋਂ ਵੱਡਾ ਆਈ.ਪੀ.ਓ. ਬੰਧਨ ਬੈਂਕ ਦਾ ਆਇਆ। ਨਿੱਜੀ ਖੇਤਰ ਦੇ ਬੰਧਨ ਬੈਂਕ ਨੇ ਪੂੰਜੀ ਬਾਜ਼ਾਰ ਤੋਂ 69.90 ਕਰੋੜ ਡਾਲਰ ਜੁਟਾਏ। ਇਸ ਤੋਂ ਬਾਅਦ ਹਿੰਦੂਸਤਾਨ ਏਅਰੋਨੋਟਿਕਸ ਦਾ 66.10 ਕਰੋੜ ਡਾਲਰ ਅਤੇ ਆਈ.ਸੀ.ਆਈ.ਸੀ.ਆਈ. ਸਕਿਓਰਟੀਜ਼ ਦਾ 61.80 ਕਰੋੜ ਡਾਲਰ ਦਾ ਆਈ.ਪੀ.ਓ. ਪੂੰਜੀ ਬਾਜ਼ਾਰ 'ਚ ਉਤਰਿਆ।

ਸਾਲ ਦੀ ਪਹਿਲੀ ਛਿਮਾਹੀ 'ਚ ਸਭ ਤੋਂ ਜ਼ਿਆਦਾ ਆਈ.ਪੀ.ਓ. ਨਿਰਮਾਣ ਖੇਤਰ ਤੋਂ ਆਏ। ਇਸ ਖੇਤਰ ਤੋਂ ਸੱਤ ਕੰਪਨੀਆਂ ਨੇ 60 ਕਰੋੜ ਡਾਲਰ ਜੁਟਾਏ। ਇਸ ਤੋਂ ਬਾਅਦ ਬੈਂਕਿੰਗ ਖੇਤਰ ਦਾ ਸਥਾਨ ਰਿਹਾ ਜਿਸ 'ਚ 160 ਕਰੋੜ ਡਾਲਰ ਦੀ ਪੂੰਜੀ ਬਾਜ਼ਾਰ ਤੋਂ ਜੁਟਾਈ। ਰਿਪੋਰਟ ਮੁਤਾਬਕ ਛੇ ਮਹੀਨੇ ਦੇ ਸਮੇਂ 'ਚ 25 ਭਾਰਤੀ ਕੰਪਨੀਆਂ ਨੇ ਸੰਸਥਾਗਤ ਨਿਵੇਸ਼ਕਾਂ ਨੂੰ ਆਈ.ਪੀ.ਓ. ਜਾਰੀ ਕਰਕੇ 200 ਕਰੋੜ ਡਾਲਰ ਜੁਟਾਏ। ਹਾਲਾਂਕਿ ਇਸ ਵਰਗ 'ਚ ਇਹ ਜਨਵਰੀ-ਜੂਨ 2017 ਦੇ ਮੁਕਾਬਲੇ 23 ਫੀਸਦੀ ਘਟ ਰਿਹਾ ਹੈ। ਵੱਖ-ਵੱਖ ਖੇਤਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੈਂਕਿੰਗ ਅਤੇ ਦੂਰਸੰਚਾਰ ਖੇਤਰ ਦੀਆਂ ਕੰਪਨੀਆਂ ਨੇ ਇਸ ਦੌਰਾਨ ਕੁੱਲ ਮਿਲਾ ਕੇ 60 ਫੀਸਦੀ ਪੂੰਜੀ ਜੁਟਾਈ।